ਮੋਗਾ (ਗੁਰਜੀਤ ਸੰਧੂ ) ਜ਼ਿਲ੍ਹਾ ਮੋਗਾ ਨਾਲ ਸਬੰਧਤ ਸ਼ਿਕਾਇਤਾਂ ਨੂੰ ਸੁਣਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਐਡਵੋਕੇਟ ਪਰਮਿਲਾ ਫਲੀਆਂਵਾਲਾ ਨੇ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੀ ਮੀਟਿੰਗ ਦੌਰਾਨ ਉਹਨਾਂ ਨੇ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਉੱਤੇ ਕੀਤੀ ਕਰਵਾਈ ਬਾਰੇ ਰਿਪੋਰਟ 24 ਅਗਸਤ, 2024 ਤੋਂ ਪਹਿਲਾਂ ਭੇਜਣ ਦੀ ਹਦਾਇਤ ਕੀਤੀ।
ਅੱਜ ਮੀਟਿੰਗ ਦੌਰਾਨ ਸ਼ਹਿਰ ਮੋਗਾ ਅਤੇ ਹੋਰ ਇਲਾਕਿਆਂ ਤੋਂ ਲੋਕਾਂ ਨੇ ਆਪਣੇ ਮਸਲੇ ਰੱਖੇ ਅਤੇ ਦੋਸ਼ ਲਗਾਇਆ ਕਿ ਪੁਲਿਸ ਅਤੇ ਸਰਕਾਰੀ ਧਿਰਾਂ ਵੱਲੋਂ ਉਹਨਾਂ ਨੂੰ ਇਨਸਾਫ਼ ਦੇਣ ਲਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਡਵੋਕੇਟ ਪਰਮਿਲਾ ਫਲੀਆਂਵਾਲਾ ਨੇ ਕਿਹਾ ਕਿ ਐਸ ਸੀ ਵਰਗ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ਉਤੇ ਹਾਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਜਾਤੀ ਸੂਚਕ ਸ਼ਬਦ ਵਰਤਣ ਦੀ ਸ਼ਿਕਾਇਤ ਨਾਲ ਢੁੱਕਵੇਂ ਸਬੂਤ ਵੀ ਲਗਾਏ ਜਾਣੇ ਜ਼ਰੂਰੀ ਹਨ। ਬਿਨਾ ਸਬੂਤ ਤੋਂ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਵਿੱਚ ਕਾਫੀ ਦਿੱਕਤ ਆ ਜਾਂਦੀ ਹੈ। ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕੋਈ ਫੈਸਲਾ ਲੈਣ ਤੋਂ ਪਹਿਲਾਂ ਜਾਂਚ ਕਰਵਾਈ ਜਾਂਦੀ ਹੈ ਤਾਂ ਜੋ ਕਿਸੇ ਨਾਲ ਬੇਇਨਸਾਫ਼ੀ ਨਾ ਹੋਵੇ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਸ ਸੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਹੀ ਵਚਨਬੱਧ ਹੈ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਨਾਲ ਉਹਨਾਂ ਦੀ ਜਾਤੀ ਜਾਂ ਸਮਾਜਿਕ ਤੌਰ ਉੱਤੇ ਕੋਈ ਵਧੀਕੀ ਹੁੰਦੀ ਹੈ ਤਾਂ ਉਹ ਕਮਿਸ਼ਨ ਤੱਕ ਪਹੁੰਚ ਕਰ ਸਕਦੇ ਹਨ। ਕਮਿਸ਼ਨ ਵੱਲੋਂ ਉਹਨਾਂ ਦੀ ਪੂਰੀ ਸੁਣਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਸ੍ਰ ਮਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Leave a Reply