ਨਿੱਕੀ ਉਮਰੇ ਵੱਡੀ ਪਛਾਣ ਬਣਾ ਕੇ ਜਲਦੀ ਤੁਰ ਗਿਆ ਫੋਟੋ ਪੱਤਰਕਾਰ ਹਰਵਿੰਦਰ ਸਿੰਘ “ਕਾਲਾ”

ਬਹੁਤ ਨਿੱਕਾ ਜਿਹਾ ਸੀ ਜਦ ਉਹ ਰੋਜ਼ਾਨਾ ਅਜੀਤ ਦੇ ਫੋਟੋ ਰੀਪੋਰਟਰ ਹਰਿੰਦਰ ਸਿੰਘ ਕਾਕਾ ਕੋਲ ਫੋਟੋਗਰਾਫ਼ੀ ਸਿੱਖਣ ਆਇਆ। ਸਾਲ ਤਾਂ ਚੇਤੇ ਨਹੀ ਪਰ ਉਦੋਂ ਅਜੇ ਉਹ ਬਿਲਕੁਲ ਮਾਸੂਮ ਸੀ। ਫਿਲੌਰ ਤੋਂ ਹਰ ਰੋਜ਼ ਆਉਂਦਾ।
ਹੌਲੀ ਹੌਲੀ ਉਹ ਉਡਾਰ ਹੋ ਗਿਆ ਤੇ ਰੋਜ਼ਾਨਾ ਅਜੀਤ ਲਈ ਹਰਿੰਦਰ ਸਿੰਘ ਕਾਕਾ ਦੀ ਟੀਮ ਵਿੱਚ ਫੋਟੋ ਗਰਾਫ਼ੀ ਕਰਨ ਲੱਗ ਪਿਆ।
ਇੱਕ ਦਿਨ ਉਸ ਮੈਨੂੰ ਦੱਸਿਆ ਕਿ ਮੈਂ ਦੀਦਾਰ ਸੰਧੂ ਦੇ ਮੰਚ ਸੰਚਾਲਕ ਤੇ ਹਾਸ ਕਲਾਕਾਰ ਮਨਚਲਾ ਦਾ ਭਤੀਜਾ ਹਾਂ।
ਮਨਚਲਾ ਸਾਡਾ ਸਨੇਹੀ ਸੀ। ਉਸ ਨੇ ਹੀ ਰੌਸ਼ਨ ਸਾਗਰ ਜੀ ਦੀ ਸੁਰੀਲੀ ਧੀ ਅਮਰ ਨੂਰੀ ਨੂੰ ਦੀਦਾਰ ਦੀ ਟੀਮ ਵਿੱਚ ਮੇਰੇ ਰਾਹੀਂ ਸ਼ਾਮਿਲ ਕਰਵਾਇਆ ਸੀ।
ਕਾਲ਼ਾ ਜਦ ਕਦੇ ਅਜੀਤ ਲਈ ਫੋਟੋਗਰਾਫ਼ੀ ਕਰਨ ਪੰਜਾਬੀ ਭਵਨ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਆਉਂਦਾ ਤਾਂ ਮੈਨੂੰ ਵੇਖਣ ਸਾਰ ਕਾਹਲ ਪਾ ਦਿੰਦਾ ਕਿ ਰਸਮੀ ਫੋਟੋ ਕਰਵਾ ਲਵੋ ਫਿਰ ਮੈਂ ਹੋਰ ਪਾਸੇ ਵੀ ਜਾਣਾ ਹੈ।
ਉਸ ਨੂੰ ਮੈਂ ਅਕਸਰ ਛੇੜਦਾ ਤੇ ਕਹਿੰਦਾ। ਕਾਲਾ ਦੀ ਥਾਂ ਤੇਰਾ ਨਾਮ ਕਾਹਲਾ ਕਰ ਦੇਣਾ ਹੈ। ਉਹ ਹੁਣ ਤਾਂ ਸੱਚਮੁੱਚ ਕਾਹਲੀ ਕਰ ਗਿਆ। ਇਹ ਉਸ ਦੇ ਜਾਣ ਦੀ ਉਮਰ ਨਹੀਂ ਸੀ।
ਫੋਟੋ ਪੱਤਰਕਾਰਾਂ ਦੀ ਜਥੇਬੰਦੀ ਵੱਲੋਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਭਵਨ ਜਾ ਹੋਰ ਕਿਤੇ ਸਾਲਾਨਾ ਫੋਟੋ ਪਰਦਰਸ਼ਨੀ ਕਰਦੇ ਸਨ। ਉਸ ਦੇ ਖਿੱਚੇ ਫੋਟੋ ਚਿਤਰ ਨਿਸ਼ਾਨੀਆਂ ਬਣ ਗਏ ਹਨ। ਉਹ ਸਭ ਦਾ ਪਿਆਰਾ ਸੀ। ਕਦੇ ਕਿਸੇ ਦੇ ਸਿਰ ਨਹੀਂ ਸੀ ਆਉਂਦਾ। ਹਰ ਵੇਲੇ ਮੁਸਕਰਾਉਂਦਾ।
ਇਸ ਵਕਤ ਉਹ ਰੋਜ਼ਾਨਾ ਜਾਗਰਣ ਲਈ ਕੰਮ ਕਰਦਾ ਸੁਣਿਆ ਹੈ। ਉਸ ਦੀ  ਸਾਰੀ ਜ਼ਿੰਦਗੀ ਸੰਘਰਸ਼ ਦੀ ਸੀ। ਉਹ ਸਭ ਦਾ ਸਨੇਹ ਹਾਸਲ ਕਰਨ ਦੀ ਲਿਆਕਤ ਰੱਖਦਾ ਸੀ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ ਤਾ ਉਸ ਨੂੰ ਪੁੱਤਰ ਬਣਾ ਕੇ ਆਪਣੀ ਬੁੱਕਲ ਚ ਲਿਆ ਹੋਇਆ ਸੀ। ਉਹ ਵੀ ਆਗਿਆਕਾਰ ਸੀ।
ਹੁਣ ਸਿਰਫ਼ ਬਾਤਾਂ ਰਹਿ ਗਈਆਂ ਨੇ। ਕਾਲ਼ਾ ਕਾਹਲ ਕਰ ਗਿਆ।
ਅਲਵਿਦਾ! ਪੁੱਤਰਾ।

Leave a Reply

Your email address will not be published.


*


%d