ਤਰਨ ਤਾਰਨ /////
ਪੰਜਾਬ ਦੀ ‘ਆਪ’ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਸੀਨੀਅਰ ਅਕਾਲੀ ਆਗੂ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧੇ ਦੀ ਤਜਵੀਜ਼ ਦੀ ਜੰਮ ਕੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਜੇਕਰ ਅਜਿਹੀ ਨਿਤੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ,ਉਹ ਇੱਕ ਤਰ੍ਹਾਂ ਨਾਲ ਸਮਝਿਆ ਜਾਵੇ ਕਿ ਬਿੱਲੀ ਥੈਲਿਓਂ ਬਾਹਰ ਆਈ ਅਤੇ ‘ਆਪ’ ਸਰਕਾਰ ਦੇ ਆਪਣੇ ਨਿੱਜੀ ਮੁਫ਼ਾਦ ਸਾਹਮਣੇ ਆਏ।
ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਸਾਬਕਾ ਵਿਧਾਇਕਾਂ ਨਾਲ ਹੋ ਰਹੇ ਦੁਰਵਿਹਾਰ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਤਾਂ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਵਿੱਚ ਇੱਕ ਟਰਮ ਪੈਨਸ਼ਨ ਕੀਤੀ ਗਈ ਅਤੇ ਬਾਕੀ ਦੀ ਰਹਿੰਦੀ ਟਰਮਾਂ ਵਿੱਚ ਕਟੋਤੀ ਕੀਤੀ ਜੋ ਕੇਵਲ ਪੰਜਾਬੀਆਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਬਰਾਬਰ ਹੈ।ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੌਜੂਦਾ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ‘ਚ ਕੀਤੇ ਜਾ ਰਹੇ ਯੋਜਨਾਬੱਧ ਵਾਧੇ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਮੌਜੂਦਾ ਵਿਧਾਇਕਾਂ ਦੇ ਖਰਚਿਆਂ ‘ਚ ਅਚਾਨਕ ਹੋਏ ਵਾਧੇ ‘ਤੇ ਸਵਾਲ ਚੁੱਕੇ ਹਨ? ਉਨ੍ਹਾਂ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ‘ਚ ਕਟੌਤੀ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੁਆਲ ਕੀਤਾ ਕਿ ਕੀ ਮੌਜੂਦਾ ਵਿਧਾਇਕਾਂ ਦੇ ਖ਼ਰਚੇ,ਸਾਬਕਾ ਵਿਧਾਇਕਾਂ ਨਾਲੋਂ ਜ਼ਿਆਦਾ ਹਨ? ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।ਸੂਬੇ ਦੇ ਲੋਕਾਂ ਨੂੰ ਸਪੱਸ਼ਟ ਕੀਤਾ ਜਾਵੇ।
ਸ.ਬ੍ਰਹਮਪੁਰਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਆਪਣੀ ਨਿਰਾਸ਼ਾ ਨੂੰ ਉਜਾਗਰ ਕਰਦਿਆਂ,ਉਨ੍ਹਾਂ ‘ਤੇ ਬਦਲਾਅ ਦੀ ਆੜ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਧੋਖਾਂ ਦੇਣ ਦਾ ਦੋਸ਼ ਲਗਾਇਆ।ਉਨ੍ਹਾਂ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਅਜਿਹੀਆਂ ਚਲਾਕੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਜੋ ਸਿਰਫ਼ ਬਦਲਾਅ ਦੇ ਨਾਂ ਉੱਤੇ ਆਪਣੇ ਨਿੱਜੀ ਹਿਤਾਂ ਅਤੇ ਸਵਾਰਥਾਂ ਨੂੰ ਪਹਿਲ ਦੇ ਰਹੇ ਹਨ ਜੋ ਕਿ ਬੇਹੱਦ ਹੈਰਾਨੀ ਦੀ ਗੱਲ ਹੈ।
Leave a Reply