ਇੱਜਤਾਂ ਨੂੰ ਹੱਥ  ( ਕਹਾਣੀ )

ਸ਼ਰਾਬ ਨਾਲ ਟੁੰਨ ਜੈਲਾ ਬੂਹਾ ਖੜਕਾਉਂਦਾ ਹੈ। ਜੀਤੋ ਸਿਰ ਚੁੰਨੀ ਲਾ ਖੜ੍ਹੀ ਹੁੰਦੀ ਹੈ,’ ਹਾਏ! ਰੱਬਾ,ਅੱਜ ਫੇਰ ਸ਼ਰਾਬ ਪੀ ਕੇ ਆ ਗਏ। ਅੱਜ ਪਤਾ ਨਹੀਂ ਕੀ ਕੀ ਤਮਾਸ਼ਾ ਕਰਨਗੇ।’ ਜੀਤੋ ਜਿਉਂ ਹੀ ਬੂਹਾ ਖੋਲ੍ਹਦੀ ਹੈ ਤਾਂ ਜੈਲਾ ਕੱਲਾ ਨਹੀਂ ਹੁੰਦਾ। ਜੈਲੇ ਦੇ ਨਾਲ ਉਸਦਾ ਦੋਸਤ ਵੀ ਆਇਆ ਹੁੰਦਾ ਹੈ। ਜੈਲਾ ਆਪਣੀ ਤੀਵੀਂ ਨੂੰ ਆਖਦਾ ਹੈ,’  ਬੂਹਾ ਖੋਲ੍ਹਣ ਵਿੱਚ ਇਹਨੀਂ ਦੇਰੀ ਕਿਉਂ…? ਅੱਜ ਮੇਰਾ ਦੋਸਤ ਆਇਆ ਹੈ। ਅੱਜ ਘਰ ਹੀ ਰੁਕੇਗਾ।’ ਦੋਸਤ ਦੇ ਹੱਥ ਇੱਕ ਥੈਲਾ ਸੀ ਜਿਸ ਵਿੱਚ ਸ਼ਰਾਬ ਦੀਆਂ ਬੋਤਲਾਂ ਨਜ਼ਰ ਆਉਂਦੀਆਂ ਸੀ। ਜੀਤੋ ਚੁੱਪ ਚਾਪ ਆਪਣੇ ਕਮਰੇ ਵੱਲ ਚਲੀ ਜਾਂਦੀ ਹੈ। ਜੀਤੋ ਘਬਰਾ ਜਾਂਦੀ ਹੈ ਤੇ ਆਪਣੇ ਮਨ ਨੂੰ ਕਹਿੰਦੀ ਹੈ,’ ਪਤਾ ਨਹੀਂ ਰੱਬਾਂ! ਤੂੰ ਮੇਰੀ ਕਦੋਂ ਸੁਣੇਗਾ..ਇਹਨਾਂ ਨੇ ਸ਼ਰਾਬ ਪੀਣਾ ਬੰਦ ਕਰਨਾ ਹੀ ਨਹੀਂ।’ ਜੀਤੋ ਆਪਣੇ ਆਪ ਨੂੰ ਹੀ ਕੋਸੀ ਜਾਂਦੀ ਹੈ।
            ਇੱਕ ਆਵਾਜ਼ ਅਚਾਨਕ ਆਉਂਦੀ ਹੈ,’ ਕਿੱਥੇ ਮਰਗੀ ਐ…ਜੀਤੋ! ਓ ਜੀਤੋ…ਕਿੱਥੇ ਆ? ਜੀਤੋ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹ ਬਾਹਰ ਬਰੇਂਡੇ ਵਿੱਚ ਆਉਂਦੀ ਹੈ ਤੇ ਚੁੱਪ ਹੋ ਆਖਦੀ ਹੈ,’ ਹਾਂਜੀ,ਬੋਲੋ? ਕੀ ਕੰਮ ਐ।’ ਜੈਲਾ ਗੁੱਸੇ ਵਿੱਚ ਹੋ,’ ਤੈਨੂੰ ਪਤਾ ਨਹੀਂ! ਘਰ ਮਹਿਮਾਨ ਆਏ ਆ। ਜਾ…ਜਾ ਕੇ ਰੋਟੀ ਪਾ ਕੇ ਲਿਆ। ਜਲਦੀ ਜਾ…ਹੁਣ!’ ਜੈਲੇ ਨੇ ਜਿਹੜੀ ਸ਼ਰਾਬ ਪੀਤੀ ਸੀ ਉਦੋਂ ਇਹਨੀਂ ਚੜ੍ਹੀ ਨਹੀਂ ਸੀ ਜਿਸ ਕਰਕੇ ਜੈਲਾ ਹੋਸ਼ ਵਿੱਚ ਰਹਿ ਕੇ ਬੋਲ ਰਿਹਾ ਸੀ। ਜੀਤੋ ਚੁੱਪ ਚੁੱਪ…ਹਾਂਜੀ! ਦਾ ਜਵਾਬ ਦੇ ਚਲੀ ਗਈ। ਰਸੋਈ ਵਿੱਚ ਜਾ ਕੇ ਜੀਤੋ ਦੋ ਥਾਲੀ ਲਗਾਉਦੀਂ ਹੈ। ਜੀਤੋ ਜੈਲੇ ਨੂੰ ਤੇ ਉਸਦੇ ਦੋਸਤ ਨੂੰ ਥਾਲੀ ਲਗਾ ਕੇ ਦਿੰਦੀ ਹੈ।
            ਜਿਉਂ ਹੀ ਦੂਜੀ ਥਾਲੀ ਜੈਤੋ ਦੇ ਦੋਸਤ ਵੱਲ ਹੁੰਦੀ ਹੈ ਅਚਾਨਕ ਹੀ ਜੈਲੇ ਦਾ ਦੋਸਤ ਜੀਤੋ ਨੂੰ ਗੰਦੀ ਨਜ਼ਰਾਂ ਨਾਲ ਦੇਖਦਾ ਹੈ। ਜੀਤੋ ਆਪਣੇ ਆਪ ਵਿੱਚ ਡਰ ਮਹਿਸੂਸ ਕਰ ਰਹੀ ਹੁੰਦੀ ਹੈ। ਜੀਤੋ ਨੂੰ ਸ਼ੱਕ ਸੀ ਪਰ ਜੀਤੋ ਖ਼ਾਮੋਸ਼ ਰਹੀ। ਜੈਲੇ ਨੂੰ ਇਹ ਸਭ ਨਹੀਂ ਦੀਖਿਆ। ਜੀਤੋ ਖਾਣਾ ਪਰੋਸ ਕੇ ਫਿਰ ਰਸੋਈ ਵੱਲ ਚਲੀ ਜਾਂਦੀ ਹੈ। ਦੋ ਗਿਲਾਸ ਪਾਣੀ ਦੇ ਲਿਆ ਕੇ ਰੱਖ ਦਿੰਦੀ ਹੈ। ਇੱਕ ਵਾਰ ਫਿਰ ਉਸਦੇ ਦੋਸਤ ਨੇ ਉਸਨੂੰ ਬੁਰੀ ਨਜ਼ਰਾਂ ਨਾਲ ਤੱਕਿਆ। ਜੀਤੋ ਚੁੱਪ ਚੁੱਪ ਕਮਰੇ ਵੱਲ ਚਲੀ ਜਾਂਦੀ ਹੈ। ਥੋੜ੍ਹੀ ਦੇਰ ਬਾਅਦ,’ ਜੀਤੋ! ਥਾਲੀ ਚੱਕ ਲਾ ਆ ਕੇ..! ‘ ਜੀਤੋ ਫਿਰ ਕਮਰੇ ‘ ਚੋਂ ਬਾਹਰ ਆਉਂਦੀ ਹੈ। ਜੈਲੇ ਦਾ ਦੋਸਤ ਆਖਦਾ ਹੈ,’ ਭਾਬੀ ਜੀ! ਖਾਣਾ ਬਹੁਤ ਸੁਆਦ ਸੀ। ਤੁਹਾਡੇ ਹੱਥਾਂ ਵਿੱਚ ਤਾਂ ਜਾਦੂ ਹੈ।’ ਜੈਲਾ ਮਗਰੋਂ ਹੀ ਤਾਰੀਫ਼ ਦੇ ਬੋਲ ਸੁਣ ਬੋਲ ਪੈਂਦਾ ਹੈ,’ ਇਹ ਤਾਂ ਕੁਝ ਵੀ ਨਹੀਂ..ਜੀਤੋ ਬਹੁਤ ਤਰ੍ਹਾਂ ਦਾ ਖਾਣਾ ਵਧੀਆ ਬਣਾ ਲੈਂਦੀ ਆ।’ ਜੀਤੋ ਤਾਰੀਫ਼ ਦੇ ਬੋਲ ਸੁਣ ਕੇ ਫਿਰ ਚੁੱਪ ਚਾਪ ਰਸੋਈ ਚਲੀ ਜਾਂਦੀ ਆ।
