ਪੰਜਾਬ ਵਿਧਾਨ ਸਭਾ ਦੀ ਅਨੂਸੂਚਿਤ ਜਾਤੀਆਂ, ਅਨੂਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)- ਪੰਜਾਬ ਵਿਧਾਨ ਸਭਾ ਦੀ ਅਨੂਸੂਚਿਤ ਜਾਤੀਆਂ, ਅਨੂਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਕਮੇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਜਿਸ ਵਿਚ ਅਨੂਸੂਚਿਤ ਜਾਤੀਆਂ, ਅਨੂਸੂਚਿਤ ਕਬੀਲਿਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਕਮੇਟੀ ਦੇ ਚੇਅਰਪਰਸਨ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ, ਐਮ.ਐਲ.ਏ., ਅਮਿਤ ਰਤਨ ਕੋਟਫੱਤਾ, ਐਮ.ਐਲ.ਏ. ਡਾ. ਜਸਬੀਰ ਸਿੰਘ ਸੰਧੂ, ਐਮ.ਐਲ.ਏ. ਅਤੇ ਡਾ. ਨਛੱਤਰਪਾਲ, ਐਮ.ਐਲ.ਏ. ਬਤੌਰ ਮੈਂਬਰ ਹਾਜ਼ਰ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਤੋਂ ਇਲਾਵਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਬਿਕਰਮਜੀਤ ਸਿੰਘ ਬਾਜਵਾ, ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਕੰਟਰੋਲਰ ਪ੍ਰੀਖਿਆਵਾਂ, ਡਾ. ਪਲਵਿੰਦਰ ਸਿੰਘ, ਡੀਨ, ਕਾਲਜ ਵਿਕਾਸ ਕੌਂਸਲ, ਡਾ. ਸਰੋਜ ਬਾਲਾ, ਸੈਨੇਟ ਮੈਂਬਰ ਸਤਪਾਲ ਸਿੰਘ ਸੋਖੀ, ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁੱਖੀ, ਡਾ. ਪਵਲੀਨ ਸੋਨੀ, ਨੋਡਲ ਅਫਸਰ ਡਾ. ਵਿਕਰਮ ਸੰਧੂ, ਸਾਬਕਾ ਮੁੱਖੀ, ਡਾ. ਜਸਵੀਨ ਕੌਰ, ਸੁਰੱਖਿਆ ਅਧਿਕਾਰੀ ਕਰਨਲ ਅਮਰਬੀਰ ਸਿੰਘ ਚਾਹਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਭਲਾਈ ਕਮੇਟੀ ਵੱਲੋਂ ਯੂਨੀਵਰਸਿਟੀ ਬਿਜ਼ਨਸ ਸਕੂਲ ਵਿੱਚ ਰਿਜ਼ਰਵ ਸ਼੍ਰੇਣੀ ਦੇ ਵਿਦਿਆਰਥੀਆਂ ਦਾ ਇੱਕ ਵੱਖਰਾ ਸੈਕਸ਼ਨ ਬਣਾਉਣ ਸਬੰਧੀ ਸੋਸ਼ਲ ਮੀਡੀਆ ਵਿੱਚ ਮੁੜ ਵਾਇਰਲ ਕੀਤੀ ਗਈ ਇੱਕ ਪੁਰਾਣੀ ਖ਼ਬਰ ‘ਤੇ ਸਖ਼ਤ ਨੋਟਿਸ ਲੈਂਦਿਆਂ ਇਸ ਪੁਰਾਣੀ ਵਾਇਰਲ ਬੇਬੁਨਿਆਦ ਖ਼ਬਰ ਸਬੰਧੀ ਸਿਫਾਰਿਸ਼ ਕੀਤੀ ਕਿ ਇਸ ਮੁੱਦੇ ਦੀ ਜਾਂਚ ਲਈ ਪੁਲਿਸ ਕਮਿਸ਼ਨਰੇਟ (ਸਾਈਬਰ ਕ੍ਰਾਈਮ ਸੈੱਲ) ਕੋਲ ਐਫ.ਆਈ.ਆਰ. ਦਰਜ ਕੀਤੀ ਜਾਵੇ ਕਿਉਂਕਿ ਇਸ ਨਾਲ ਯੂਨੀਵਰਸਿਟੀ ਦੇ ਨਾਂ ਨੂੰ ਠੇਸ ਪੁੱਜੀ ਹੈ।
ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁੱਖੀ, ਡਾ. ਪਵਲੀਨ ਸੋਨੀ ਅਤੇ ਨੋਡਲ ਅਫ਼ਸਰ ਡਾ. ਵਿਕਰਮ ਸੰਧੂ ਵੱਲੋਂ ਕਮੇਟੀ ਨੂੰ ਜਾਣੂ ਕਰਵਾਇਆ ਗਿਆ ਕਿ ਇਹ ਖ਼ਬਰ ਗਲਤ ਅਤੇ ਬੇਬੁਨਿਆਦ ਹੈ। ਵਿਭਾਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਿਜ਼ਰਵ ਸ਼੍ਰੇਣੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਕੋਈ ਵੱਖਰਾ ਸੈਕਸ਼ਨ ਨਹੀਂ ਬਣਾਇਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖਲ ਹੋਏ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਸਫ਼ਲਤਾਪੂਰਵਕ ਕਈ ਯੋਜਨਾਵਾਂ ਚੱਲ ਰਹੀਆਂ ਹਨ। ਇਹਨਾਂ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਕਿਸੇ ਵੀ ਸੰਭਾਵੀ ਵਿਤਕਰੇ ਤੋਂ ਬਚਣ ਲਈ ਐਸ.ਸੀ./ਐਸ.ਟੀ. ਲਈ ਸ਼ਿਕਾਇਤ ਪ੍ਰਬੰਧਨ ਸੈੱਲ ਅਤੇ ਐਸ.ਸੀ./ਐਸ.ਟੀ. ਸ਼੍ਰੇਣੀ ਲਈ ਇੱਕ ਨੋਡਲ ਅਫਸਰ ਵੀ ਨਿਯੁਕਤ ਕੀਤਾ ਗਿਆ ਹੈ।
ਕਮੇਟੀ ਦੀ ਚੇਅਰਪਰਸਨ, ਸਰਵਜੀਤ ਕੌਰ ਮਾਣੂਕੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੁਰਾਣੀ ਵਾਇਰਲ ਖ਼ਬਰ ਸਬੰਧੀ ਪੇਸ਼ ਕੀਤੇ ਗਏ ਤੱਥਾਂ ‘ਤੇ ਜਿੱਥੇ ਤਸੱਲੀ ਪ੍ਰਗਟਾਈ ਉਥੇ ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਉਚੇਰੀ ਸਿੱਖਿਆ, ਖੇਡਾਂ, ਕਲਾ, ਸਭਿਆਚਾਰ ਅਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ 25ਵੀਂ ਵਾਰ ਮਾਕਾ ਟਰਾਫ਼ੀ ਜਿੱਤਣ ‘ਤੇ ਵੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਵਧਾਈ ਦਿੱਤੀ। ਉਨ੍ਹਾਂ ਵਾਈਸ ਚਾਂਸਲਰ ਦਫ਼ਤਰ ਵਿੱਚ ਕਮੇਟੀ ਵੱੱਲੋਂ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਯੂਨੀਵਰਸਿਟੀ ਕੈਂਪਸ ਅਤੇ ਬਿਜ਼ਨਲ ਸਕੂਲ਼ ਦਾ ਨਿੱਜੀ ਦੌਰਾ ਵੀ ਕੀਤਾ। ਇਸ ਸਮੇਂ ਕਮੇਟੀ ਮੈਂਬਰਾਂ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ। ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਅਨੂਸੂਚਿਤ ਜਾਤੀਆਂ, ਅਨੂਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਚਲਾਈ ਜਾ ਰਹੀਆਂ ਭਲਾਈ ਸਕੀਮਾਂ ਦੇ ਵੇਰਵੇ ਸਾਂਝੇ ਕੀਤੇ।

Leave a Reply

Your email address will not be published.


*


%d