ਮੁਹਿੰਮ ਦੇ ਪਹਿਲੇ ਦਿਨ 48995 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ 41 ਪ੍ਰਤੀਸ਼ਤ ਟੀਚਾ ਕੀਤਾ ਹਾਸਲ : ਸਿਵਲ ਸਰਜਨ ਡਾ. ਕਿਰਪਾਲ ਸਿੰਘ

ਸੰਗਰੂਰ    ::::::::::::::::::::::::::: ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ “ਨੈਸ਼ਨਲ ਪਲਸ ਪੋਲੀਓ ਮੁਹਿੰਮ” ਦੀ ਜਿਲੇ ਅੰਦਰ ਸ਼ੁਰੂਆਤ ਗੁਰੂਦੁਆਰਾ ਸਾਹਿਬ ਹਰਗੋਬਿੰਦਪੁਰਾ, ਸੁਨਾਮੀ ਗੇਟ ਸੰਗਰੂਰ ਤੋਂ ਬੱਚਿਆ ਨੂੰ ਪੋਲਿਓ ਰੋਕੂ ਬੂੰਦਾ ਪਿਲਾ ਕੇ ਕੀਤੀ। ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਪੋਲੀਓ ਤੇ ਜਿੱਤ ਬਰਕਰਾਰ ਰੱਖਣ ਲਈ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਪੋਲੀਓ ਰੋਕੂ ਬੂੰਦਾਂ ਪਿਲਾਉਣੀਆਂ ਜਰੂਰੀ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੰਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਕਰਨ ਅਤੇ ਉਹ ਆਪਣੀ ਨਿਜੀ ਜਿੰਮੇਵਾਰੀ ਸਮਝਦੇ ਹੋਏ ਆਪਣੇ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਰੋਕੂ ਦਵਾਈ ਜ਼ਰੂਰ ਪਿਲਾਉਣ । ਉਨ੍ਹਾਂ ਦੱਸਿਆ ਕਿ ਅੱਜ ਤੋਂ ਬਾਅਦ ਅਗਲੇ ਦੋ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀਕਾਕਰਣ ਅਫਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਜਿਲੇ ਭਰ ਵਿੱਚੋਂ ਇਕੱਤਰ ਹੋਈਆਂ ਰਿਪੋਰਟਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 613 ਬੂਥਾਂ, 27 ਟ੍ਰਾਂਜਿਟ ਪੁਆਇੰਟ ਅਤੇ 15 ਮੋਬਾਈਲ ਟੀਮਾਂ ਨੇ ਟੀਚੇ ਦੇ ਲਗਭਗ 116972 ਬੱਚਿਆਂ ਵਿੱਚੋਂ 48995 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਕੇ 41 ਪ੍ਰਤੀਸਤ ਟੀਚਾ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਵੱਲੋਂ ਭੱਠਿਆਂ, ਝੁੱਗੀਆਂ ਝੌਪੜੀਆਂ, ਪਥੇਰਾ, ਅਨਾਜ ਮੰਡੀਆਂ ਤੇ ਦੂਰ ਦਰਾਡੇ ਦੇ ਏਰੀਏ ਵਿਚ ਅਤੇ ਬਾਕੀ ਟੀਮਾਂ ਵਲੋਂ ਪਿੰਡ/ਮਹੱਲਾ ਪੱਧਰ ਤੇ ਬੂਥ ਲਗਾ ਕੇ ਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ ਤੇ 112 ਬਲਾਕ ਪੱਧਰ ਤੋਂ  ਸੁਪਰਵਾਈਜਰਾਂ ਵੱਲੋਂ ਬੂਥਾਂ ਅਤੇ ਪਹੁੰਚ ਇਲਾਕਿਆਂ ਵਿੱਚ ਸਪੋਰਟਿਵ ਸੁਪਰਵਿਜ਼ਨ ਕੀਤੀ ਗਈ ਜਦਕਿ ਜ਼ਿਲ੍ਹਾ ਪੱਧਰ ਤੋਂ 06 ਸੁਪਰਵਾਈਜਰੀ ਟੀਮਾਂ ਵੱਲੋਂ ਇਸ ਪੂਰੀ ਮੁਹਿੰਮ ਦੀ ਚੈਕਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਅਗਲੇ ਦੋ ਦਿਨ 1035 ਘਰ ਫੇਰੀ ਟੀਮਾਂ ਵੱਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਨਿਰਧਾਰਤ ਟੀਚਾ ਹਾਸਲ ਕਰਨਾ ਯਕੀਨੀ ਬਣਾਇਆ ਜਾਵੇਗਾ ਅਤੇ ਮੋਬਾਈਲ ਟੀਮਾਂ ਪਹਿਲੇ ਦਿਨ ਵਾਂਗ ਹੀ ਆਪਣਾ ਕੰਮ ਕਰਨਗੀਆਂ।

Leave a Reply

Your email address will not be published.


*


%d