            ਜੀਤੋ ਭਾਂਡੇ ਮਾਂਝ ਰਹੀ ਹੁੰਦੀ ਹੈ। ਜੈਲੇ ਦਾ ਦੋਸਤ ਉੱਠ ਕੇ ਰਸੋਈ ਵੱਲ ਆ ਜਾਂਦਾ ਹੈ,’ ਭਾਬੀ ਜੀ! ਦੋ ਕੱਚ ਦੇ ਗਿਲਾਸ ਤੇ ਇੱਕ ਪਲੇਟ ਦੇ ਦਿਓ।’ ਜੀਤੋ ਅਚਾਨਕ ਘਬਰਾਅ ਜਾਂਦੀ ਹੈ। ਦੇਖਦੀ ਹੈ ਕਿ ਕਿਵੇਂ ਅਚਾਨਕ ਜੈਲੇ ਦਾ ਦੋਸਤ ਉੱਠ ਕੇ ਰਸੋਈ ਵਿੱਚ ਆ ਗਿਆ ਤੇ ਜੈਲਾ ਕੁਝ ਬੋਲਿਆ ਵੀ ਨਹੀਂ। ਜੀਤੋ ਦੋ ਗਿਲਾਸ ਤੇ ਪਲੇਟ ਫੜਾਉਂਦੀ ਹੈ। ਜਿਉਂ ਹੀ ਗਿਲਾਸ ਤੇ ਪਲੇਟ ਜੈਲੇ ਦਾ ਦੋਸਤ ਫੜ੍ਹਦਾ ਹੈ ਤਾਂ ਉਸਦਾ ਹੱਥ ਜੀਤੋ ਦੇ ਮੁਲਾਇਮ ਹੱਥਾਂ ਨੂੰ ਛੂੰਹ ਜਾਂਦਾ ਹੈ ਤੇ ਜੀਤੋ ਅਚਾਨਕ ਹੱਥ ਪਿੱਛੇ ਕਰ ਲੈਂਦੀ ਹੈ। ਜੈਲੇ ਦਾ ਦੋਸਤ ਚਾਲਾਕ ਨਜ਼ਰ ਆ ਰਿਹਾ ਸੀ ਉਸਦੇ ਮਨ ਕੋਈ ਖਿੱਚੜੀ ਜਰੂਰ ਪੱਕ ਰਹੀ ਸੀ। ਜੀਤੋ ਦਾ ਡਰ ਹੋਰ ਵਧੇਰੇ ਵੱਧ ਰਿਹਾ ਸੀ। ਜੀਤੋ ਹੁਣ ਕਰੇ ਵੀ ਤਾਂ ਕੀ ਕਰੇ। ਜੀਤੋ ਦਾ ਕੋਈ ਕਸੂਰ ਨਹੀਂ ਸੀ,ਸਾਰਾ ਕਸੂਰ ਤਾਂ ਜੈਲੇ ਦਾ ਹੈ ਜੋ ਬਿਨਾਂ ਕੁਝ ਦੱਸੇ ਦੋਸਤ ਨੂੰ ਘਰ ਵਿੱਚ ਲੈ ਆਇਆ।
            ਜੈਲਾ ਆਪਣੇ ਦੋਸਤ ਨੂੰ ਸਵਾਲ ਕਰਦਾ ਹੋਇਆ,’ ਕਿੱਥੇ ਰਹਿ ਗਿਆ ਸੀ ਬਾਈ! ਮੈ ਤੇ ਸ਼ਰਾਬ ਤੈਨੂੰ ਡਿਕੀ ਜਾਣੇ ਆ।’ ਜੈਲੇ ਦਾ ਦੋਸਤ ਆਖਦਾ ਹੈ,’ ਗਿਲਾਸ ਲੈਣ ਗਿਆ ਸੀ। ਚੱਲ ਆਜਾ..