ਦਮਦਮੀ ਟਕਸਾਲ ਨੇ ਜੂਨ ‘84 ਘੱਲੂਗਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਸ਼ਹੀਦੀ ਗੈਲਰੀ ਦੀ ਕੀਤੀ ਸੰਪੂਰਨਤਾ

ਚੌਂਕ ਮਹਿਤਾ        (ਪਾਲ)
ਜੂਨ 84 ਦੇ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸ਼ਹੀਦ  ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਸ਼ਹੀਦ ਜਨਰਲ ਸਰਦਾਰ ਸੁਬੇਗ ਸਿੰਘ,ਸ਼ਹੀਦ  ਬਾਬਾ ਠਾਹਰਾ ਸਿੰਘ ਤੇ ਘੱਲੂਘਾਰੇ ਹਫਤੇ ਦੇ ਅੰਦਰ ਸ਼ਹੀਦ ਹੋਣ ਵਾਲੇ ਸਮੂਹ ਸਿੰਘਾਂ-ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਚ ਦਰਬਾਰ ਸਾਹਿਬ ਕੰਪਲੈਕਸਚ ਸਥਾਪਤ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਜ਼ਮੀਨਦੋਜ਼ ਹਾਲ `ਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਬਣ ਕੇ ਤਿਆਰ ਹੋਈ ਸ਼ਹੀਦੀ ਗੈਲਰੀ ਦੀ ਸੰਪੂਰਨਤਾ ਤੋਂ ਬਾਅਦ ਅੱਜ ਇਸ ਨੂੰ ਸਿੱਖ ਕੌਮ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਅੱਜ ਇਸ ਸ਼ਹੀਦੀ ਗੈਲਰੀ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ਼੍ਹੇ ਜਾਣ ਮੌਕੇ ਰੱਖੇ ਗਏ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ,ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ, ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਐਡਵੋਕੇਟ ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਸ਼ਹੀਦੀ ਗੈਲਰੀ ਦਾ ਸ਼ੁੱਭ ਉਦਘਾਟਨ ਕੀਤਾ,ਜਿਸ ਮੌਕੇ ਬਾਬਾ ਧਰਮ ਸਿੰਘ ਯੂ.ਐੱਸ.ਏ.,ਗਿਆਨੀ ਪਿੰਦਰਪਾਲ ਸਿੰਘ ਤੇ ਭਾਈ ਈਸ਼ਰ ਸਿੰਘ ਸਪੁੱਤਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਆਦਿ ਵੀ ਨਾਲ ਮੌਜੂਦ ਸਨ। ਇਸ ਦੌਰਾਨ ਸ਼ਹੀਦੀ ਗੈਲਰੀ ਦੀ ਸੰਪੂਰਨਤਾ ਦੇ ਸ਼ੁਕਰਾਨੇ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਮਾਗਮ’ਚ ਹਾਜ਼ਰ ਜੂਨ ’84 ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਗੈਲਰੀ ਬਣਾਏ ਜਾਣ ਨੂੰ ਸਮੇਂ ਦੀ ਮੁੱਖ ਲੋੜ ਦੱਸਦਿਆ ਕਿਹਾ ਕਿ ਸਾਡੇ ਬੱਚਿਆਂ ਨੂੰ ਆਪਣੇ ਸ਼ਹੀਦਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਤੇ ਇਹ ਸ਼ਹੀਦੀ ਗੈਲਰੀ ਉਸ ਮਨੋਰਥ ਨੂੰ ਭਲ਼ੀਭਾਂਤ ਪੂਰਾ ਕਰਦੀ ਹੈ।ਉਨ੍ਹਾਂ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਧੰਨਵਾਦ ਕਰਦਿਆ ਕਿਹਾ ਕਿ ਦਮਦਮੀ ਟਕਸਾਲ ਨੇ ਇਸ ਗੈਲਰੀ ਨੂੰ ਤਿਆਰ ਕਰਕੇ ਤੀਸਰੇ ਘੱਲੂਘਾਰੇ ਦੇ ਅਮਿੱਟ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ।

ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਗੈਲਰੀ ਦੀ ਮਹੱਤਤਾ ਨੂੰੰ ਦਰਸਾਉਂਦਿਆ ਕਿਹਾ ਕਿ ਇਹ ਸ਼ਹੀਦੀ ਗੈਲਰੀ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਵੱਡੀ ਸ਼ਰਧਾਂਜਲੀ ਹੋਵੇਗੀ।ਉਨ੍ਹਾਂ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਬਹੁਤ ਘਾਲਣਾ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਹੈ,ਜੋ ਕਿ ਕੌਮ ਲਈ ਬਹੁਤ ਵੱਡੀ ਦੇਣ ਹੈ।
ਇਸ ਮੌਕੇ ਸ੍ਰੌਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆ ਕਿਹਾ ਕਿ ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦ ਸਿੰਘਾਂ ਨੂੰ ਯਾਦ ਕਰਨ ਤੇ ਉਨ੍ਹਾਂ ਨੂੰ ਮਾਣ ਸਤਿਕਾਰ ਦੇਣਾ ਸਾਡਾ ਮੁੱਢਲਾ ਫਰਜ਼ ਹੈ,ਕਿਉਂਕਿ ਇਸ ਸ਼ਹੀਦ ਸਾਡੇ ਕੌਮ ਦਾ ਸਰਮਾਇਆ ਹਨ।ਉਨ੍ਹਾਂ ਨੇ ਕਿਹਾ ਕਿ  ਜੂਨ ’84 ਘੱਲੂਗਾਰੇ ਦੌਰਾਨ ਸ਼ਹੀਦ ਹੋਣ ਵਾਲੇ ਸਮੂਹ ਸਿੰਘਾਂ ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ ਇਹ ਸ਼ਹੀਦੀ ਗੈਲਰੀ ਬਣਾਉਣਾ ਬਹੁਤ ਵੱਡਾ ਕਾਰਜ ਹੈ।
ਇਸ ਯਾਦਗਾਰੀ ਨੂੰ ਬਣਾਉਣ ਸਬੰਧੀ ਆਪਣੇ ਵਿਚਾਰ ਦੱਸਦੇ ਹੋਏ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪੰਥ ਵੱਲੋਂ ਸਪੁਰਦ ਕੀਤੀ ਗਈ ਇਸ ਜ਼ਿੰਮੇਵਾਰੀ ਨੂੰ ਸੰਪੂਰਨ ਕਰਨ ਦੇ ਉਦੇਸ਼ ਨਾਲ ਜੂਨ `84 ਦੇ ਘੱਲੂਘਾਰੇ ਦੇ ਸਬੰਧੀ ਅੰਕੜਿਆਂ ਨੂੰ ਇਕੱਤਰ ਕਰਦਿਆਂ ਜੂਨ 1 ਤੋਂ 6 ਜੂਨ ਤੱਕ ਸ਼ਹੀਦ ਹੋਣ ਵਾਲੇ ਸਮੂਹ ਯੌਧਿਆਂ,ਪੰਥਕ ਆਗੂਆਂ ਤੇ ਸ਼ਰਧਾਂਲੂਆਂ ਦੇ ਨਾਵਾਂ ਇੱਕ ਸੂਚੀ ਤਿਆਰ ਕੀਤੀ ਗਈ ਸੀ।ਅੱਜ ਦਮਦਮੀ ਟਕਸਾਲ ਵੱਲੋ ਇੰਂਨ੍ਹਾਂ ਸਭਨਾਂ ਸ਼ਹੀਦਾਂ ਦੀਆਂ ਤਸਵੀਰਾਂ ਇਸ ਗੈਲਰੀ ਅੰਦਰ ਲਗਾਈਆਂ ਗਈਆਂ ਹਨ ਤੇ ਕੁਝ ਸ਼ਹੀਦਾਂ ਦੀਆਂ ਤਸਵੀਰਾਂ ਦੀ ਅਣਹੋਂਦ ‘ਚ ਉਨ੍ਹਾਂ ਦੇ ਨਾਮ ਦਰਜ ਕੀਤੇ ਗਏ ਹਨ।ਇਸਦੇ ਨਾਲ ਹੀ ਘੱਲੂਘਾਰੇ  ਦੌਰਾਨ ਢਹਿ ਢੇਰੀ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਸ਼ਾਲ ਮਾਡਲ ਨੂੰ ਇਸ ਗੈਲਰੀ ‘ਚ ਸ਼ੁਸ਼ੋਭਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਗੈਲਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਬਕ ਹੋਵੇਗਾ ਕਿ ਕਿਵੇਂ ਸਾਡੀ ਕੌਮ ਨੇ ਸਰਕਾਰੀ ਹਕੂਮਤਾਂ ਦੇ ਜ਼ਬਰ ਜ਼ੁਲਮ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ ਤੇ ਕਿਵੇਂ ਸਾਡੀ ਕੌਮ ਦੇ ਯੌਧਿਆਂ ਨੇ ਡੱਟ ਕੇ ਇਸ ਜ਼ਬਰ ਜ਼ੁਲਮ ਦਾ ਸਾਹਮਣਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆ ਸਨ।ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਯਾਦਗਾਰ ਨੂੰ ਬਣਾਉਣਾ ਦਮਦਮੀ ਟਕਸਾਲ ਲਈ ਇੱਕ ਚਣੌਤੀ ਵਾਂਗ ਸੀ ਪਰ ਅਕਾਲ ਪੁਰਖ ਦੀ ਆਪਾਰ ਕ੍ਰਿਪਾ ਸਦਕਾ ਉਹ ਇਸ ਕਾਰਜ ਨੂੰ ਸੰਪੂਰਨ ਕਰਨ ‘ਚ ਸਫਲ ਰਹੇ ਤੇ ਭਵਿੱਖ ‘ਚ ਵੀ ਦਮਦਮੀ ਟਕਸਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਜਿਹੇ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰਦੀ ਰਹੇਗੀ।

