ਪੈਨਸ਼ਨਰਜ਼ ਭਵਨ ਦੇ ਨਵੀਨੀਕਰਨ ਪਿੱਛੋਂ ਮਾਸਿਕ ਮੀਟਿੰਗ ਦੌਰਾਨ ਕੀਤਾ ਉਦਘਾਟਨ 

         ਪਾਇਲ (ਨਰਿੰਦਰ ਸ਼ਾਹਪੁਰ )
ਵਾਤਾਵਰਣ ਪ੍ਰੇਮੀ ਅਤੇ ਉੱਘੇ ਸਮਾਜਸੇਵੀ ਹੈੱਡ ਮਾਸਟਰ ਰਾਮ ਰਤਨ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਸਮਰਾਲਾ ਵੱਲੋਂ ‘ਪੈਨਸ਼ਨਰ ਭਵਨ’ ਦੇ ਨਵੀਨੀਕਰਨ ਤੋਂ ਬਾਅਦ ਉਦਘਾਟਨ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਤੋਂ ਇਕੱਤਰ ਹੋਏ ਪੈਨਸ਼ਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੈਨਸ਼ਨਰ ਭਵਨ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਜਿਸ ਨੂੰ ਤੁਹਾਡੇ ਸਹਿਯੋਗ ਦੇ ਨਾਲ  ਨਵੀਨੀਕਰਨ ਤੋਂ ਬਾਅਦ ਦੁਬਾਰਾ ਤਿਆਰ ਕੀਤਾ ਗਿਆ ਜਿੱਥੇ ਤੁਸੀਂ ਸਾਰੇ ਇਕੱਤਰ ਹੋ ਕੇ ਵਿਚਾਰ ਵਟਾਂਦਰਾ ਕਰ ਸਕਦੇ ਹੋ। ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਮੀਟਿੰਗ ਕਰ ਸਕਦੇ ਹੋ। ਉਹਨਾਂ ਅੱਗੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਵੱਲ  ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਦਾ ਖਮਿਆਜਾ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।
ਇਸ ਮੌਕੇ ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਕਿਹਾ ‘ਆਪ’ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ 1 ਜਨਵਰੀ 2016 ਤੋਂ ਛੇਵੇਂ ਵਿੱਤ ਕਮਿਸ਼ਨ ਵੱਲੋ ਲਾਗੂ ਕੀਤੇ ਬਕਾਏ ਹਾਲੇ ਤੱਕ ਨਹੀਂ ਦਿੱਤੇ। 2004 ਤੋਂ ਬਾਅਦ ਲੱਗੇ ਮੁਲਾਜ਼ਮਾਂ ਨੂੰ ਓਲਡ ਪੈਨਸ਼ਨ ਸਕੀਮ ਅਧੀਨ ਨਹੀਂ ਲਿਆਂਦਾ। ਇੱਕ ਸਰਕਾਰੀ ਮੁਲਾਜਮ ਜੋ ਆਪਣੀ ਯੋਗਤਾ ਨਾਲ ਨੌਕਰੀ ਪ੍ਰਾਪਤ ਕਰਕੇ ਅਤੇ 30-35 ਸਾਲ ਸੇਵਾ ਕਰਨ ਤੋਂ ਬਾਅਦ ਪੈਨਸ਼ਨ ਦਾ ਹੱਕਦਾਰ ਨਹੀਂ ਬਣਦਾ ਪਰ ਇੱਕ ਐਮ.ਐਲ.ਏ ਅਤੇ ਲੋਕ ਸਭਾ ਮੈਂਬਰ, ਜਿਨ੍ਹਾਂ ਤੇ ਕੋਈ ਯੋਗਤਾ ਦਾ ਵਿਧਾਨ ਵੀ ਲਾਗੂ ਨਹੀਂ ਹੁੰਦਾ,  ਪੰਜ ਸਾਲ ਮੋਟੀਆਂ ਤਨਖਾਹਾਂ ਲੈਣ ਤੋਂ ਬਾਅਦ ਪੈਨਸ਼ਨ ਦੇ ਹੱਕਦਾਰ ਬਣ ਜਾਂਦਾ ਹੈ।
ਬਿਹਾਰੀ ਲਾਲ ਸੱਦੀ ਰਿਟਾ: ਲੈਕਚਰਾਰ ਨੇ ਕਿਹਾ ਇਹ ਪੈਨਸ਼ਨਰ ਦੀਆਂ ਸਥਾਨਿਕ ਇਕਾਈਆਂ ਇਕੱਤਰ ਹੋ ਕੇ ਪੰਜਾਬ ਪੱਧਰ ਤੇ ਇੱਕ ਪ੍ਰਚੰਡ ਸੰਘਰਸ਼ ਲਈ ਲਾਮਬੰਦ ਹੋਣ ਤਾਂ ਜੋ ਆਪਣੇ ਬਣਦੇ ਹੱਕ ਪ੍ਰਾਪਤ ਕੀਤੇ ਜਾ ਸਕਣ। ਚਰਨਜੀਤ ਸਿੰਘ ਰਿਟਾ: ਸੈਂਟਰ ਹੈੱਡ ਟੀਚਰ ਅਤੇ ਰਾਜੇਸ਼ ਕੁਮਾਰ ਸਇੰਸ ਮਾਸਟਰ ਨੇ ਜਥੇਬੰਦਕ ਏਕਤਾ ਅਤੇ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸ ਨਾਲ ਆਪਣੀਆਂ ਹੱਕੀ ਮੰਗਾਂ ਮਨਾਈਆਂ ਜਾ ਸਕਦੀਆਂ ਹਨ। ਪੀ. ਐਸ. ਪੀ. ਸੀ. ਐਲ. ਪੈਨਸ਼ਨਰਜ਼ ਦੇ ਮੰਡਲ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਤੇ 1950-51 ਦੇ ਰੂਲ ਲਾਗੂ ਕਰਦੀ ਆ ਰਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰ ਨੂੰ 60 ਸਾਲਾਂ ਦੀ ਉਮਰ ਤੋਂ ਬਾਅਦ ਪੈਨਸ਼ਨ ਵਿੱਚ 5 ਪ੍ਰਤੀਸ਼ਤ ਵਾਧਾ ਅਤੇ 65 ਸਾਲਾਂ ਦੀ ਉਮਰ ਤੋਂ ਬਾਅਦ 10 ਪ੍ਰਤੀਸ਼ਤ ਵਾਧਾ ਜਾਵੇ ਕਿਉਂਕਿ ਇੱਕ ਸਰਕਾਰੀ ਮੁਲਾਜ਼ਮ ਨੂੰ ਵੀ ਸਲਾਨਾ 3 ਪ੍ਰਤੀਸ਼ਤ ਦੀ ਤਰੱਕੀ ਦਿੱਤੀ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਵਾਰ ਪੈਨਸ਼ਨਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਇਹ ਸਵਾਲ ਪੁੱਛਣਗੇ ਕਿ ਤੁਸੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਜਦੋਂ ਕਿ ਚੋਣ ਮੈਨੀਫੈਸਟੋ ਵਿੱਚ ਇਹ ਵਾਅਦਾ ਕੀਤਾ ਗਿਆ ਸੀ। ਜਥੇਦਾਰ ਅਮਰਜੀਤ ਸਿੰਘ ਬਾਲਿਓ ਕਿਹਾ ਕਿ ਮਜ਼ਦੂਰ, ਕਿਸਾਨ ਮੁਲਾਜ਼ਮ ਤੇ ਪੈਨਸ਼ਨਰ ਗੱਲ ਕੀ ਸਮਾਜ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ। ਇਹ ਦੁਖੀ ਲੋਕ ਸਰਕਾਰ ਨੂੰ ਲੋਕ ਸਭਾ ਵੋਟਾਂ ਵਿੱਚ ਜ਼ਰੂਰ ਨਾਨੀ ਯਾਦ ਕਰਾਉਣਗੇ। ਅਖੀਰ  ਸਾਰੇ ਪੈਨਸ਼ਨਾਂ ਵੱਲੋਂ ਹੈੱਡ ਮਾਸਟਰ ਰਾਮ ਰਤਨ  ਦਾ ਸਨਮਾਨ ਕੀਤਾ ਗਿਆ। ਜਨਰਲ ਸਕੱਤਰ ਰਿਟਾ: ਲੈਕਚਰਾਰ ਵਿਜੇ ਕੁਮਾਰ ਸ਼ਰਮਾ ਨੇ ਮੰਚ ਸੰਚਾਲਨ ਦੀ ਜ਼ਿੰਮਵਾਰੀ ਬਾਖੂਬੀ ਨਿਭਾਈ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪੁਖਰਾਜ ਸਿੰਘ ਘੁਲਾਲ, ਮੇਲਾ ਸਿੰਘ, ਸੁਨੀਲ ਕੁਮਾਰ, ਗੁਰਚਰਨ ਸਿੰਘ, ਰਤਨ ਲਾਲ, ਪਾਵਰ ਕੌਮ ਦੇ ਸਰਕਲ ਪ੍ਰਧਾਨ ਭਰਪੂਰ ਸਿੰਘ, ਬਲਵਿੰਦਰ ਸਿੰਘ, ਰੁਲਦਾ ਸਿੰਘ, ਹਿੰਮਤ ਸਿੰਘ, ਇੰਜੀ. ਜੁਗਲ ਕਿਸ਼ੋਰ ਸਾਹਨੀ, ਕਰਮ ਸਿੰਘ, ਸੁਰਿੰਦਰ ਕੁਮਾਰ ਵਰਮਾ, ਪਾਵਰਕੌਮ ਤੋਂ ਮਲਕੀਤ ਸਿੰਘ, ਕਾਮਰੇਡ ਬੰਤ ਸਿੰਘ, ਸ਼ਵਿੰਦਰ ਸਿੰਘ, ਨੇਤਰ ਸਿੰਘ ਮੁਤਿਓਂ, ਐਸ.ਡੀ.ਓ ਰਘਵੀਰ ਸਿੰਘ, ਮਾ. ਗੁਰਚਰਨ ਸਿੰਘ, ਅਮਰਜੀਤ ਸਿੰਘ ਰਿਟਾ. ਬੀ.ਪੀ.ਈ.ਓ, ਜੈ ਰਾਮ ਪ੍ਰਿੰਸੀਪਲ, ਹਰਿੰਦਰਜੀਤ ਸਿੰਘ, ਯਸ਼ਪਾਲ, ਪ੍ਰਿੰਸੀ. ਰਘਵੀਰ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਪੈਨਸ਼ਨਰਜ਼ ਹਾਜਰ ਸਨ।

Leave a Reply

Your email address will not be published.


*


%d