ਬਾਇਓ ਗੈਸ ਫੈਕਟਰੀ ਵਿਰੌਧੀ ਤਾਲਮੇਲ ਕਮੇਟੀ ਨਾਲ ਮੁੱਖ ਸਕੱਤਰ ਮੀਟਿੰਗ ਵਿਚਾਲੇ ਛੱਡ ਕੇ ਭੱਜੇ

ਲੁਧਿਆਣਾ ( ਜਸਟਿਸ ਨਿਊਜ਼ ) ਲੁਧਿਆਣਾ ਅਤੇ ਜਲੰਧਰ ਜਿਲੇ ‘ਚ ਉਸਾਰੀ ਅਧੀਨ ਅਤੇ ਚੱਲ ਰਹੀ ਇੱਕ ਸਮੇਤ ਪੰਜ ਬਾਇਓ ਗੈਸ ਫ਼ੈਕਟਰੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਮੋਰਚਿਆ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਮੁੱਖ  ਸੱਕਤਰ ਵੀ ਕੇ ਸਿੰਘ ਪੰਜਾਬ ਸਰਕਾਰ ਨਾਲ ਪੀ ਏ ਯੂ ਦੇ ਜੇਕਬ ਹਾਲ ‘ਚ ਹੋਈ। ਤਾਲਮੇਲ ਕਮੇਟੀ ਨੂੰ ਉਸ ਸਮੇਂ ਭਾਰੀ ਹੈਰਾਨਗੀ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਬੰਧਤ ਹਾਲ ਚ ਮੀਟਿੰਗ ਦੀ ਥਾਂ ਸੈਨੀਨਾਰ ਰੱਖੇ ਹੋਣ ਦਾ ਪਤਾ ਲੱਗਾ। ਪ੍ਰਸਾਸ਼ਨ ਵਲੋ ਤਾਲਮੇਲ ਕਮੇਟੀ ਨੂੰ ਹਨੇਰੇ ‘ਚ ਰੱਖਦਿਆਂ ਫੈਕਟਰੀ ਮਾਲਕ ਅਤੇ ਉਨ੍ਹਾਂ ਦੇ ਵੱਡੀ ਗਿਣਤੀ ‘ਚ ਹਿਤੈਸ਼ੀ ਇਸ ਸਮੇਂ ਹਾਲ ਚ ਜਮਾਂ ਕੀਤੇ ਹੋਏ ਸਨ, ਜਿਸ ਦੇ ਰੋਸ ਵਜੋਂ ਤਾਲਮੇਲ ਕਮੇਟੀ ਨੇ ਹਾਲ ਦਾ ਬਾਈਕਾਟ ਕਰਦਿਆਂ ਮੰਗ ਕੀਤੀ ਕਿ ਸਾਡੀ ਮੀਟਿੰਗ ਸਿੱਧੀ ਪੰਜਾਬ ਸਰਕਾਰ ਨਾਲ ਕਰਵਾਈ ਜਾਵੇ। ਫੈਕਟਰੀ ਮਾਲਕਾਂ ਤੇ ਪ੍ਰਸਾਸ਼ਨ ਵਲੋ ਵਿਉਂਤੇ ਸੈਮੀਨਾਰ ਦਾ ਬਾਈਕਾਟ ਕਰਨ ਤੇ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਇਸ ਉਪਰੰਤ ਮੁੱਖ ਸੱਕਤਰ ਨਾਲ ਅਲੱਗ ਕਮਰਾ ਬੰਦ ਮੀਟਿੰਗ ਵਿੱਚ ਮੁੱਖ ਸੱਕਤਰ ਵੀ ਕੇ ਸਿੰਘ, ਡੀ ਸੀ ਲੁਧਿਆਣਾ ਸਾਕਸ਼ੀ ਸਾਹਨੀ, ਪੀ ਏ ਯੂ ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ, ਐਚ ਓਡੀ ਡਾ:ਸੂਚ ਤੋ ਬਿਨਾਂ ਵੱਡੀ ਗਿਣਤੀ :ਚ ਕੇਂਦਰ ਸਰਕਾਰ ਦੇ ਵੱਖ ਵੱਖ ਅਦਾਰਿਆਂ ਦੇ ਮਾਹਰ ਵਿਗਿਆਨੀ ਪੰਜਾਬ ਸਰਕਾਰ ਵੱਲੋਂ ਹਾਜ਼ਰ ਸਨ। ਦੂਜੇ ਪਾਸੇ ਤਾਲਮੇਲ ਕਮੇਟੀ ਵੱਲੋਂ ਡਾ ਸੁਖਦੇਵ ਸਿੰਘ, ਕੰਵਲਜੀਤ ਖੰਨਾ, ਬਲਵੰਤ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਗੁਰੀ ਤੋਂ ਬਿਨਾਂ ਉੱਘੇ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ, ਡਾ ਵੀ ਕੇ ਸੈਨੀ ਹਾਜ਼ਰ ਸਨ।
ਦੋਹਾਂ ਧਿਰਾਂ ਨੇ ਆਹਮਣੇ ਸਾਹਮਣੇ ਦਲੀਲਾਂ ਤੇ ਤੱਥਾਂ ਨਾਲ ਜ਼ਾਬਤਾ ਬੱਧ ਵਿਚਾਰ-ਚਰਚਾ ਕੀਤੀ। ਮੁੱਖ ਤੌਰ ਤੇ ਪੰਜਾਬ ਸਰਕਾਰ ਵਲੋ ਡਾ ਸੂਚ ਨੇ ਸੀ ਜੀ ਬੀ ਗੈਸ ਪ੍ਰੋਜੈਕਟਾਂ ਦਾ ਵਿਗਿਆਨਿਕ ਅਤੇ ਸਿਧਾਂਤਕ ਆਧਾਰ ਪੇਸ਼ ਕੀਤਾ। ਦੂਜੇ ਪਾਸੇ ਸੰਘਰਸ਼ਸੀਲ ਕਮੇਟੀ ਵੱਲੋਂ ਤੱਥਾਂ ਅਤੇ ਵਿਗਿਆਨਿਕ ਤਰਕ ਤੇ ਆਧਾਰਿਤ ਪੂਰਾ ਅੱਧਾ ਘੰਟਾ ਲੰਮਾਂ ਪ੍ਰਸਾਸ਼ਨ ਦੀ ਸਕੂਲਿੰਗ ਕਰਦਿਆਂ ਜ਼ੋਰ ਦਿੱਤਾ ਕਿ ਉਹ ਬਾਇਓ ਗੈਸ ਪਲਾਂਟ ਲੱਗਣ ਦੇ ਇਸ ਲਈ ਖਿਲਾਫ਼ ਹਨ ਕਿਓਂਕਿ ਮੁਨਾਫ਼ਾ ਕਮਾਉਣ ਵਾਲੀ ਮਾਲਕ ਧਿਰ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਕੈਂਸਰ ਦੇ ਮੁੰਹ ਧੱਕਣਾ ਚਾਹੁੰਦੀ ਹੈ। ਤਾਮਮੇਲ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਹਰੇ ਇਨਕਲਾਬ ਦੇ ਨਾਂ ਤੇ ਪੰਜਾਬ ਨੂੰ ਪਹਿਲਾਂ ਹੀ ਕੈਂਸਰ ਦੀ ਭੱਠੀ ਬਣਾ ਦਿੱਤਾ ਗਿਆ ਹੈ ਰਹਿੰਦੀ ਕਸਰ ਇਹ ਬਾਇਓ ਗੈਸ ਪਲਾਂਟ ਕੱਢ ਦੇਣਗੇ ਜਿਸ ਨੂੰ ਪੰਜਾਬ ਵਾਸੀ ਕਦਾਚਿਤ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜ ਮਹੀਨੇ ਬੀਤ ਗਏ ਸਰਕਾਰ ਤੋਂ ਇਸ ਗੰਭੀਰ ਮਸਲੇ ਦਾ ਹੱਲ ਨਹੀ ਨਿਕਲਿਆ। ਤਾਲਮੇਲ ਕਮੇਟੀ ਨੇ ਜੋਰ ਦੇ ਕੇ ਕਿਹਾ ਕਿ ਇੰਨਾਂ ਫ਼ੈਕਟਰੀਆਂ ਨੂੰ ਨਿਸ਼ਚਿਤ ਨਾਰਮਜ ਤੋ ਹਟ ਕੇ ਸਰਕਾਰ ਨੇ ਬਿਨਾਂ ਸੋਚੇ ਸਮਝੇ ਲਾਇਸੈੰਸ ਤੇ ਵੱਡੀਆਂ ਸਬਸਿਡੀਆ ਦਿੱਤੀਆਂ ਹਨ ਜੋ ਕਿ ਰੱਦ ਕੀਤੀਆਂ ਜਾਣ।
ਇਸ ਦੌਰਾਨ ਤਾਲਮੇਲ ਕਮੇਟੀ ਵੱਲੋਂ ਸਰਕਾਰ ਦੇ ਡੰਗਟਪਾਊ ਵਤੀਰੇ ਦੀ ਨਿੰਦਾ ਕਰਦਿਆਂ ਤਿੱਖੇ ਸੰਘਰਸ਼ ਦੀ  ਚਿਤਾਵਨੀ ਦਿੱਤੀ ਗਈ ਤਾਂ ਮੁੱਖ ਸੱਕਤਰ ਸਮੇਤ ਅਮਲੋ ਫੈਲੇ ਦੇ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਰੋਸ ਵਜੋਂ ਤਾਲਮੇਲ ਕਮੇਟੀ ਦੇ ਤੀਹ ਦੇ ਕਰੀਬ ਮੈਂਬਰਾਂ ਨੇ ਸਰਕਾਰ ਦੇ ਦੁਪਿਹਰ ਦੇ ਖਾਣੇ ਦਾ ਬਾਈਕਾਟ ਕੀਤਾ। ਉਪਰੰਟ ਸਟੂਡੈਂਟ ਹੋਮ ਵਿਖੇ ਕਮੇਟੀ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ  ਪੰਦਰਾਂ ਦਿਨ ਦਾ ਸਮਾਂ ਸਰਕਾਰ ਨੂੰ ਦਿੰਦਿਆਂ ਮਸਲੇ ਦਾ ਹੱਲ ਨਾ ਨਿਕਲਣ ਦੀ ਸੂਰਤ ਚ ਪੰਜ ਸਿਤੰਬਰ ਨੂੰ ਦਿੱਲੀ ਅੰਮ੍ਰਿਤਸਰ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਗਈ।
ਮੀਟਿੰਗ ਵਿੱਚ ਪ੍ਰਧਾਨ ਗੁਰਤੇਜ ਸਿੰਘ ਅਖਾੜਾ, ਗੁਲਵੰਤ ਸਿੰਘ ਅਖਾੜਾ, ਕਰਮਜੀਤ ਸਿੰਘ ਸਹੋਤਾ, ਹਰਮੇਲ ਸਿੰਘ ਸਰਪੰਚ, ਗੁਰਦੀਪ ਸਿੰਘ ਭੋਜਪੁਰ, ਤੇਜਾ ਸਿੰਘ ਭੂੰਦੜੀ, ਸੁਰਜੀਤ ਸਿੰਘ ਭੂੰਦੜੀ, ਸਵਰਨ ਸਿੰਘ ਅਖਾੜਾ, ਭਿੰਦਰ ਸਿੰਘ ਭੂੰਦੜੀ, ਚਰਨਜੀਤ ਸਿੰਘ  ਭੋਗਪੁਰ , ਰੂਪ ਸਿੰਘ ਮੁਸ਼ਕਾਬਾਦ ਆਦਿ ਹਾਜ਼ਰ ਸਨ।

Leave a Reply

Your email address will not be published.


*