ਲਾਈਏ ਦੋ ਦੋ ਘੁੱਟ।’ ਜੈਲਾ ਤਾਂ ਸ਼ੁਰੂ ਤੋਂ ਹੀ ਸ਼ਰਾਬੀ ਸੀ ਬਸ ਉਸਨੂੰ ਸ਼ਰਾਬ ਦੀ ਮਹਿਕ ਆਉਣੀ ਚਾਹੀਦੀ ਹੈ ਫਿਰ ਉਸਨੂੰ ਦੁਨੀਆ ਨਹੀਂ ਦਿਖਦੀ। ਰਾਤ ਦੇ ਬਾਰਾਂ ਵੱਜ ਰਹੇ ਸੀ। ਜੀਤੋ ਆਪਣੇ ਕਮਰੇ ਨੂੰ ਕੁੰਡੀ ਲਗਾ ਕੇ ਪਹਿ ਜਾਂਦੀ ਹੈ। ਜੀਤੋ ਆਪਣੇ ਆਪ ਨੂੰ ਅੱਜ ਕੱਲੀ ਮਹਿਸੂਸ ਕਰ ਰਹੀ ਸੀ,ਦੂਜੇ ਪਾਸੇ ਜੈਲੇ ਦਾ ਦੋਸਤ ਜੈਲੇ ਨੂੰ ਖੂਬ ਸ਼ਰਾਬ ਪੀਲਾ ਰਿਹਾ ਸੀ। ਜੈਲਾ ਤੇ ਉਸਦਾ ਦੋਸਤ ਝੁੰਮੀ ਜਾ ਰਹੇ ਸੀ ਤੇ ਲਲਕਾਰੇ ਮਾਰੀ ਜਾਂਦੇ ਪਏ ਸੀ। ਉਹਨਾਂ ਦੀਆਂ ਆਵਾਜ਼ਾਂ ਜੀਤੋ ਦੇ ਕੰਨੀ ਜਿਉਂ ਪੈਂਦੀਆਂ ਜੀਤੋ ਡਰ ਜਾਂਦੀ ਤੇ ਚਾਦਰ ਓੜ ਕੇ ਅੱਖਾਂ ਬੰਦ ਕਰ ਲੈਂਦੀ।
           ਜੈਲਾ ਤਿੰਨ ਚਾਰ ਪੈਗ ਲੱਗ ਜਾਣ ਮਗਰੋਂ ਡਿੱਗ ਪੈਂਦਾ ਹੈ ਤੇ ਹੋਸ਼ ਵਿੱਚ ਨਹੀਂ ਹੁੰਦਾ ਤੇ ਜੈਲੇ ਦਾ ਦੋਸਤ ਘੱਟ ਸ਼ਰਾਬ ਪੀਂਦਾ ਹੈ ਤੇ ਉਹ ਹੋਸ਼ ਵਿੱਚ ਹੁੰਦਾ ਹੈ। ਜੈਲੇ ਦਾ ਦੋਸਤ ਜੀਤੋ ਨੂੰ ਆਵਾਜ਼ਾਂ ਮਾਰ ਬਲਾਉਂਦਾ ਹੈ,’ ਭਾਬੀ ਜੀ! ਜੈਲੇ ਨੂੰ ਪਾਉਣਾ ਕਿੱਥੇ ਆ। ਉਹ ਹੋਸ਼ ਵਿੱਚ ਨਹੀਂ ਆ।’ ਜੀਤੋ ਬੈਡ ਤੋਂ ਉੱਠ ਕੇ ਖੜ੍ਹੀ ਹੋ ਜਾਂਦੀ ਆ ਤੇ ਆਖਦੀ ਆ,’ ਭਾਜੀ! ਉੱਥੇ ਹੀ ਪਏ ਰਹਿਣ ਦਿਓ ਜਿੱਥੇ ਪਏ ਆ।’ ਜੀਤੋ ਨੇ ਘਬਰਾਅ ਕੇ ਇੱਕ ਹੀ ਬੋਲ ਕਿਹਾ। ਜੈਲੇ ਦਾ ਦੋਸਤ ਇੱਕ ਵਾਰ ਫਿਰ ਆਖ ਬੋਲਦਾ ਹੈ,’ ਭਾਬੀ ਜੀ! ਜੈਲਾ ਕੁਰਸੀ ‘ ਤੇ ਕਿਵੇਂ ਪਹਿ ਸਕਦਾ ਹੈ। ਇਸਨੂੰ ਬੈਡ ‘ ਤੇ ਪਾ ਦੇਣਾ ਆ..ਤੁਸੀ ਆਜੋ ਬਾਹਰ ਤੇ ਆਪਣੇ ਕਮਰੇ ਪਾ ਲਵੋ।’ ਜੀਤੋ ਗੁੱਸੇ ਹੋ ਬੋਲਦੀ ਹੈ,’ ਭਾਜੀ! ਬਾਹਰ ਸੋਫਾ ਹੈ ਉਸਤੇ ਪਾ ਦਵੋ। ਮੈ ਨਹੀਂ ਅੰਦਰ ਪਹਿਨ ਦੇਣਾ।’
