ਮੋਗਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਦਾ ਆਯੋਜਨ, ਸ਼ਹਿਰ ਵਾਸੀਆਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ

ਮੋਗਾ   (  Gurjeet sandhu) –

ਮੋਗਾ ਪੁਲਿਸ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਅੱਜ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਵਾਲੀ ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਮੋਗਾ ਦੇ ਜੋਗਿੰਦਰ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਲਰਨਿੰਗ ਫ਼ੀਲਡ ਸਕੂਲ ਵਿਖੇ ਸਮਾਪਤ ਹੋਈ। ਇਸ ਰੈਲੀ ਵਿੱਚ ਐਸ ਪੀ (ਡੀ) ਡਾ ਬਾਲ ਕ੍ਰਿਸ਼ਨ  ਤੋਂ ਇਲਾਵਾ ਸਕੂਲੀ ਵਿਦਿਆਰਥੀਆਂ, ਆਮ ਲੋਕਾਂ ਅਤੇ ਸਰਕਾਰੀ ਮੁਲਾਜਮਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਰੈਲੀ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦਿਆਂ ਐਸ ਐਸ ਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਮੋਗਾ ਪੁਲਿਸ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾ ਰਿਹਾ। ਉਹਨਾਂ ਦੱਸਿਆ ਕਿ ਨਸ਼ੇ ਨਾ ਸਿਰਫ਼ ਵਿਅਕਤੀ ਨੂੰ, ਸਗੋਂ ਸਾਰੇ ਸਮਾਜ ਨੂੰ ਖੋਖਲਾ ਕਰ ਦਿੰਦੇ ਹਨ ਜਿਸ ਨਾਲ ਕੋਈ ਵੀ ਵਿਅਕਤੀ ਕਿਸੇ ਵਧੀਆ ਪ੍ਰਾਪਤੀ ਦੇ ਯੋਗ ਨਹੀਂ ਰਹਿੰਦਾ। ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਜਿੱਤਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਸ ਰੈਲੀ ਵਿੱਚ ਆਗਾਮੀ ਲੋਕ ਸਭਾ ਚੋਣਾਂ ਸੰਬੰਧੀ ਵੋਟਰ ਜਾਗਰੂਕਤਾ ਫੈਲਾਈ ਗਈ। ਇਸ ਮੌਕੇ ਜ਼ਿਲਾ ਮੋਗਾ ਦੀ ਸਵੀਪ ਨੋਡਲ ਟੀਮ ਵੱਲੋਂ ਵੋਟਰ ਜਾਗਰੂਕਤਾ ਨਾਲ ਸਬੰਧਤ ਬੈਨਰ, ਪੋਸਟਰ ਆਦਿ ਸਮਗਰੀ ਦੀ ਵੰਡ ਕੀਤੀ ਗਈ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਯੋਗ ਵਿਅਕਤੀਆਂ ਨੂੰ ਆਪਣੀ ਵੋਟ ਯਕੀਨੀ ਤੌਰ ਤੇ ਬਣਾਉਣ ਦਾ ਸੁਨੇਹਾ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਹਰੇ,  “ਇਸ ਵਾਰ 70 ਪਾਰ” ਤਹਿਤ ਜ਼ਿਲ੍ਹਾ ਮੋਗਾ ਵਿੱਚ ਵੋਟ ਫ਼ੀਸਦੀ ਵਿੱਚ ਹਰ ਹੀਲੇ 70 ਤੋਂ ਪਾਰ ਕਰਨੀ ਯਕੀਨੀ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਵਾਰ ਪੋਲਿੰਗ ਬੂਥਾਂ ਉੱਪਰ ਤਿਉਹਾਰ ਵਰਗਾ ਮਹੌਲ ਵੇਖਣ ਨੂੰ ਮਿਲੇਗਾ ਕਿਉਕਿ ਹਰੇਕ ਪ੍ਰਕਾਰ ਦੇ ਲੋੜਵੰਦ ਵਿਅਕਤੀਆਂ ਜਿਵੇਂ ਦਿਵਿਆਂਗਜਨ, ਬਜ਼ੁਰਗ, ਔਰਤ ਵੋਟਰਾਂ ਲਈ ਖਾਸ ਸੁਵਿਧਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ ਤਾਂ ਕਿ ਉਹ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਕਰਕੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਘਰ ਪਰਤ ਸਕਣ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੋਟਾਂ ਵਿੱਚ ਹਰ ਪ੍ਰਕਾਰ ਦੀ ਸਹੂਲਤ ਜਿਵੇਂ ਕਿ ਪਾਣੀ, ਬਿਜਲੀ , ਰੈਂਪ, ਪੁਲਿਸ ਸੁਰੱਖਿਆ ਆਦਿ ਵੋਟਰਾਂ ਨੂੰ ਦਿੱਤੀਆਂ ਜਾਣਗੀਆਂ ਇਸ ਲਈ ਵੋਟਰ ਨਿੱਡਰ ਹੋ ਕੇ ਕੇ ਆਪਣੀ ਵੋਟ ਦਾ ਇਸਤੇਮਾਲ ਆਉਣ ਵਾਲੀ 1 ਜੂਨ 2024 ਨੂੰ ਲਾਜ਼ਮੀ ਤੌਰ ਤੇ ਕਰਨ। ਇਸ ਮੁਹਿੰਮ ਵਿੱਚ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Leave a Reply

Your email address will not be published.


*


%d