ਲੁਧਿਆਣਾ (ਗੁਰਵਿੰਦਰ ਸਿੱਧੂ)
‘ਦਾਨ ਉਤਸਵ-2025’ ਦਾ ਸਮਾਪਨ ਸ਼ਾਨਦਾਰ ਢੰਗ ਨਾਲ ਹੋਇਆ ਜਿਸ ਵਿੱਚ ਨਿਵਾਸੀਆਂ ਨੇ ਉਤਸਵ ਦੌਰਾਨ 120,000 ਤੋਂ ਵੱਧ ਕੱਪੜੇ, 6000 ਖਿਡੌਣੇ, 5000 ਜੋੜੇ ਜੁੱਤੇ, 3000 ਬਿਸਤਰੇ, 2000 ਭਾਂਡੇ, 4000 ਉਪਕਰਣ, ਕਰਿਆਨਾ, ਈ-ਕੂੜਾ ਆਦਿ ਦਾਨ ਕੀਤੇ।
ਦਾਨ ਉਤਸਵ ਨਗਰ ਨਿਗਮ ਲੁਧਿਆਣਾ ਦੁਆਰਾ ਸਿਟੀਨੀਡਜ਼ ਅਤੇ ਐਕਟ ਹਿਊਮਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ‘ਦਾਨ ਉਤਸਵ’ ਤਹਿਤ ਵੰਡ ਸਮਾਰੋਹ ਸ਼ਨੀਵਾਰ ਨੂੰ ਪੱਖੋਵਾਲ ਰੋਡ ‘ਤੇ ਸਥਿਤ ਇਨਡੋਰ ਸਟੇਡੀਅਮ ਵਿਖੇ ਆਯੋਜਿਤ ਕੀਤਾ ਗਿਆ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਮਾਜ ਦੀ ਸੇਵਾ ਕਰਨ ਲਈ ਸਬੰਧਤ ਗੈਰ-ਸਰਕਾਰੀ ਸੰਗਠਨਾਂ/ਭਾਗੀਦਾਰਾਂ ਨੂੰ ਸਨਮਾਨਿਤ ਕੀਤਾ।
ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਫਿਲਮ ਨਿਰਮਾਤਾ ਗੁਰਅਮਾਨਤ ਸਿੰਘ, ਅਦਾਕਾਰ ਜਰਨੈਲ ਸਿੰਘ, ਅਦਾਕਾਰ ਕੁਲਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਦਯਾਕਰਨ ਸਮੇਤ ਹੋਰਨਾਂ ਨੂੰ ਵੀ ਵੰਡ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨਾਂ ਵਜੋਂ ਸਨਮਾਨਿਤ ਕੀਤਾ ਗਿਆ।
‘ਦਾਨ ਉਤਸਵ-2025’ 2 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਜਿਸ ਵਿੱਚ ਵਸਨੀਕਾਂ ਨੇ 60+ ਸੰਗ੍ਰਹਿ ਕੇਂਦਰਾਂ ‘ਤੇ ਵਰਤੋਂ ਯੋਗ ਕੱਪੜੇ, ਜੁੱਤੇ, ਬਿਸਤਰੇ, ਭਾਂਡੇ, ਕਰਿਆਨਾ, ਖਿਡੌਣੇ, ਉਪਕਰਣ ਅਤੇ ਈ-ਕੂੜਾ ਦਾਨ ਕੀਤਾ। ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਸਮੱਗਰੀ ਦਾਨ ਕੀਤੀ।
ਇਸ ਸਾਲ ਦਾਨ ਉਤਸਵ ਵਿੱਚ 120,000+ ਕੱਪੜੇ, 6000 ਖਿਡੌਣੇ, 5000 ਜੋੜੇ ਜੁੱਤੇ, 3000 ਬਿਸਤਰੇ, 2000 ਭਾਂਡੇ, 4000 ਉਪਕਰਣ, ਕਰਿਆਨਾ, ਈ-ਕੂੜਾ ਆਦਿ ਨਿਵਾਸੀਆਂ ਦੁਆਰਾ ਦਾਨ ਕੀਤੇ ਗਏ ਹਨ।