           ਜੈਲਾ ਸ਼ਰਾਬ ਵਿੱਚ ਟੁੰਨ ਸੀ ਜਿਸਨੂੰ ਹੋਸ਼ ਬਿਲਕੁੱਲ ਵੀ ਨਾ ਸੀ। ਜੀਤੋ ਦਾ ਡਰ ਪਹਿਲੇ ਨਾਲੋਂ ਹੋਰ ਵੱਧ ਗਿਆ। ਜੈਲੇ ਦਾ ਦੋਸਤ ਦਿਮਾਗ ਲਾਉਣ ਲੱਗਾ ਕਿ ਕਿਵੇਂ ਜੀਤੋ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹੇ। ਜੈਲੇ ਦਾ ਦੋਸਤ ਜੈਲੇ ਨੂੰ ਚੁੱਕ ਕੇ ਸੋਫ਼ੇ ‘ ਤੇ ਪਾ ਦਿੰਦਾ ਹੈ। ਜੈਲੇ ਦਾ ਦੋਸਤ ਫਿਰ ਤੋਂ ਜੀਤੋ ਨੂੰ ਆਖਦਾ ਹੈ,’ ਭਾਬੀ ਜੀ! ਜੈਲੇ ਨੂੰ ਸੋਫ਼ੇ ‘ ਤੇ ਪਾ ਦਿੱਤਾ,ਤੁਸੀ ਦਰਵਾਜ਼ਾ ਤਾਂ ਖੋਲ੍ਹੋ।’ ਜੀਤੋ ਨੂੰ ਜੋ ਸ਼ੱਕ ਸੀ ਉਹ ਯਕੀਨ ‘ ਚ ਬਦਲ ਗਿਆ। ਜੈਲੇ ਦਾ ਦੋਸਤ ਗੰਦੀ ਨਜ਼ਰ ਨਾਲ ਹੀ ਸੋਚ ਰਿਹਾ ਸੀ। ਜੀਤੋ ਨੇ ਕੋਈ ਜਵਾਬ ਨਾ ਦਿੱਤਾ। ਜੈਲੇ ਦੇ ਦੋਸਤ ਨੇ ਦਰਵਾਜ਼ਾ ਖੱਟ – ਖੱਟਾਉਂਣਾ ਸ਼ੁਰੂ ਕਰ ਦਿੱਤਾ ਪਰ ਜੀਤੋ ਨੇ ਦਰਵਾਜ਼ਾ ਨਾ ਖੋਲ੍ਹਿਆ। ਜੀਤੋ ਚਾਦਰ ਓੜ ਕੇ ਪਹਿ ਗਈ। ਥੋੜ੍ਹੀ ਦੇਰ ਤੱਕ ਜੈਲੇ ਦਾ ਦੋਸਤ ਦਰਵਾਜ਼ੇ ਨੂੰ ਭੰਨਦਾ ਰਿਹਾ ਫਿਰ ਸ਼ਾਂਤ ਹੋ ਗਿਆ। ਜੈਲੇ ਦਾ ਦੋਸਤ ਕੁਰਸੀ ‘ ਤੇ ਬੈਠ ਗਿਆ।
