ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਚੰਡੀਗੜ੍ਹ/ਅੰਮ੍ਰਿਤਸਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਹਥਿਆਰ ਤਸਕਰੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਸੱਤ ਆਧੁਨਿਕ ਪਿਸਤੌਲਾਂ ਜਿਹਨਾਂ ਵਿੱਚ ਤਿੰਨ PX5 ਅਤੇ ਚਾਰ .30 ਬੋਰ ਦੇ ਪਿਸਤੌਲ ਸ਼ਾਮਲ ਹਨ, ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ (32) ਵਾਸੀ ਪਿੰਡ ਭਿੰਡੀ ਨੈਣ, ਅੰਮ੍ਰਿਤਸਰ ਅਤੇ ਜੁਗਰਾਜ ਸਿੰਘ ਉਰਫ਼ ਜੱਗਾ (29) ਵਾਸੀ ਪਿੰਡ ਮੁੱਲਾ ਬਹਿਰਾਮ, ਅੰਮ੍ਰਿਤਸਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਇਹ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਖਿਲਾਫ਼ ਕਤਲ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ ਮਾਮਲੇ ਦਰਜ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆਂ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਪਾਕਿਸਤਾਨ ਅਧਾਰਤ ਹੈਂਡਲਰ ਜੋ ਉਨ੍ਹਾਂ ਨਾਲ ਵਟਸਐਪ ਰਾਹੀਂ ਗੱਲਬਾਤ ਕਰਦਾ ਸੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲਈ ਪਿਕਅੱਪ ਪੁਆਇੰਟ ਅਤੇ ਡਿਲੀਵਰੀ ਰੂਟ ਨਿਰਧਾਰਤ ਕਰਦਾ ਸੀ, ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆਂ ਕਿ ਖੁਫ਼ੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਛਾਉਣੀ ਖੇਤਰ ਵਿੱਚ ਨਾਕਾਬੰਦੀ ਦੌਰਾਨ ਸ਼ੱਕੀ ਬਲਵਿੰਦਰ ਸਿੰਘ ਨੂੰ ਰੋਕਿਆ ਅਤੇ ਉਸਦੇ ਕਬਜ਼ੇ ਵਿੱਚੋਂ ਪੰਜ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ। ਬਲਵਿੰਦਰ ਸਿੰਘ ਦੇ ਖੁਲਾਸੇ ਦੇ ਆਧਾਰ ‘ਤੇ, ਪੁਲਿਸ ਨੇ ਛਾਪਾ ਮਾਰ ਕੇ ਉਸਦੇ ਸਾਥੀ ਜੁਗਰਾਜ ਸਿੰਘ ਉਰਫ਼ ਜੱਗਾ ਨੂੰ ਦੋ .30 ਬੋਰ ਦੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ।ਸੀਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਰਹਿੰਦੇ ਸਨ, ਜਿਸ ਕਾਰਨ ਉਹ ਸਰਹੱਦ ਪਾਰੋਂ ਤਸ਼ਕਰੀ ਚੇਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਲਵਿੰਦਰ ਸਿੰਘ ਅਤੇ ਜੁਗਰਾਜ ਉਰਫ਼ ਜੱਗਾ ਅੰਮ੍ਰਿਤਸਰ ਦਿਹਾਤੀ ਸੈਕਟਰ ਵਿੱਚ ਸਰਗਰਮ ਸਨ ਅਤੇ ਤਸ਼ਕਰੀ ਕੀਤੇ ਹਥਿਆਰਾਂ ਦੀ ਸਪਲਾਈ ਅਤੇ ਵੰਡ ਵਿੱਚ ਸਹਾਇਤਾ ਕਰਦੇ ਸਨ।ਇਸ ਸਬੰਧੀ ਐਫਆਈਆਰ ਨੰਬਰ 247 ਮਿਤੀ 22-11-2025 ਨੂੰ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਛਾਉਣੀ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 25 (6, 7 ਅਤੇ 8) ਤਹਿਤ ਦਰਜ ਕੀਤੀ ਗਈ ਹੈ।
Leave a Reply