ਮਹਿਲਾਂ-ਪੁਰਸ਼ਾਂ ਦੀ ਰਿਧਮਿਕ-ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿੱਪ ਸ਼ੁਰੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਏਆਈਯੂ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿਖੇ ਮਹਿਲਾਂ-ਪੁਰਸ਼ਾ ਦੀ ਆਲ ਇੰਡੀਆ ਰਿਧਮਿਕ ਤੇ ਆਰਟਿਸਟਿਕ ਇੰਟਰਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿੱਪ 2024 ਅੱਜ ਤੋਂ ਸ਼ੁਰੂ ਹੋ ਗਈ ਜੋ ਕਿ 23 ਮਾਰਚ ਤੱਕ ਚੱਲੇਗੀ। ਇਸ ਵਿੱਚ ਦੇਸ਼ ਭਰ ਤੋਂ 75 ਦੇ ਕਰੀਬ ਯੂਨੀਵਰਸਿਟੀਆਂ ਦੇ 500 ਦੇ ਕਰੀਬ ਚੋਟੀ ਦੇ ਜਿਮਨਾਸਟਿਕ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਦਾ ਸ਼ੁੱਭਾਰੰਭ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਨੇ ਕੀਤਾ ਜਦੋਂ ਕਿ ਕੌਮਾਂਤਰੀ ਜਿਮਨਾਸਟਿਕ ਖਿਡਾਰੀ ਤੇ ਸੀਆਈਟੀ ਰੇਲਵੇ ਤਰਸੇਮ ਲਾਲ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਈਸ਼ ਦੇਵਗਨ ਰੇਲਵੇ ਤੇ ਪੀਆਈਐਸ ਵਿੰਗ ਇੰਚਾਰਜ਼ ਅਤੇ ਜ਼ਿਲ੍ਹਾ ਕੌਮਾਤਰੀ ਜਿਮਨਾਸਟਿਕ ਕੋਚ ਨੀਤੂ ਬਾਲਾ ਨੇ ਵੀ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਨੇ ਦੱਸਿਆ ਕਿ ਦੇਸ਼ ਭਰ ਤੋਂ ਆਏ ਜਿਮਨਾਸਟਿਕ ਖਿਡਾਰੀਆਂ, ਕੋਚਾਂ, ਟੀਮ ਮੈਨੇਜਰਾਂ ਤੇ ਹੋਰ ਅਮਲੇ ਨੂੰ ਹਰ ਸੰਭਵ ਸਹਾਇਤਾ ਤੇ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਰਪੱਖ ਤੇ ਸ਼ਪੱਸ਼ਟ ਮੁਕਾਬਲੇਬਾਜ਼ੀ ਦੇ ਮੱਦੇਨਜ਼ਰ ਯੋਗ ਤੇ ਮਾਹਿਰ ਜੱਜਾਂ, ਕੋਚਾਂ ਤੇ ਰੈਫਰੀਆਂ ਤੇ ਅਧਾਰਿਤ ਜਿਊਰੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਊਰੀ ਦਾ ਫ਼ੈਸਲਾ ਹੀ ਅੰਤਿਮ ਫ਼ੈਸਲਾ ਮੰਨਿਆ ਜਾਵੇਗਾ। ਕਿਸੇ ਵੀ ਕਿਸਮ ਦੇ ਕਿੰਤੂ ਪਰੰਤੂ ਨੂੰ ਏਆਈਯੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਵੇਖਿਆ ਤੇ ਵਾਚਿਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਦੇ ਸਕੱਤਰ ਈਸ਼ ਦੇਵਗਨ ਰੇਲਵੇ ਨੇ ਕਿਹਾ ਕਿ ਵੈਸੇ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਰਾਸ਼ਟਰ ਪੱਧਰੀ ਇਸ ਖੇਡ ਪ੍ਰਤੀਯੋਗਤਾ ਨੂੰ ਲੈ ਕੇ ਹਰ ਪ੍ਰਕਾਰ ਦੇ ਮਿਸਾਲੀ ਤੇ ਮਾਕੂਲ ਪ੍ਰਬੰਧ ਕੀਤੇ ਗਏ ਹਨ। ਪਰ ਫ਼ਿਰ ਵੀ ਜਿੱਥੇ ਕਿਤੇ ਐਸੋਸੀਏਸ਼ਨ ਦੇ ਸਹਿਯੋਗ ਦੀ ਜ਼ਰੂਰਤ ਪਵੇਗੀ ਤਾਂ ਬਿਨ੍ਹਾਂ ਕਿਸੇ ਸ਼ਰਤ ਦੇ ਪੂਰੀ ਕੀਤੀ ਜਾਵੇਗੀ। ਅੱਜ ਦੀ ਪਹਿਲੇ ਦਿਨ ਦੀ ਮੁਕਾਬਲੇਬਾਜ਼ੀ ਦੇ ਸ਼ੁਰੂਆਤੀ ਦੌਰ ਦੌਰਾਨ ਹੀ ਖਿਡਾਰੀਆਂ ਨੇ ਖੂਨ ਪਸੀਨਾ ਵਹਾਉਂਦੇ ਹੋਏ ਖੂਬ ਦਮ-ਖਮ ਦਿਖਾਇਆ। ਜਦੋਂ ਕਿ ਲੜੀਵਾਰ ਮੈਚਾਂ ਦਾ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ ਅਤੇ ਕਿਸੇ ਵੀ ਫਾਈਨਲ ਮੁਕਾਬਲੇ ਦਾ ਨਿਰਣਾ ਨਹੀਂ ਹੋ ਸਕਿਆ ਤੇ ਨਾ ਹੀ ਕੋਈ ਨਤੀਜਾ ਪ੍ਰਤੱਖ ਤੌਰ ਤੇ ਸਾਹਮਣੇ ਆਇਆ। ਇਸ ਮੌਕੇ ਟੂਰਨਾਮੈਂਟ ਡਾਇਰੈਕਟਰ ਰਵਿੰਦਰਨਾਥ ਮੰਗਲਾ, ਇੰਚਾਰਜ਼ ਕੋਚ ਹਰਮੀਤ ਸਿੰਘ, ਕੋਚ ਪ੍ਰਦੀਪ ਕੁਮਾਰ, ਕੋਚ ਰਾਜਵਿੰਦਰ ਕੌਰ, ਕੋਚ ਲਖਵੀਰ ਸਿੰਘ, ਕੋਚ ਜਗਦੀਪ ਸਿੰਘ, ਕੋਚ ਜਗਦੇਵ ਸਿੰਘ ਚਾਹਲ, ਕੋਚ ਸ਼ੈਲੰਦਰ ਸਿੰਘ, ਕੋਚ ਰਜਨੀ ਸੈਣੀ, ਕੋਚ ਰੁਪਾਲੀ ਅੱਤਰੀ, ਕੋਚ ਮੋਨਾ, ਕੋਚ ਮੁਨੀਸ਼ ਕੁਮਾਰ, ਕੋਚ ਗੌਰਵ, ਕੋਚ ਹਰਚੰਦ, ਕੋਚ ਵੀਨਾ, ਕੋਚ ਜਸਵਿੰਦਰ ਕੌਰ, ਕੋਚ ਮਹਾਮਾਇਆ ਆਦਿ ਹਾਜ਼ਰ ਸਨ।

Leave a Reply

Your email address will not be published.


*


%d