           ਜੀਤੋ ਦੀ ਹਿੰਮਤ ਨੇ ਜੀਤੋ ਨੂੰ ਬਚਾ ਕੇ ਰੱਖਿਆ। ਸਵੇਰ ਪਹਿ ਜਾਂਦੀ ਹੈ ਤੇ ਜੀਤੋ ਉੱਠ ਜਾਂਦੀ ਹੈ। ਸਵੇਰ ਦੇ ਚਾਰ ਵੱਜ ਰਹੇ ਹੁੰਦੇ ਹਨ। ਜੀਤੋ ਉੱਠ ਕੇ ਨਿੱਤਨੇਮ ਕਰਦੀ ਹੈ। ਜੀਤੋ ਸੋਚਦੀ ਹੈ ਜੈਲਾ ਤੇ ਉਸਦਾ ਦੋਸਤ ਸੁੱਤੇ ਪਏ ਹੋਣਗੇ,ਮੈ ਉੱਠ ਕੇ ਥੋੜ੍ਹਾ ਘਰ ਦਾ ਕੰਮ ਕਰ ਲਵਾਂ। ਜੀਤੋ ਪਾਠ ਕਰਕੇ ਕਮਰੇ ਦਾ ਬੂਹਾ ਖੋਲ੍ਹ ਦਿੰਦੀ ਹੈ। ਜਿਉਂ ਹੀ ਕਮਰੇ ਦਾ ਦਰਵਾਜ਼ਾ ਖੁੱਲ੍ਹਦਾ ਹੈ,ਜੈਲੇ ਦਾ ਦੋਸਤ ਜਾਗ ਪੈਂਦਾ ਹੈ। ਜੈਲੇ ਦਾ ਦੋਸਤ ਉੱਠ ਕੇ ਜੀਤੋ ਕੋਲ਼ ਖੜ੍ਹਾ ਹੋ ਜਾਂਦਾ ਹੈ। ਜੀਤੋ ਆਪਣੇ ਕਮਰੇ ਵੱਲ ਨੂੰ ਭੱਜਦੀ ਹੈ ਤੇ ਦਰਵਾਜ਼ਾ ਖੁੱਲ੍ਹਾ ਹੁੰਦਾ ਹੈ। ਜੀਤੋ ਆਪਣੀ ਇੱਜਤ ਨੂੰ ਬਚਾਉਂਦੀ ਹੈ ਪਰ ਜੈਲੇ ਦਾ ਦੋਸਤ ਉਸ ਉੱਤੇ ਟੁੱਟ ਕੇ ਪਹਿ ਜਾਂਦਾ ਹੈ। ਉਹ ਆਖਦਾ ਹੈ ਭਾਬੀ! ਇੱਕ ਵਾਰ ਮੇਰੀ ਹੋ ਜਾ…ਤੈਨੂੰ ਬਹੁਤ ਖੁਸ਼ ਰੱਖਾਂਗਾ। ਜੀਤੋ ਦੇ ਹੱਥ ਜੋ ਆਉਂਦਾ ਉਹ ਚੁੱਕ ਕੇ ਮਾਰਦੀ ਪਰ ਜੈਲੇ ਦਾ ਦੋਸਤ ਨਹੀਂ ਹੱਟਦਾ।
           ਅਚਾਨਕ ਜੈਲੇ ਦੀ ਅੱਖ ਖੁੱਲ ਜਾਂਦੀ ਹੈ। ਭੰਨ ਤੋੜ ਤੇ ਜੀਤੋ ਦੀ ਚੀਕਾਂ ਸੁਣ ਕੇ ਜੈਲਾ ਆਪਣੇ ਕਮਰੇ ਵੱਲ ਜਾਂਦਾ ਹੈ। ਜੈਲਾ ਕੀ ਵੇਖਦਾ ਹੈ ਉਸਦਾ ਦੋਸਤ ਜੀਤੋ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੈਲਾ ਗੁੱਸੇ ਵਿੱਚ ਬੋਲਦਾ ਹੈ,’ ਕਰਤਾਰਿਆ! ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਅੱਜ ਤੈਨੂੰ ਮੈ  ਨਹੀਂ ਛੱਡਾਂਗਾ ਓਏ! ਤੂੰ ਮੇਰੀ ਜੀਤੋ ਦੀ ਇੱਜਤ ਨੂੰ ਹੱਥ ਪਾਇਆ। ਨਹੀਂ ਛੱਡਾਂਗਾ ਤੈਨੂੰ ਸਾਲਿਆਂ!’ ਜੈਲਾ ਆਪਣੇ ਦੋਸਤ ਨਾਲ ਭੀੜ ਜਾਂਦਾ ਹੈ ਤੇ ਜੀਤੋ ਰੋਂਦੀ ਹੋਈ ਇੱਕ ਪਾਸੇ ਖੜ੍ਹ ਜਾਂਦੀ ਹੈ। ਗੁੱਸੇ ਵਿੱਚ ਆ ਕੇ ਜੈਲਾ ਆਪਣੇ ਦੋਸਤ ਕਰਤਾਰੇ ਨੂੰ ਬਹੁਤ ਮਾਰਦਾ ਪਿੱਟਦਾ ਹੈ। ਜੈਲੇ ਦਾ ਦੋਸਤ ਮਾਫ਼ੀ ਮੰਗਦਾ ਹੈ ਪਰ ਜੈਲਾ ਉਸਨੂੰ ਮਾਫ਼ ਨਹੀਂ ਕਰਦਾ ਤੇ ਘਰ ਤੋਂ ਦਫ਼ਾ ਹੋਣ ਲਈ ਆਖ ਦਿੰਦਾ ਹੈ। ਜੈਲਾ ਆਪਣੇ ਆਪ ਵਿੱਚ ਬਹੁਤ ਸ਼ਰਮਿੰਦਾ ਹੁੰਦਾ ਹੈ ਤੇ ਜੀਤੋ ਤੋਂ ਮਾਫ਼ੀ ਮੰਗਦਾ ਹੈ। ਜੀਤੋ ਰੋਂਦੀ ਹੋਈ ਆਖਦੀ ਹੈ,’ ਮੈ ਤੁਹਾਨੂੰ ਕਿੰਨੀ ਵਾਰ ਕਿਹਾ ਇਹ ਸ਼ਰਾਬ ਚੰਗੀ ਨਹੀਂ। ਤੁਸੀ ਮੇਰੀ ਗੱਲ ਸੁਣਦੇ ਕਿਉਂ ਨਹੀਂ।’
           ਜੈਲਾ ਆਪਣੀ ਗਲ਼ਤੀ ਤੋਂ ਬਹੁਤ ਸ਼ਰਮਿੰਦਾ ਸੀ ਜਿਸ ਕਰਕੇ ਉਸਨੇ ਜੀਤੋ ਦੀ ਸਹੁੰ ਖਾਈ ਕਿ ਅੱਗੇ ਤੋਂ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਵੇਗਾ। ਜੀਤੋ ਨੇ ਜੈਲੇ ਨੂੰ ਮਾਫ਼ ਕਰ ਦਿੱਤਾ। ਜੈਲੇ ਨੇ ਜੀਤੋ ਨੂੰ ਗਲਵਕੜੀ ਪਾ ਕਿਹਾ,’ ਤੂੰ ਘਬਰਾਉਣਾ ਨਹੀਂ..ਮੈ ਹੈਗਾ ਆ।’ ਜੀਤੋ ਨੂੰ ਕੀ ਪਤਾ ਸੀ ਰੱਬ ਇਸ ਤਰ੍ਹਾਂ ਜੈਲੇ ਦੀ ਸ਼ਰਾਬ ਨੂੰ ਛੁਡਾਵਣਗੇ। ਜੀਤੋ ਦੇ ਮਨ ਅੰਦਰ ਹਜੇ ਵੀ ਥੋੜ੍ਹਾ ਡਰ ਸੀ ਅਗਰ ਅੱਜ ਦੇਰੀ ਹੋ ਜਾਂਦੀ ਹੈ ਤਾਂ ਜੀਤੋ ਦੀ ਇੱਜਤ ਨਾ ਬੱਚਦੀ। ਜੀਤੋ ਨੂੰ ਅੱਜ ਇੱਕ ਅਹਿਸਾਸ ਹੋਇਆ ਕਿ ਮੇਰਾ ਜੈਲਾ ਮੇਰੀ ਰਕਸ਼ਾ ਕਰ ਸਕਦਾ ਹੈ। ਜੀਤੋ ਭਾਵੇਂ ਹੀ ਜੈਲੇ ਨੂੰ ਨਫ਼ਰਤ ਕਰਦੀ ਸੀ ਪਰ ਹੁਣ ਉਸਦੇ ਦਿਲ ਅੰਦਰ ਜੈਲੇ ਲਈ ਉਹ ਪਿਆਰ ਜਾਗ ਉੱਠਿਆ ਜੋ ਉਸਨੂੰ ਪਹਿਲੀ ਵਾਰ ਵਿੱਚ ਹੋਇਆ ਸੀ।
