ਨਗਰ ਕੌਂਸਲ ਧੂਰੀ ਦੇ ਦਫ਼ਤਰ ਦੇ ਸਾਹਮਣੇ ਪਏ ਖ਼ਾਲੀ ਸਥਾਨ ਉੱਤੇ ਹਰ ਸ਼ਨੀਵਾਰ ਲੱਗੇਗੀ ਪਹਿਲ ਮੰਡੀ: ਡੀ.ਸੀ. ਜਤਿੰਦਰ ਜੋਰਵਾਲ

ਧੂਰੀ, :::::::::::::::::::::: ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਪਹਿਲ ਪ੍ਰੋਜੈਕਟ ਤਹਿਤ ਲੋਕਾਂ ਨੂੰ ਆਰਗੈਨਿਕ ਤੇ ਸ਼ੁੱਧ ਉਤਪਾਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਪਹਿਲ ਮੰਡੀ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਧੂਰੀ ਵਿਖੇ ਵੀ ਪਹਿਲ ਮੰਡੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸੈਲਫ ਹੈਲਪ ਗਰੁੱਪਾਂ ਦੀਆਂ ਸਟਾਲਾਂ ਤੋਂ ਖਾਦ ਪਦਾਰਥ ਖਾ ਕੇ ਉਨ੍ਹਾਂ ਦੇ ਮੈਂਬਰਾਂ ਨੂੰ ਉਤਪਾਦਾਂ ਦਾ ਉੱਚ ਪੱਧਰੀ ਮਿਆਰ ਬਰਕਰਾਰ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਧੂਰੀ ਦੇ ਸਾਹਮਣੇ ਪਈ ਖਾਲੀ ਥਾਂ ਉੱਤੇ ਹਰ ਸ਼ਨੀਵਾਰ ਇਹ ਪਹਿਲ ਮੰਡੀ ਲਗਵਾਈ ਜਾਵੇਗੀ ਤਾਂ ਜੋ ਸਵੈ ਸਹਾਇਤਾ ਸਮੂਹਾਂ ਤੇ ਕਿਸਾਨਾਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਆਰਗੈਨਿਕ ਸਮਾਨ ਦੀ ਵਿਕਰੀ ਲਈ ਇੱਕ ਮਿਆਰੀ ਮੰਚ ਮੁਹੱਈਆ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲ ਪ੍ਰੋਜੈਕਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਸੀ ਅਤੇ ਇਸ ਵੇਲੇ 900 ਤੋਂ ਵਧੇਰੇ ਸੈਲਫ ਹੈਲਪ ਗਰੁੱਪ ਇਸ ਪ੍ਰੋਜੈਕਟ ਅਧੀਨ ਸਫਲਤਾਪੂਰਵਕ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲ ਪ੍ਰੋਜੈਕਟ ਨਾਲ ਸੰਗਰੂਰ ਵਾਸੀਆਂ ਖ਼ਾਸ ਕਰ ਮਹਿਲਾਵਾਂ ਨੂੰ ਗਰੁੱਪ ਬਣਾ ਕੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਲੋੜੀਂਦੀ ਸਹਾਇਤਾ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ।
ਡੀ.ਸੀ. ਜਤਿੰਦਰ ਜੋਰਵਾਲ ਨੇ ਦੱਸਿਆ ਕਿ ‘ਪਹਿਲ ਮੰਡੀ’ ’ਚ ਆਰਗੈਨਿਕ ਪਾਪੜ, ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਆਚਾਰ, ਮੁਰੱਬੇ ਅਤੇ ਸ਼ਹਿਦ ਵਰਗੇ ਸ਼ੁੱਧ ਅਤੇ ਕੁਦਰਤੀ ਖਾਦ ਪਦਾਰਥ ਉਪਲਬਧ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਹੋਣਗੇ ਜਿਸ ਨਾਲ ਇਨਾਂ ਦੀ ਉੱਚ ਗੁਣਵੱਤਾ ਦਾ ਭਰੋਸਾ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਕਿਹਾ ਕਿ ਧੂਰੀ ਵਾਸੀ  ਪਹਿਲ ਮੰਡੀ ਦਾ ਦੌਰਾ ਕਰਕੇ ਖਰੀਦਦਾਰੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਇਸ ਥਾਂ ‘ਤੇ ਲੱਗਣ ਵਾਲੀ ਪਹਿਲ ਮੰਡੀ ਦਾ ਵੱਧ ਤੋਂ ਵੱਧ ਲੋਕ ਲਾਭ ਹਾਸਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਤਵਾਰ ਨੂੰ ਸੰਗਰੂਰ ਵਿਖੇ ਲਗਦੀ ਪਹਿਲ ਮੰਡੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Leave a Reply

Your email address will not be published.


*


%d