ਰਾਏਕੋਟ ( ਗੁਰਭਿੰਦਰ ਗੁਰੀ )
ਅੱਜ ਪ੍ਰੈੱਸ ਕਲੱਬ ਰਾਏਕੋਟ ਵੱਲੋਂ ਐਸ. ਜੀ. ਐਨ. ਡੀ. ਕਾਨਵੈਂਟ ਸਕੂਲ ਆਂਡਲੂ ਵਿੱਚ ਮਹਾਨ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਅਤੇ ਕੌਮੀ ਪ੍ਰੈੱਸ ਦਿਵਸ’ ਦੇ ਸਬੰਧ ਵਿੱਚ ਇੱਕ ਵਿਸੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਕੂਲ ਦੀਆਂ ਸੀਨੀਅਰ ਕਲਾਸਾਂ ਦੇ ਵਿਦਿਆਰਥੀ ਤੇ ਬੁੱਧੀਜੀਵੀ ਸ਼ਾਮਲ ਹੋਏ। ਇਸ ਸੈਮੀਨਾਰ ਵਿੱਚ ਸਰਾਭਾ ਦੇ ਯੋਗਦਾਨ ਨੂੰ ਯਾਦ ਕਰਨ ਦੇ ਨਾਲ-ਨਾਲ ਅਜੋਕੇ ਸਮੇਂ ਵਿੱਚ ਪੱਤਰਕਾਰੀ ਦੀ ਭੂਮਿਕਾ ਸਬੰਧੀ ਵਿਚਾਰ ਪੇਸ਼ ਕੀਤੇ ਗਏ।
ਸੈਮੀਨਾਰ ਦੀ ਸ਼ੁਰੂਆਤ ਵਾਇਸ ਪ੍ਰਿੰਸੀਪਲ ਕਮਲਜੀਤ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਸੈਮੀਨਾਰ ਵਿੱਚ ਐਸ. ਡੀ. ਐਮ. ਰਾਏਕੋਟ ਉਪਿੰਦਰਜੀਤ ਕੌਰ ਬਰਾੜ ਅਤੇ ਡੀ. ਐਸ. ਪੀ. ਰਾਏਕੋਟ ਹਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਮਹੇਸ਼ ਸ਼ਰਮਾ ਵੱਲੋਂ ਨਿਭਾਈ ਗਈ ਤੇ ਉਹਨਾਂ ਮੰਚ ਸੰਚਾਲਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਟੋਟਕਿਆਂ ਨਾਲ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਉਤਸ਼ਾਹਿਤ ਵੀ ਕੀਤਾ।
ਇਸ ਮੌਕੇ ਆਪਣੇ ਭਾਸ਼ਨ ਵਿੱਚ ਪੱਤਰਕਾਰ ਆਤਮਾ ਸਿੰਘ ਨੇ ਆਪਣੇ ਇਲਾਕੇ ਲੋਹਟਬੱਦੀ ਨਾਲ ਸਬੰਧਤ ਗ਼ਦਰੀ ਯੋਧਿਆਂ ਦੀ ਗਾਥਾ ਨੂੰ ਸਰਲ ਢੰਗ ਪੇਸ਼ ਕੀਤਾ ਤੇ ਸ਼ਹੀਦ ਸਰਾਭਾ ਦੀ 19 ਸਾਲ ਦੀ ਉਮਰ ਵਿੱਚ ਦੇਸ਼ ਤੇ ਕੌਮ ਲਈ ਕੀਤੀ ਸਭ ਤੋਂ ਵੱਡੀ ਕੁਰਬਾਨੀ ਨੂੰ ਯਾਦ ਕਰਦਿਆਂ ਦੱਸਿਆ ਕਿ ਸ਼ਹੀਦ ਸਰਾਭਾ ਨੇ ਗ਼ਦਰ ਲਹਿਰ ਦੇ ਪਰਚੇ ‘ਗ਼ਦਰ’ ਰਾਹੀਂ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਤੇ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪ੍ਰੈੱਸ ਹਮੇਸ਼ਾ ਇਨਕਲਾਬ ਦਾ ਮੁੱਖ ਹਥਿਆਰ ਰਹੀ ਹੈ।
ਇਸ ਮੌਕੇ ਸਕੂਲ ਦੀ ਵਿਦਿਆਰਥਨ ਗੁਰਬੀਰ ਕੌਰ ਨੇ ਆਪਣੇ ਦਮਦਾਰ ਸੰਬੋਧਨ ਵਿੱਚ ਪੱਤਰਕਾਰਤਾ ਦੀ ਸਹੀ ਭੂਮਿਕਾ ਦੀ ਵਿਆਖਿਆ ਭਾਵਪੂਰਤ ਸ਼ਬਦਾਂ ਵਿੱਚ ਕੀਤੀ ਤੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵੀ ਕੋਈ ਸੂਚਨਾ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਸਚਾਈ ਦੀ ਪੁਸ਼ਟੀ ਜ਼ਰੂਰੀ ਹੈ।
ਪ੍ਰੈਸ ਕਲੱਬ ਰਾਏਕੋਟ ਦੇ ਚੇਅਰਮੈਨ ਆਰ. ਜੀ. ਰਾਏਕੋਟੀ ਨੇ ਪ੍ਰੈੱਸ ਦਿਵਸ ਨੂੰ ਸਮਰਪਿਤ ਸੈਮੀਨਾਰ ‘ਚ ਆਪਣਾ ਪਰਚਾ ਪੜ੍ਹਦੇ ਹੋਏ ਕਿਹਾ ਕਿ ਕਿਹਾ ਕਿ ਸਿਰਫ਼ 19 ਸਾਲ ਦੀ ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਸਰਾਭਾ ਹਰ ਨੌਜਵਾਨ ਲਈ ਪ੍ਰੇਰਨਾ ਸਰੋਤ ਹਨ। ਸ਼ਹੀਦ ਸਰਾਭਾ ਦੇ ਅਖਬਾਰ ‘ਗਦਰ’ ਵਾਰੇ ਕਿਹਾ ਕਿ ਇਹ ਸਰਾਭਾ ਦੀ ਕ੍ਰਾਂਤੀਕਾਰੀ ਸੋਚ ਦਾ ਪ੍ਰਗਟਾਵਾ ਸੀ। ਇਸ ਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤਰ੍ਹਾਂ ਸਰਾਭਾ ਨੇ ਦਿਖਾਇਆ ਕਿ ਕਿਸ ਤਰ੍ਹਾਂ ਲਿਖਤ ਅਤੇ ਪ੍ਰਕਾਸ਼ਨ ਦੀ ਸ਼ਕਤੀ ਲੋਕਾਂ ਦੀ ਸੋਚ ਨੂੰ ਬਦਲ ਸਕਦੀ ਹੈ ਅਤੇ ਕਿਸੇ ਵੱਡੀ ਲਹਿਰ ਦੀ ਅਗਵਾਈ ਕਰ ਸਕਦੀ ਹੈ।