             ਇੱਕ ਬੁਰਾ ਇਨਸਾਨ ਉਦੋਂ ਹੀ ਨਜ਼ਰ ਆਉਂਦਾ ਹੈ ਜਦੋਂ ਸਾਡੀ ਖੁਦ ਦੀ ਅੱਖਾਂ ‘ ਤੇ ਪੱਟੀ ਬੰਨੀ ਹੋ ਜਾਂ ਫਿਰ ਬੰਦ ਹੋ। ਕਦੇ ਵੀ ਕਿਸੇ ਉੱਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਘਰ ਦੀ ਇੱਜ਼ਤ ਸਦਾ ਹੀ ਇੱਜਤਦਾਰ ਹੁੰਦੀ ਹੈ ਪਰ ਕੁਝ ਹੈਵਾਨ ਤੇ ਸ਼ੈਤਾਨ ਲੋਕ ਘਰ ਦੀ ਇੱਜ਼ਤ ਨੂੰ ਇੱਜਤਦਾਰ ਬਣ ਕੇ ਨਹੀਂ ਰਹਿਣ ਦਿੰਦੇ। ਇਸ ਸਮਾਜ ਵਿੱਚ ਹਰ ਰੋਜ਼ ਹਰ ਘਰ ਵਿੱਚ ਕਰਤਾਰ ਵਰਗੇ ਦੋਸਤ ਆਉਂਦੇ ਜਾਂਦੇ ਹੋਣਗੇ ਜੋ ਘਰ ਦੀਆਂ ਧੀਆਂ,ਭੈਣਾਂ,ਔਰਤਾਂ ਉੱਤੇ ਬੁਰੀ ਅੱਖ ਰੱਖਦੇ ਹੋਣਗੇ। ਇਸ ਤਰ੍ਹਾਂ ਦੇ ਦੋਸਤ ਘਰ ਵਿੱਚ ਦਖ਼ਲ ਹੋਣੇ ਨਹੀਂ ਚਾਹੀਦੇ ਹਨ। ਅੱਜ ਦੇ ਸਮਾਜ ਨੂੰ ਇਸ ਤਰ੍ਹਾਂ ਦੇ ਵਰਤਾਰੇ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਕੱਲ੍ਹ ਨੂੰ ਉਹ ਤੁਹਾਡਾ ਦਿਨ ਨਾ ਬਣੇ। ਇਸ ਲਈ ਤੁਸੀ ਆਪਣੀ ਆਵਾਜ਼ ਨੂੰ ਬੁਲੰਦ ਕਰੋ ਤੇ ਹਰ ਮੁਸੀਬਤ ਦਾ ਸਾਹਮਣਾ ਕਰਨ ਦਾ ਬਲ ਰੱਖੋ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ 7626818016

Leave a Reply

Your email address will not be published.


*