ਟੋਲ ਪਲਾਜ਼ਾ ’ਤੇ ਮਿਲੇ ਛੂਟ, ਇਸ਼ਤਿਹਾਰ ਨੀਤੀ ਪਾਰਦਰਸ਼ੀ ਬਣਾਕੇ ਛੋਟੇ ਅਖ਼ਬਾਰਾਂ ਨੂੰ ਨਿਰੰਤਰ ਇਸ਼ਤਿਹਾਰ ਦੇਣ ਦੀ ਕੀਤੀ ਮੰਗ

 
ਚੰਡੀਗੜ੍ਹ :- ਹਰਿਆਣਾ ਦੇ ਪੱਤਰਕਾਰਾਂ ਦੀ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟ ਯੂਨੀਅਨ (ਰਜਿ.) ਦੇ ਵਫ਼ਦ ਨੇ ਪ੍ਰਧਾਨ ਰਾਮ ਸਿੰਘ ਬਰਾੜ ਦੀ ਅਗਵਾਈ ਹੇਠ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨਾਲ ਹਰਿਆਣਾ ਰਾਜ ਭਵਨ ’ਚ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਇੰਡੀਅਨ ਜਰਨਲਿਸਟ ਯੂਨੀਅਨ ਨਾਲ ਸਬੰਧਿਤ ਚੰਡੀਗੜ੍ਹ ਤੇ ਹਰਿਆਣਾ ਜਰਨਲਿਸਟ ਦੇ ਵਫ਼ਦ ਵਿਚ ਆਈਜੇਯੂ ਦੇ ਸਾਬਕਾ ਕੌਮੀ ਪ੍ਰਧਾਨ ਐ.ਐਨ. ਸਿਨ੍ਹਾ, ਜਨਰਲ ਸਕਤੱਰ ਬਲਵਿੰਦਰ ਜੰਮੂ, ਚੰਡੀਗੜ੍ਹ ਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਵੰਤ ਤਕਸ਼ਕ, ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਆਚਾਰੀਆ, ਯੂਨੀਅਨ ਦੀ ਮੀਤ ਪ੍ਰਧਾਨ ਨਿਸ਼ਾ ਸ਼ਰਮਾ, ਜਨਰਲ ਸਕੱਤਰ ਸੁਰਿੰਦਰ ਗੋਇਲ, ਸਕੱਤਰ ਅਭਿਸ਼ੇਕ ਤੇ ਵਿਨੋਦ ਤੋਂ ਇਲਾਵਾ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜਰਨਲ ਸਕੱਤਰ ਪ੍ਰੀਤਮ ਰੂਪਾਲ, ਪੀਸੀਜੇਯੂ ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਛਿੱਬਰ, ਜਰਨਲ ਸਕੱਤਰ ਬਿੰਦੂ ਸਿੰਘ ਅਤੇ ਕਾਰਜਕਾਰਨੀ ਮੈਂਬਰ ਆਤਿਸ਼ ਗੁਪਤਾ ਵੀ ਸ਼ਾਮਲ ਸਨ। 
ਇਸ ਮੌਕੇ ਰਾਮ ਸਿੰਘ ਬਰਾੜ ਨੇ ਰਾਜਪਾਲ ਨੂੰ ਪੱਤਰਕਾਰਾਂ ਦੀ ਮੰਗਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਬਰਾੜ ਨੇ ਰਾਜਪਾਲ ਨੂੰ ਕਰੋਨਾ ਕਾਲ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਨੂੰ ਕਰੋਨਾ ਯੋਧਾ ਮੰਨਦੇ ਹੋਏ ਸ਼ਹੀਦ ਹੋਏ ਪੱਤਰਕਾਰਾਂ ਦੇ ਵਾਰਸਾਂ ਨੂੰ ਦਸ -ਦਸ ਲੱਖ ਰੁਪਏ ਦੀ ਮਾਲੀ ਮੱਦਦ ਦੇਣ , ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਪੱਤਰਕਾਰ ਪੈਨਸ਼ਨ ਯੋਜਨਾਂ ’ਚ ਵਾਧਾ ਕਰਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਮਾਨਤਾ ਦੇ ਨਿਯਮ ਸੌਖੇ ਕਰਕੇ ਕਸਬਿਆਂ ਦੇ ਪੱਤਰਕਾਰਾਂ ਨੂੰ ਵੀ ਮਾਨਤਾ ਦੇਣ, ਰਾਜ ਪੱਧਰੀ ਪ੍ਰੈੱਸ ਮਾਨਤਾ ਕਮੇਟੀ ਦਾ ਗਠਨ ਕਰਨ, ਪੈਨਸ਼ਨ ਲਈ ਪੱਤਰਕਾਰਾਂ ਦੀ ਉਮਰ 55 ਸਾਲ ਕਰਨ, ਲਾਇਲਾਜ ਬੀਮਾਰੀ ਤੇ ਕੁਦਰਤੀ ਮੌਤ ਹੋਣ ’ਤੇ ਉਮਰ ਹੱਦ ਦੀ ਸ਼ਰਤ ਘਟਾਉਣ, ਗੈਰ ਮਾਨਤਾ ਪੱਤਰਕਾਰਾਂ ਨੂੰ ਵੀ ਪੈਨਸ਼ਨ ਦੇਣ, ਸਾਰੇ ਪੱਤਰਕਾਰਾਂ ਨੂੰ ਕੈਸ਼ਲੈੱਸ ਮੈਡੀਕਲ ਸੁਵਿਧਾ ਦੇਣ ਦੀ ਮੰਗ ਕੀਤੀ। 
ਸ੍ਰੀ ਬਰਾੜ ਨੇ ਦੱਸਿਆ ਕਿ ਹੋਰਨਾਂ ਮੰਗਾਂ ਵਿਚ ਹਰਿਆਣਾ ਦੇ ਪੱਤਰਕਾਰਾਂ ਲਈ ਚੰਡੀਗੜ੍ਹ ਤੇ ਪੰਚਕੂਲਾ ਵਿਚ ਸਰਕਾਰੀ ਮਕਾਨਾਂ ਦਾ ਕੋਟਾ ਵਧਾਉਣ, ਜਿਲਾ ਤੇ ਸਬ ਡਿਵੀਜਨ ਪੱਧਰ ’ਤੇ ਪੱਤਰਕਾਰਾਂ ਨੂੰ ਵੀ ਚੰਡੀਗੜ੍ਹ ਦੀ ਤਰਜ਼ ’ਤੇ ਸਰਕਾਰੀ ਮਕਾਨ ਦੀ ਸੁਵਿਧਾ ਦੇਣ, ਪੱਤਰਕਾਰਾਂ ਨੂੰ ਸਹਿਕਾਰੀ ਮਕਾਨ ਸੰਮਤੀਆਂ ਨੂੰ ਸੂਬਾ, ਜਿਲ੍ਹਾ ਤੇ ਸਬ ਡਿਵੀਜਨ ਪੱਧਰ ’ਤੇ ਪਹਿਲ ਦੇ ਅਧਾਰ ’ਤੇ ਸ਼ਹਿਰੀ ਵਿਕਾਸ ਯੋਜਨਾਂ ਤਹਿਤ ਜ਼ਮੀਨ ਤੇ ਪਲਾਟ ਅਲਾਟ ਕਰਨ, ਪੱਤਰਕਾਰਾਂ ਦੇ ਮੁਫ਼ਤ ਬੱਸ ਸਫ਼ਰ ’ਤੇ ਕਿਲੋਮੀਟਰ ਦੀ ਹੱਦ ਖ਼ਤਮ ਕਰਨ, ਟੋਲ ਪਲਾਜ਼ਾ ’ਤੇ ਛੂਟ ਦੇਣ ਤੇ ਇਸ਼ਤਿਹਾਰ ਨੀਤੀ ਪਾਰਦਰਸ਼ੀ ਵਧਾਉਣ ਦੀ ਮੰਗ ਸ਼ਾਮਲ ਹਨ। ਬਰਾੜ ਨੇ ਦਸਿਆ ਕਿ ਮਾਣਯੋਗ ਰਾਜਪਾਲ ਨੇ ਪੱਤਰਕਾਰਾਂ ਦੀ ਮੰਗਾਂ ਨੂੰ ਸਾਕਾਰਤਮਕ ਢੰਗ ਨਾਲ ਸੁਣਿਆ ਤੇ  ਭਰੋਸਾ ਦਿੱਤਾ। 
 

Leave a Reply

Your email address will not be published.


*


%d