ਮਹਿਲਾਵਾਂ ਦੀ ਦੋ ਦਿਨਾਂ ਖੇਲੋ ਇੰਡੀਆਂ ਸਾਈਕਲਿੰਗ ਲੀਗ ਸੰਪੰਨ

ਅੰਮ੍ਰਿਤਸਰ /////ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਟੋਲ ਪਲਾਜ਼ਾ ਛਿੱਡਣ ਜ਼ੀ.ਟੀ ਰੋਡ ਅਟਾਰੀ ਵਿਖੇ ਆਯੋਜਿਤ ਦੋ ਦਿਨਾਂ ਮਾਸ ਸਟਾਰਟ ਖੇਲੋ ਇੰਡੀਆ ਵੂਮੈਨ ਰੋਡ ਸਾਈਕਲਿੰਗ ਲੀਗ ਸੰਪੰਨ ਹੋ ਗਈ। ਜਿਸ ਦੌਰਾਨ ਜੂਨੀਅਰ, ਸਬ ਜੂਨੀਅਰ ਤੇ ਯੂਥ ਵਰਗ ਦੀਆਂ ਸਾਈਕਲਿਸਟਾਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆ।
ਜਿਸ ਦੌਰਾਨ ਜੂਨੀਅਰ ਤੇ ਯੂਥ ਵਰਗ ਵਿੱਚ ਪਟਿਆਲਾ ਅਤੇ ਸਬ ਜੂਨੀਅਰ ‘ਚ ਹਰਿਆਣਾ ਦੀ ਝੰਡੀ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਉੱਪ ਕਪਤਾਨ ਸਥਾਨਕ ਯਾਦਵਿੰਦਰ ਸਿੰਘ, ਐਸਐਚਓੁ ਘਰਿੰਡਾ ਕਰਮਪਾਲ ਸਿੰਘ ਰੰਧਾਵਾ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਮੌਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਬਾਵਾ ਸਿੰਘ ਸੰਧੂ ਭੋਮਾ ਸੀਆਈਟੀ ਰੇਲਵੇ (ਰਿਟਾ.), ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਸੂਬਾ ਪ੍ਰਧਾਨ ਉੱਘੇ ਖੇਡ ਪ੍ਰਮੋਟਰ ਸਰਪੰਚ ਤਰਸੇਮ ਸਿੰਘ ਸਿੱਧੂ ਸੋਨਾ, ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ, ਅੰਮ੍ਰਿਤਸਰ ਦੇ ਰੈਸਲਿੰਗ ਕੋਚ ਰਾਜੇਸ਼ ਕੁਮਾਰ, ਜਲੰਧਰ ਦੇ ਰੇੈਸਲਿੰਗ ਕੋਚ ਭੀਮ ਸਿੰਘ ਤੇ ਲੁਧਿਆਣਾ ਦੇ ਜੁੱਡੋ ਕੋਚ ਸਾਗਰ ਉਪਧਿਆਏ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਹਾਜ਼ਰੀ ਭਰੀ।
ਵਿਅਕਤੀਗਤ ਟਾਈਮ ਟ੍ਰਾਇਲ, ਈਲਾਈਟ ਪ੍ਰਤੀਯੋਗਤਾ 20 ਕਿੱਲੋਮੀਟਰ, ਜੂਨੀਅਰ ਵਰਗ ਪ੍ਰਤੀਯੋਗਤਾ 15 ਕਿੱਲੋਮੀਟਰ, ਸਬ ਜੂਨੀਅਰ ਅਤੇ ਯੂਥ ਦੀ ਪ੍ਰਤੀਯੋਗਤਾ 10 ਕਿੱਲੋਮੀਟਰ। ਇਸੇ ਤਰ੍ਹਾਂ ਵਿਅਕਤੀਗਤ ਮਾਸ ਸਟਾਰਟ ਈਲਾਈਟ ਵੂਮੈਨ ਪ੍ਰਤੀਯੋਗਤਾ 50 ਕਿੱਲੋਮੀਟਰ, ਜੂਨੀਅਰ ਗਰਲਜ਼ ਦੀ ਪ੍ਰਤੀਯੋਗਤਾ 40 ਕਿੱਲੋਮੀਟਰ ਅਤੇ ਸਬ ਜੂਨੀਅਰ ਅਤੇ ਯੂਥ ਦੀ ਪ੍ਰਤੀਯੋਗਤਾ 20 ਕਿੱਲੋਮੀਟਰ ਦੀ ਮੁਕਾਬਲੇਬਾਜ਼ੀ ਦਾ ਆਯੋਜਨ ਕੀਤਾ ਗਿਆ। ਜੂਨੀਅਰ ਵਰਗ ਦੇ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਐਨਆਈਐਸ ਪਟਿਆਲਾ ਦੀਆਂ ਖਿਡਾਰਨਾਂ ਨੇ ਕਬਜ਼ਾ ਜਮਾਇਆ। ਇਸ ਦੌਰਾਨ ਛਾਇਆ ਨਾਗਸ਼ੈਂਟੀ ਨੇ ਗੋਲਡ, ਸੁਹਾਨੀ ਕੁਮਾਰੀ ਨੇ ਸਿਲਵਰ ਤੇ ਸੰਤੋਸ਼ੀ ਓੁਰਾਨ ਨੇ ਬਰਾਉਂਜ ਮੈਡਲ, ਸਬ ਜੂਨੀਅਰ ਵਰਗ ਦੇ ਵਿੱਚ ਪੰਜਾਬ ਦੀ ਅੰਜਲੀ ਜਾਖੜ ਨੇ ਗੋਲਡ, ਹਰਿਆਣਾ ਦੀ ਕੋਮਲ ਸਿਲਵਰ ਤੇ ਇਸੇ ਪ੍ਰਾਂਤ ਦੀ ਅੰਜੇਲ ਰਾਣਾ ਨੇ ਬਰਾਉੂਂਜ ਮੈਡਲ ਹਾਂਸਲ ਕੀਤਾ।
ਮਹਿਲਾਵਾਂ ਦੇ ਵਰਗ ਵਿੱਚ ਹਰਿਆਣਾ ਦੀ ਮੀਨਾਕਸ਼ੀ ਨੇ ਗੋਲਡ, ਐਨਆਈਐਸ ਪਟਿਆਲਾ ਦੀ ਸਵਾਸਤੀ ਸਿੰਘ ਨੇ ਸਿਲਵਰ ਤੇ ਇਸੇ ਸੰਸਥਾ ਦੀ ਸੰਸਕ੍ਰਿਿਤ ਸੁਧੀਰ ਨੇ ਬਰਾਊਂਜ ਮੈਡਲ ਹਾਂਸਲ ਕੀਤਾ। ਇਸ ਮੌਕੇ ਮਹਿਮਾਨ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਉੱਪ ਕਪਤਾਨ ਸਥਾਨਕ ਯਾਦਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ 6ਵੇਂ ਦਰਿਆ ਨੂੰ ਠੱਲ ਪਾਉਣ ਵਾਸਤੇ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ। ਇਹ ਇੱਕ ਵੱਡਾ ਸੁਨੇਹਾ ਤੇ ਪ੍ਰਰੇਨਾ ਦਿੰਦੀਆਂ ਹਨ। ਅਜਿਹੀਆਂ ਮੁਕਾਬਲੇਬਾਜੀਆਂ ਦੇ ਵਿੱਚ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਮਾਨਯੋਗ ਐਸਐਸਪੀ ਚਰਨਜੀਤ ਸਿੰਘ ਆਈਪੀਐਸ ਆਪਣੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹਰ ਸੰਭਵ ਸਹਾਇਤਾ ਦੇਣ ਤੇ ਸ਼ਮੂਲੀਅਤ ਕਰਨ ਦੇ ਲਈ ਵਚਨਬੱਧ ਹਨ।
ਇਸ ਦੌਰਾਨ ਖਿਡਾਰੀਆਂ ਤੋਂ ਇਲਾਵਾ ਆਈਆਂ ਸ਼ਖਸ਼ੀਅਤਾਂ ਨੂੰ ਵੀ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਤੇ ਖੇਡ ਪ੍ਰਮੋਟਰ ਅਤੇ ਖੇਡ ਪੀਆਰਓੁ ਗੁਰਮੀਤ ਸਿੰਘ ਸੰਧੂ ਦੇ ਵੱਲੋਂ ਸਾਂਝੇ ਤੌਰ ਤੇ ਬਾਖ਼ੂਬੀ ਨਿਭਾਇਆ ਗਿਆ। ਇਸ ਮੌਕੇ ਸਾਈਂ ਚੀਫ ਕੋਚ ਜੋਗਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੌਮਾਂਤਰੀ ਸਾਈਕਲਿੰਗ ਕੋਚ ਰਾਜੇਸ਼ ਕੌਸ਼ਿਕ, ਕੋਚ ਭੁਪਿੰਦਰ ਕੁੁਮਾਰ, ਕੋਚ ਸਤਬੀਰ ਸਿੰਘ, ਸੀਐਫਆਈ ਕੋਚ ਨੇਹਾ ਹਰਿਆਣਾ, ਕੋਮਲਪ੍ਰੀਤ ਕੌਰ ਜੀਐਨਡੀਯੂ, ਮਨਮੀਤ ਕੌਰ ਜੀਐਨਡੀਯੂ ਆਦਿ ਹਾਜ਼ਰ ਸਨ।

Leave a Reply

Your email address will not be published.


*