ਜੇਕਰ ਪਹਿਲੇ ਸੰਮਨਾਂ ਤੇ ਕੇਜਰੀਵਾਲ ਪੇਸ਼ ਹੁੰਦੇ ਤਾਂ ਆ ਕੁਝ ਨਾ ਹੁੰਦਾ-ਗੋਲਡੀ

ਭਵਾਨੀਗੜ੍ਹ              (ਮਨਦੀਪ ਕੌਰ ਮਾਝੀ) ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਸੰਗਰੂਰ ਤੋਂ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਭਵਾਨੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਨੂੰ ਬਦਲੇ ਦੀ ਭਾਵਨਾ ਦੱਸ ਰਹੀ ਹੈ ਅਤੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦੇ ਰਹੀ ਹੈ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਜੇਕਰ ਵਿਜੀਲੈਂਸ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉਹ ਕਾਨੂੰਨ ਹੁੰਦਾ ਹੈ ਅਤੇ ਉਸਨੂੰ ਕੁਰੱਪਟ ਦੱਸਿਆ ਜਾਂਦਾ ਹੈ ਪਰੰਤੂ ਜਦੋਂ ਸੀਬੀਆਈ ਜਾਂ ਈਡੀ ਕਾਰਵਾਈ ਕਰਦੀ ਹੈ ਤਾਂ ਫਿਰ ਤੁਹਾਡੇ ਨਾਲ ਧੱਕਾ ਹੈ। ਆਮ ਆਦਮੀ ਪਾਰਟੀ ਇਹ ਡਰਾਮਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਈ ਡੀ ਵਲੋਂ ਕੇਜਰੀਵਾਲ ਨੂੰ 9 ਸੰਮਨ ਮਿਲੇ ਪਰੰਤੂ ਉਹ ਪੇਸ਼ ਨਹੀਂ ਹੋਏ, ਹੁਣ ਈਡੀ ਦੀ ਧੱਕੇਸ਼ਾਹੀ ਦੱਸਦੇ ਹਨ। ਜੇਕਰ ਅਰਵਿੰਦ ਕੇਜਰੀਵਾਲ ਬਹੁਤਾ ਹੀ ਸੱਚਾ ਸੁੱਚਾ  ਹੈ ਤਾਂ ਉਹ ਪਹਿਲੇ 9 ਸੰਮਨਾਂ ਵਿਚ ਪੇਸ਼ ਕਿਉਂ ਨਹੀਂ ਹੋਇਆ। ਉਹਨਾਂ ਕਿਹਾ ਕੇਜਰੀਵਾਲ ਨੂੰ 9 ਸੰਮਨ ਲੈਣ ਦੀ ਲੋੜ ਹੀ ਨਹੀਂ ਸੀ, ਕੇਜਰੀਵਾਲ ਨੂੰ ਪਹਿਲੇ ਸੰਮਨ ਤੇ ਹੀ ਪੇਸ਼ ਹੋਣਾ ਚਾਹੀਦਾ ਸੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਨੂੰ ਚੁਕਾਉਣਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਵੱਡਾ ਰੋਲ ਹੋ ਸਕਦਾ ਹੈ। ਕਿਉਂਕਿ ਹੁਣ ਤੱਕ ਜਿੰਨ੍ਹੇ ਵੀ ਵੱਡੇ ਲੀਡਰਾਂ ਦੀ ਬੋਲਤੀ ਬੰਦ ਕੀਤੀ ਉਹਨਾਂ ਸਾਰਿਆਂ ਨੇ ਭਗਵੰਤ ਮਾਨ ’ਤੇ ਹੀ ਦੋਸ਼ ਲਗਾਏ ਹਨ। ਜੋ ਵਿਅਕਤੀ ਕਲਾਕਾਰ ਜਾਂ ਲੀਡਰ ਭਗਵੰਤ ਮਾਨ ਦੇ ਨਾਲ ਰਿਹਾ ਹੈ ਜਾਂ ਉਸਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਉਸਦੀ ਮੰਜੀ ਸ. ਮਾਨ ਨੇ ਹੀ ਠੋਕੀ ਹੈ ਜਿਵੇਂ ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਘੁੱਗੀ, ਸੁੱਚਾ ਸਿੰਘ ਛੋਟੇਪੁਰ ਵਰਗੇ ਪਤਾ ਹੀ ਨਹੀਂ ਕਿੰਨੇ ਲੀਡਰਾਂ ਨੇ ਭਗਵੰਤ ਤੇ ਖੁਦ ਹੀਰੋ ਬਣਨ ਦੇ ਚੱਕਰ ਉਹਨਾਂ ਦੀ ਆਵਾਜ ਨੂੰ ਦਬਾਉਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਜਦੋਂ ਤਾਂ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਮਜੀਠੀਆ ਵਰਗੇ ਆਗੂਆਂ ਨੂੰ ਅੰਦਰ ਕਰਦੇ ਹੋ ਉਦੋਂ ਕਾਨੂੰਨ ਹੋਰ ਹੁੰਦਾ ਹੈ ਅਤੇ ਜਦੋਂ ਕੇਜਰੀਵਾਲ ਨੂੰ ਚੁੱਕਿਆ ਜਾਂਦਾ ਹੈ ਤਾਂ ਉਸਨੂੰ ਤੁਸੀਂ ਧੱਕਾ ਦੱਸਦੇ ਹੋ। ਉਹਨਾਂ ਕਿਹਾ ਸੰਵਿਧਾਨ ਦੀ ਗੱਲ ਕਰਨ ਵਾਲੇ ਜਦੋਂ ਖਹਿਰਾ, ਮਜੀਠੀਆ ਅਤੇ ਭਾਈ ਅਮ੍ਰਿਤਪਾਲ ਸਿੰਘ ਹੋਰਾਂ ਨੂੰ ਅੰਦਰ ਕਰਦੇ ਹੋ ਉਦੋਂ ਸੰਵਿਧਾਨ ਕੀ ਹੁੰਦਾ ਹੈ ਆਪਣੀ ਵਾਰੀ ਆਪ ਸਰਕਾਰ ਧੱਕਾ ਦੱਸ ਰਹੀ ਹੈ।
ਵਿਨਰਜੀਤ ਨੇ ਇਹ ਵੀ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦਾ ਜਿਲ੍ਹਾ ਅਤੇ ਵਿੱਤ ਮੰਤਰੀ ਦੇ ਹਲਕੇ ਅੰਦਰ ਲੋਕ ਨਕਲੀ ਸ਼ਰਾਬ ਪੀਣ ਨਾਲ ਮਰ ਰਹੇ ਹਨ। ਉਹਨਾਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਤੰਜ ਕਸਦਿਆਂ ਕਿਹਾ ਕਿ ਕਿਸੇ ਟਾਈਮ ਤੁਸੀਂ ਜਦੋਂ ਬਿਕਰਮ ਮਜੀਠੀਆ ਦੀਆਂ ਨਸ਼ਾ ਤਸਕਰ ਦੀਆਂ ਫੋਟੋਆਂ ਲਗਾ ਕੇ ਸੜਕਾਂ ਤੇ ਬੋਰਡ ਲਗਾਏ ਸਨ ਪਰੰਤੂ ਅੱਜ ਤੁਹਾਡੇ ਹਲਕੇ ਵਿਚ ਵੀ ਜ਼ਹਿਰੀਲੀ ਸ਼ਰਾਬ ਪੀ ਕੇ 3 ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਕਿਹਾ ਆਪਣਾ ਇਖਲਾਕੀ ਫਰਜ ਸਮਝ ਦਿਆਂ ਅਮਨ ਅਰੋੜਾਂ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਪਰਿਵਾਰਾਂ ਨੂੰ ਮੁਆਵਜਾ ਦੇ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਬਹੁਤੇ ਸੂਬਿਆਂ ਵਿਚ ਆਮ ਆਦਮੀ ਅਤੇ ਕਾਂਗਰਸ ਦਾ ਗੱਠਜੋੜ ਹੋ ਚੁੱਕਾ ਹੈ ਅਤੇ ਪੰਜਾਬ ਭਗਵੰਤ ਮਾਨ ਅੜਿੱਕਾ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਨਹੀਂ ਚਾਹੁੰਦਾ ਕਿ ਆਪ ਅਤੇ ਕਾਂਗਰਸ ਦਾ ਗੱਠਜੋੜ ਹੋਵੇ ਕਿਉਂਕਿ ਭਗਵੰਤ ਕਿਸੇ ਨੂੰ ਆਪਣੇ ਉਪਰ ਉਠਦਾ ਨਹੀਂ ਦੇਖ ਸਕਦਾ। ਉਹਨਾਂ ਕਿਹਾ ਦਿੱਲੀ ਵਾਲਿਆਂ ਤੇ ਪੰਜਾਬ ਵਿਚ ਪਹਿਲੀ ਵਾਰ ਟਿਕਟਾਂ ਵੰਡਣ ਲਈ ਦੋ ਦੋ ਸੌ ਕਰੋੜ ਰੁਪਏ ਇਕੱਠੇ ਕੀਤੇ ਹਨ, ਪੰਜਾਬ ਦਾ ਪੈਸਾ ਲੁੱਟਣ ਵਾਲੇ ਆਪਣੇ ਆਪ ਨੂੰ ਸਾਫ ਸੁਥਰੇ ਦੱਸ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸਿੰਸੋਦੀਆ ਫਿਰ ਕੇਜਰੀਵਾਲ ਅਤੇ ਅਗਲੀ ਵਾਰੀ ਪੰਜਾਬ ਵਿਚ ਲੱਗਣ ਵਾਲੀ ਹੈ। ਉਹਨਾਂ ਕੇਜਰੀਵਾਲ ਵਲੋਂ ਵੋਟਾਂ ਨੂੰ ਮੁੱਦਾ ਬਣਾ ਕਾਰਵਾਈ ਨੂੰ ਝੂਠਲਾਉਂਦਿਆ ਕਿਹਾ ਜਦੋਂ ਕੇਜਰੀਵਾਲ ਨੂੰ 9 ਸੰਮਨ ਜਾਰੀ ਹੋਏ ਸਨ ਤਾਂ ਉਹ ਪੇਸ਼ ਕਿਉਂ ਨਹੀਂ ਹੋਏ। ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਹੀ ਇਸਨੂੰ ਚੋਣਾਂ ਮੁੱਦਾ ਬਣਾਉਣਾ ਚਾਹੁੰਦੀ ਹੈ ਇਸੇ ਕਰਕੇ ਕੇਜਰੀਵਾਲ ਪਹਿਲੇ 9 ਸੰਮਨਾਂ ਤੇ ਪੇਸ਼ ਨਹੀਂ ਹੋਏ। ਉਹਨਾਂ ਕਿਹਾ ਕਿ ਜਿਹੜੇ ਬੰਦੇ ਤੇ ਨਜਾਇਜ ਪਰਚਾ ਦਰਜ ਹੁੰਦਾ ਹੈ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਅਕਾਲੀ ਦਲ ਉਸਦੇ ਨਾਲ ਖੜੇਗਾ। ਇਸ ਮੌਕੇ ਰੁਪਿੰਦਰ ਸਿੰਘ ਰੰਧਾਵਾ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਕਾਕੜਾ, ਜੋਗਾ ਸਿੰਘ ਫੱਗੂਵਾਲਾ, ਜਗਤਾਰ ਸਿੰਘ (ਸੋਮਾ) ਫੱਗੂਵਾਲਾ, ਵਰਿੰਦਰ ਸਿੰਘ ਬਾਵੀ, ਗੁਰਮੀਤ ਸਿੰਘ ਜੈਲਦਾਰ, ਗੁਰਪ੍ਰੀਤ ਸਿੰਘ ਮਾਝਾ, ਬਲਰਾਜ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ ਮਾਝੀ ਆਦਿ ਹਾਜਰ ਸਨ।

Leave a Reply

Your email address will not be published.


*


%d