ਐਸ. ਡੀ. ਐਮ. ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਛੋਟੀ ਉਮਰ ਵਿੱਚ ਹੀ ਵੱਡੀ ਸੋਚ ਅਪਣਾਉਂਦੇ ਹੋਏ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ ‘ਚ ਅੱਗੇ ਵਧਣ ਲਈ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਵਿਵਹਾਰਿਕ ਸਿੱਖਿਆ ਵੀ ਜਰੂਰੀ ਹੈ। ਉਹਨਾਂ ਕੌਮੀ ਪ੍ਰੈਸ ਦਿਵਸ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।
ਡੀ. ਐਸ. ਪੀ. ਰਾਏਕੋਟ ਹਰਜਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸਰਾਭਾ ਨੇ ਆਪਣੀ ਕਲਮ ਅਤੇ ਅਵਾਜ਼ ਨਾਲ ਅਜ਼ਾਦੀ ਦੀ ਲੜਾਈ ਨੂੰ ਨਵੀਂ ਰਫਤਾਰ ਦਿੱਤੀ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਇਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਸੀਂ ਇਮਾਨਦਾਰੀ ਕਾਨੂੰਨ ਤੇ ਇਨਸਾਫ਼ ਦੀ ਰਾਹ ਤੇ ਚੱਲਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ।
ਇਸ ਮੌਕੇ ਆਏ ਮਹਿਮਾਨਾਂ ਨੂੰ ਪ੍ਰੈੱਸ ਕਲੱਬ ਰਾਏਕੋਟ ਵੱਲੋਂ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਅਧਿਆਪਕ ਵਰਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੱਚ ਅਤੇ ਨਿਰਪੱਖਤਾ ਦੇ ਮਾਰਗ ‘ਤੇ ਚੱਲਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਧਾਨ ਸੰਜੀਵ ਕੁਮਾਰ ਭੱਲਾ, ਸ਼ੁਸ਼ੀਲ ਕੁਮਾਰ, ਆਰ ਜੀ ਰਾਏਕੋਟੀ, ਰਘਵੀਰ ਸਿੰਘ ਜੱਗਾ, ਸੁਸ਼ੀਲ ਵਰਮਾਂ, ਮੁਹੰਮਦ ਇਮਰਾਨ, ਗੁਰਭਿੰਦਰ ਗੁਰੀ, ਇਕਬਾਲ ਸਿੰਘ ਗੁਲਾਬ, ਅਮਿਤ ਪਾਸੀ, ਜਸਵੰਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ, ਮਹੇਸ਼ ਸ਼ਰਮਾ, ਆਤਮਾ ਸਿੰਘ ਲੋਹਟਬੱਦੀ, ਬਿੱਟੂ ਹਲਵਾਰਾ, ਪ੍ਰਿੰਸੀਪਲ ਰਾਜਵਿੰਦਰ ਕੌਰ ਬਰਾੜ, ਵਾਇਸ ਪ੍ਰਿੰਸੀਪਲ ਕਮਲਜੀਤ ਕੌਰ, ਰੁਪਿੰਦਰ ਕੌਰ, ਮਨਦੀਪ ਕੌਰ, ਮਨਜੀਤ ਕੌਰ, ਗੁਰਜੀਤ ਕੌਰ, ਸੁਖਚੈਨ ਸਿੰਘ, ਵਰਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਗਰੇਵਾਲ, ਲਛਮਣ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਪ੍ਰਧਾਨ ਸੁਸਾਇਟੀ, ਜੁਗਰਾਜ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਗੋਰਾ, ਅਨਿਲ ਕੁਮਾਰ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।
Leave a Reply