ਇਸ ਮੌਕੇ ਬਾਬਾ ਬੰਤਾ ਸਿੰਘ ਮੁੰਡਾਪਿੰਡ ਵਾਲੇ,ਭਾਈ ਜਸਪਾਲ ਸਿੰਘ ਚੇਅਰਮੈਨ ਸਿੱਖ ਸੁਪਰੀਮ ਕੌਂਸਲ ਮੁੰਬਈ,ਬੀਬੀ ਸਤਵੰਤ ਕੌਰ ਸਪੁਤਰੀ ਸ਼ਹੀਦ ਭਾਈ ਅਮਰੀਕ ਸਿੰਘ,ਭਾਈ ਬੇਅੰਤ ਸਿੰਘ ਭਰਾਤਾ ਸ਼ਹੀਦ ਜਨਰਲ ਸੁਬੇਗ ਸਿੰਘ,ਭਾਈ ਮਨਜੀਤ ਸਿੰਘ, ਭਾਈ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੌਮਣੀ ਕਮੇਟੀ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ,ਭਾਈ ਗੁਰਚਰਨ ਸਿੰਘ ਗਰੇਵਾਲ,ਭਾਈ ਅਮਰਜੀਤ ਸਿੰਘ ਚਾਵਲਾ ,ਐਡਵੋਕੇਟ ਭਾਈ ਭਗਵੰਤ ਸਿੰਘ ਸਿਆਲਕਾ ਤੇ ਭਾਈ ਸਰਬਜੀਤ ਸਿੰਘ ਘੁਮਾਣ,ਭਾਈ ਅਜੈਬ ਸਿੰਘ ਅਭਿਆਸੀ,ਡਾ.ਇੰਦਰਜੀਤ ਸਿੰਘ ਗੋਗੋਆਣੀ,ਦੀਪ ਸਿੰਘ ਯੂ.ਐੱਸ.ਏ.,ਲਖਵਿੰਦਰ ਸਿੰਘ ਪੱਪੂ ਯੂ.ਐੱਸ.ਏ.,ਗਿਆਨੀ ਜੀਵਾ ਸਿੰਘ ਚਰਨਪ੍ਰੀਤ ਸਿੰਘ ਹੈਪੀ,ਹੀਰਾ ਸਿੰਘ ਪੱਡਾ,ਅਮਰਜੀਤ ਸਿੰਘ ਮੁੰਬਈ,ਭਾਈ ਅਵਤਾਰ ਸਿੰਘ ਬੁੱਟਰ,ਭਾਈ ਹਰਸ਼ਦੀਪ ਸਿੰਘ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ),ਜਥੇਦਾਰ ਸੁਖਦੇਵ ਸਿੰਘ ਆਨੰਦਪੁਰ ਸਾਹਿਬ ਵਾਲੇ,ਬਾਬਾ ਅਜੀਤ ਸਿੰਘ,ਗਿਆਨੀ ਸਾਹਬ ਸਿੰਘ,ਬਾਬਾ ਬੋਹੜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਥਕ ਸਖਸ਼ੀਅਤਾਂ ਤੇ ਸੰਗਤਾਂ ਮੌਜੂਦ ਸਨ।

Leave a Reply

Your email address will not be published.


*


%d