ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਤਸਕਰੀ ਅਤੇ ਅੰਤਰਰਾਜੀ ਹਥਿਆਰਾਂ ਦੀ ਤੱਸਕਰੀ ਦਾ ਕੀਤਾ ਪਰਦਾਫਾਸ਼ 

ਅੰਮ੍ਰਿਤਸਰ, (ਰਣਜੀਤ ਸਿੰਘ ਮਸੌਣ/ਕੁਸ਼ਾਲ/ਰਾਘਵ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਅਤੇ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਅਮਰੀਕਾ ਸਥਿਤ ਜਸਮੀਤ ਉਰਫ਼ ਲੱਕੀ ਦੀ ਹਮਾਇਤ ਵਾਲੇ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ 5 ਕਿੱਲੋ ਹੈਰੋਇੰਨ ਬਰਾਮਦ ਹੋਈ ਹੈ।
ਫ਼ੜੇ ਗਏ ਨਸ਼ਾ ਤਸਕਰ ਦੀ ਪਛਾਣ ਗੁਰਪ੍ਰੀਤ ਕੁਮਾਰ ਉਰਫ਼ ਦੀਪ (27) ਵਾਸੀ ਨਿਊ ਸ਼ਾਂਤੀ ਨਗਰ ਭਜਵਾੜਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਹੈਰੋਇੰਨ ਦੀ ਸਪਲਾਈ ਲਈ ਵਰਤੀ ਜਾ ਰਹੀ ਟਾਟਾ ਏਸੀਈ (ਛੋਟਾ ਹਾਥੀ) ਗੱਡੀ ਨੰਬਰ ਪੀਬੀ 07-ਏਐਲ-9743 ਨੂੰ ਵੀ ਜ਼ਬਤ ਕੀਤਾ ਹੈ।
 ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਦੇਸ਼ੀ ਪਿਸਤੌਲਾਂ ਸਮੇਤ ਚਾਰ ਮੈਗਜ਼ੀਨ ਅਤੇ 16 ਜਿੰਦਾ ਕਾਰਤੂਸ ਬਰਾਮਦ ਕਰਕੇ ਇੱਕ MP ਆਧਾਰਤ ਹਥਿਆਰ ਸਪਲਾਈ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ।
 ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਮਿੰਦਰਪਾਲ ਸਿੰਘ (23) ਅਤੇ ਜਤਿੰਦਰਪਾਲ ਸਿੰਘ ਉਰਫ਼ ਬਾਬਾ (20) ਦੋਵੇਂ ਵਾਸੀ ਗੁਰੂ ਨਾਨਕ ਕਲੋਨੀ ਅੰਮ੍ਰਿਤਸਰ ਵੱਜੋਂ ਹੋਈ ਹੈ। ਪੁਲਿਸ ਟੀਮ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ ਨੰਬਰ ਪੀਬੀ 02-ਈਐਸ-0344 ਨੂੰ ਵੀ ਕਬਜ਼ੇ ਵਿੱਚ ਲਿਆ ਹੈ, ਜਿਸ ’ਤੇ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ।
 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੇ ਕਾਰਵਾਈ ਕਰਦੇ ਹੋਏ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਡੀ.ਸੀ.ਪੀ ਸਿਟੀ ਡਾ: ਪ੍ਰਗਿਆ ਜੈਨ ਦੀ ਅਗਵਾਈ ਹੇਠ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ, ਏ.ਸੀ.ਪੀ ਇਨਵੈਸਟੀਗੇਸ਼ਨ ਕੁਲਦੀਪ ਸਿੰਘ ਅਤੇ ਸੀਆਈਏ ਸਟਾਫ਼-3 ਦੇ ਇੰਚਾਰਜ਼ ਇੰਸਪੈਕਟਰ ਬਰਿੰਦਰਜੀਤ ਸਿੰਘ ਨੇ ਪਿੰਡ ਕਾਜੀਕੋਟ ਤੋਂ ਝੁਬਾਲ ਰੋਡ ਵੱਲ ਜਾ ਰਹੇ ਮੁਲਜ਼ਮ ਗੁਰਪ੍ਰੀਤ ਕੁਮਾਰ ਉਰਫ਼ ਦੀਪ ਨੂੰ ਕਾਬੂ ਕੀਤਾ।
           ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਕਥਿਤ ਦੋਸ਼ੀ ਗੁਰਪ੍ਰੀਤ ਕੁਮਾਰ ਨੇ ਖੁਲਾਸਾ ਕੀਤਾ ਕਿ ਉਹ ਅਮਰੀਕਾ ਸਥਿਤ ਜਸਮੀਤ ਉਰਫ਼ ਲੱਕੀ ਦੇ ਇਸ਼ਾਰੇ ‘ਤੇ ਸਰਹੱਦ ਪਾਰ ਤੋਂ ਹੈਰੋਇੰਨ ਦੀ ਖੇਪ ਲੈ ਰਹੇ ਸਨ।
        ਇਸ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਜਸਮੀਤ ਉਰਫ਼ ਲੱਕੀ ਮਾਡਿਊਲ ਦੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.2 ਕਿੱਲੋ ਹੈਰੋਇੰਨ, ਇੱਕ ਕਾਰ, 3.80 ਲੱਖ ਰੁਪਏ ਦੀ ਡਰੱਗ ਮਨੀ ਅਤੇ 12 ਸਿੰਮ ਬਰਾਮਦ ਕੀਤੇ ਸਨ।
ਅਸਲਾ ਬਰਾਮਦਗੀ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆਂ ਕਿ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਪੁੱਲ ਤਾਰਾਂਵਾਲਾ ਦੇ ਏਰੀਏ ਤੋਂ ਨਹਿਰ ਦੇ ਨਾਲ ਸੁਲਤਾਨਵਿੰਡ ਰੋਡ ਤੋਂ ਕਾਬੂ ਕੀਤਾ। ਜਦੋਂ ਉਹ ਪਿਸਤੌਲ ਸਪਲਾਈ ਕਰਨ ਲਈ ਨਿਰਧਾਰਤ ਵਿਅਕਤੀ ਦੀ ਉਡੀਕ ਕਰ ਰਹੇ ਸਨ।
 ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਹ ਪਿਸਤੌਲ ਮੱਧ ਪ੍ਰਦੇਸ਼ (ਐਮਪੀ) ਤੋਂ ਅੰਮ੍ਰਿਤਸਰ ਵਿੱਚ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਨ ਲਈ ਲਿਆਏ ਸਨ।  ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਮੁਲਜ਼ਮਾਂ ਦੇ ਪਿੱਛਲੇ ਸਬੰਧਾਂ ਦਾ ਪਤਾ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਨੂੰ ਫਰੀਜ਼ ਕਰਨ ਲਈ ਵਿੱਤੀ ਨਜ਼ਰੀਏ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
  ਸੀ.ਪੀ.ਭੁੱਲਰ ਨੇ ਦੱਸਿਆ ਕਿ ਫ਼ੜੇ ਗਏ ਮੁਲਜ਼ਮਾਂ ਕੋਲੋਂ ਹੁਣ ਤੱਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੁੱਲ ਖੇਪ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
 ਇਸ ਸਬੰਧੀ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21,29,61,85 ਤਹਿਤ ਐਫ.ਆਈ.ਆਰ ਨੰਬਰ 25 ਮਿਤੀ 28-2-2024 ਦਰਜ ਕੀਤੀ ਗਈ ਹੈ ਅਤੇ ਦੂਸਰੇ ਮਾਮਲੇ ਵਿੱਚ ਥਾਣਾ ਸੁਲਤਾਨਵਿੰਡ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਐਫਆਈਆਰ ਨੰਬਰ 22 ਮਿਤੀ 28-2-2024 ਨੂੰ ਅਸਲਾ ਐਕਟ ਅਧੀਨ ਦਰਜ ਕੀਤੀ ਗਈ ਹੈ।
ਇਸ ਮੌਕੇ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਸਿਟੀ ਡਾ: ਪ੍ਰਗਿਆ ਜੈਨ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ, ਏ.ਸੀ.ਪੀ ਇਨਵੈਸਟੀਗੇਸ਼ਨ ਕੁਲਦੀਪ ਸਿੰਘ ਅਤੇ ਸੀਆਈਏ ਸਟਾਫ਼-3 ਦੇ ਇੰਚਾਰਜ ਇੰਸਪੈਕਟਰ ਬਰਿੰਦਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜ਼ੂਦ ਸਨ।

Leave a Reply

Your email address will not be published.


*


%d