ਮਾਰਸ਼ਲ ਏਡ ਫਾਊਂਡੇਸ਼ਨ, ਏਕ ਨੂਰ ਸੇਵਾ ਕੇਂਦਰ – ਨੇਕੀ ਕੀ ਰਸੋਈ ਸਮੇਤ ਹੋਰ ਗੈਰ-ਸਰਕਾਰੀ ਸੰਗਠਨਾਂ ਨੇ ਉਤਸਵ ਵਿੱਚ ਹਿੱਸਾ ਲਿਆ। ਵੰਡ ਸਮਾਰੋਹ ਦੌਰਾਨ ਰਹਿਰਾਸ ਸੇਵਾ ਸੁਸਾਇਟੀ ਦੁਆਰਾ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ; ਸੰਸਥਾਪਕ ਨਿਰਦੇਸ਼ਕ, ਸਿਟੀਨੀਡਜ਼ ਮਨੀਤ ਦੀਵਾਨ ਅਤੇ ਐਕਟ ਹਿਊਮਨ ਤੋਂ ਹਰਲੀਨ ਕੌਰ ਨੇ ਕਿਹਾ ਕਿ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਨਗਰ ਨਿਗਮ ਲੁਧਿਆਣਾ ਆਰ.ਆਰ.ਆਰ ਯਾਨੀ ਕਿ ਕੂੜਾ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਕਰਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਹ ਪਹਿਲ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਐਲ.ਆਈ.ਐਫ.ਈ ਨਾਲ ਵੀ ਮੇਲ ਖਾਂਦੀ ਹੈ ਜੋ ਨਿਵਾਸੀਆਂ ਨੂੰ ਆਪਣੇ ਕੂੜੇ ਦਾ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਦਾਨ ਕੀਤੀ ਗਈ ਸਮੱਗਰੀ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਰਾਹੀਂ ਲੋੜਵੰਦਾਂ ਤੱਕ ਪਹੁੰਚੇਗੀ। ਮੁਹਿੰਮ ਦੌਰਾਨ ਇਕੱਠਾ ਕੀਤਾ ਗਿਆ ਈ-ਕੂੜਾ ਰੀਸਾਈਕਲਿੰਗ ਕੰਪਨੀਆਂ ਨੂੰ ਦਿੱਤਾ ਜਾਵੇਗਾ ਅਤੇ ਇਹਨਾਂ ਕੰਪਨੀਆਂ ਦੁਆਰਾ ਪੈਦਾ ਹੋਣ ਵਾਲਾ ਮਾਲੀਆ ਗੈਰ-ਸਰਕਾਰੀ ਸੰਗਠਨਾਂ ਨੂੰ ਦਾਨ ਕੀਤਾ ਜਾਵੇਗਾ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸਥਿਰਤਾ ਵੱਲ ਇੱਕ ਕਦਮ ਵੱਜੋਂ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਿਵਾਸੀਆਂ ਨੂੰ ਅੱਗੇ ਆਉਣ ਅਤੇ ਸਮਾਜ ਦੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਭਾਈਚਾਰਕ ਭਾਗੀਦਾਰੀ, ਹਮਦਰਦੀ ਅਤੇ ਸਥਿਰਤਾ ਦੀ ਸੱਚੀ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਸਿਟੀਨੀਡਜ਼, ਐਕਟ ਹਿਊਮਨ ਅਤੇ ਹੋਰ ਭਾਈਵਾਲ ਗੈਰ-ਸਰਕਾਰੀ ਸੰਗਠਨਾਂ, ਵਿਦਿਅਕ ਸੰਸਥਾਵਾਂ, ਵਲੰਟੀਅਰ ਆਦਿ ਦੇ ਯਤਨਾਂ ਦੀ ਦਿਲੋਂ ਸ਼ਲਾਘਾ ਕੀਤੀ।
Leave a Reply