ਮਹਿਲਾ ਦਿਵਸ ਮੌਕੇ ਰੁਜ਼ਗਾਰ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਗਈਆਂ ਮਹਿਲਾਵਾਂ ਨਾਲ ਧੱਕਾਮੁੱਕੀ

 

ਸੰਗਰੂਰ, ::::::::::::::::::::: ਆਪਣੇ ਰੁਜ਼ਗਾਰ ਦੀ ਮੰਗ ਲੈਕੇ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕਰਨ ਲਈ ਪਹੁੰਚੇ ਬੇਰੁਜ਼ਗਾਰ ਸਾਂਝਾਂ ਮੋਰਚਾ ਦੇ ਬੇਰੁਜ਼ਗਾਰਾਂ ਨਾਲ ਮੁੜ ਧੱਕਾਮੁੱਕੀ ਹੋਈ ਅਤੇ ਕੁਝ ਮਹਿਲਾਵਾਂ ਦੀਆਂ ਚੁੰਨੀਆਂ ਤੱਕ ਲੱਥ ਗਈਆਂ। ਅੱਜ ਸਵੇਰੇ ਤੋਂ ਹੀ ਪੰਜਾਬ ਭਰ ਵਿੱਚੋਂ ਬੇਰੁਜ਼ਗਾਰ ਸਥਾਨਕ ਵੇਰਕਾ ਮਿਲਕ ਪਲਾਂਟ ਵਿੱਚ ਇਕੱਠੇ ਹੋਏ। ਇਸ ਤੋਂ ਬਾਅਦ ਇਸ ਰੋਸ ਮਾਰਚ ਕਰਦੇ ਹੋਏ ਹੋਏ ਮੁੱਖ ਮੰਤਰੀ ਦੀ ਕੋਠੀ ਵਧੇ ਤਾਂ ਪੁਲਿਸ ਨੇ ਬੇਰੁਜ਼ਗਾਰਾਂ ਨੂੰ ਬੇਰੀਕੇਟਾਂ ਰੋਕਾਂ ਕੋਲ ਰੋਕਣਾ ਚਾਹਿਆ ਤਾਂ ਇਸ ਦੌਰਾਨ ਧੱਕਾਮੁੱਕੀ ਹੋ ਗਈ। ਇਸ ਮੌਕੇ ਬੇਰੁਜ਼ਗਾਰਾਂ ਦੀ ਪੁਲਿਸ ਵੱਲੋਂ ਖਿੱਚ ਧੂਅ ਕੀਤੀ ਗਈ ਤੇ ਹੁੱਜਾਂ ਮਾਰੀਆਂ ਗਈਆਂ ਜਿਸ ਕਾਰਨ ਕੁੱਝ ਬੇਰੁਜ਼ਗਾਰਾਂ ਦੀਆਂ ਪੱਗਾਂ ਅਤੇ ਮਹਿਲਾਵਾਂ ਦੀਆਂ ਚੁੰਨੀਆਂ ਤੱਕ ਲੱਥ ਗਈਆਂ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੋਸ਼ ਲਾਇਆ ਕਿ 25 ਫਰਵਰੀ ਦੇ ਪ੍ਰਦਰਸ਼ਨ ਮੌਕੇ ਬੇਰੁਜ਼ਗਾਰਾਂ ਨੂੰ 6 ਮਾਰਚ ਲਈ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਦਿੱਤਾ ਸੀ, ਪ੍ਰੰਤੂ ਮੀਟਿੰਗ ਨਾ ਹੋਣ ਦੇ ਰੋਸ ਵਿੱਚ ਬੇਰੁਜ਼ਗਾਰਾਂ ਨੇ ਮੁੜ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਕੋਸ਼ਿਸ਼ ਕੀਤੀ। ਲੰਬੀ ਕਸ਼ਮਕਸ਼ ਮਗਰੋਂ ਬੇਰੁਜ਼ਗਾਰਾਂ ਨੂੰ 14 ਮਾਰਚ ਲਈ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਤਾਂ ਜਾ ਕੇ ਬੇਰੁਜ਼ਗਾਰ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ। ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਮੀਟਿੰਗ ਰੱਦ ਜਾਂ ਬੇਸਿੱਟਾ ਹੋਈ ਤਾਂ 15 ਮਾਰਚ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਸੰਦੀਪ ਮੋਫ਼ਰ, ਕੁਲਦੀਪ ਭੁਤਾਲ, ਸੁਖਪਾਲ ਖ਼ਾਨ, ਜਗਸੀਰ ਜਲੂਰ, ਸੰਦੀਪ ਧੌਲਾ, ਸਮਨ ਮਾਲੇਰਕੋਟਲਾ, ਮੁਹੰਮਦ ਆਸਿਫ਼, ਜਗਤਾਰ ਟੋਡਰਵਾਲ, ਸੁਖਪਾਲ ਬਰਨਾਲਾ, ਰਣਬੀਰ ਨਦਾਮਪੁਰ, ਵੀਰਪਾਲ ਕੌਰ ਬਠਿੰਡਾ, ਮੁਨੀਸ਼ ਫਾਜ਼ਿਲਕਾ, ਵਰਿੰਦਰ ਸਿੰਘ ਡਕੌਂਦਾ, ਲਲਿਤਾ ਪਟਿਆਲਾ, ਸੁਖਵਿੰਦਰ ਕੁਮਾਰ ਮਲੋਟ, ਕਰਮਜੀਤ ਕੌਰ, ਨਿੱਕਾ ਛੰਨਾ, ਰਿੰਕੂ ਸਿੰਘ, ਪਰਮਜੀਤ ਕੌਰ, ਅਨੀਤਾ ਭੀਖੀ, ਹਰਜਿੰਦਰ ਕੌਰ, ਨੀਲੋਵਾਲ, ਅਮਨਦੀਪ ਕੌਰ ਭਾਈ ਕੀ ਪਸੋਰ, ਰਮਨਦੀਪ ਕੌਰ ਖੰਗੂੜਾ, ਸੁਖਵੀਰ ਕੌਰ ਲਹਿਰਾ ਆਦਿ ਹਾਜ਼ਰ ਸਨ।

ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੀਆਂ ਜਾਇਜ਼ ਅਤੇ ਹੱਕੀ ਮੰਗਾਂ :-

1. ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਵਿੱਚ ਛੋਟ ਦੇ ਕੇ ਜਾਰੀ ਕੀਤਾ ਜਾਵੇ।

ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦਾ ਪੇਪਰ ਤੁਰੰਤ ਲਿਆ ਜਾਵੇ।

2. ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਪ੍ਰਵਾਨਤ ਅੰਦਾਜ਼ਨ 270 ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।

3. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਦੀ ਸ਼ਰਤ ਹਮੇਸ਼ਾਂ ਲਈ ਰੱਦ ਕੀਤੀ ਜਾਵੇ।

4. ਦੂਜੇ ਰਾਜਾਂ ਦਾ ਕੋਟਾ ਸੀਮਤ ਕਰਕੇ ਪੰਜਾਬ ਅੰਦਰ ਸਾਰੀਆਂ ਅਸਾਮੀਆਂ ਉੱਤੇ ਪੰਜਾਬ ਰਾਜ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇ।

ਬੇਰੁਜ਼ਗਾਰਾਂ ਤੇ ਧੱਕਾਮੁੱਕੀ ਦੀ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ

ਬੇਰੁਜ਼ਗਾਰਾਂ ਉੱਤੇ ਜ਼ਬਰ ਨਿੰਦਾਜਨਕ: ਬੁਰਜਗਿੱਲ, ਵਿਕਰਮ ਦੇਵ

ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਹੋਏ ਜ਼ਬਰ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਬੇਰੁਜ਼ਗਾਰਾਂ ਦੇ ਪੱਖ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ।

Leave a Reply

Your email address will not be published.


*


%d