ਲੁਧਿਆਣਾ (ਜਸਟਿਸ ਨਿਊਜ਼)
ਪ੍ਰੋ. ਮੋਹਨ ਸਿੰਘ ਦੇ ਪੰਜਾਬੀ ਭਵਨ ਨੇੜੇ ਲੱਗੇ ਬੁੱਤ ਨੂੰ ਪੁਸ਼ਪਮਾਲਾ ਅਰਪਿਤ ਕਰਨ ਦੇ ਨਾਲ ਹੀ ਸਾਦਗੀ ਨਾਲ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸਮਾਪਤ ਹੋ ਗਿਆ, ਜਿਹੜਾ ਮੇਲਾ ਹਰ ਸਾਲ ਉਨ੍ਹਾਂ ਦੇ ਜਨਮਦਿਨ ਮੌਕੇ ਮਨਾਇਆ ਜਾਂਦਾ ਹੈ। ਇਸ ਮੇਲੇ ਦੀ ਸ਼ੁਰੂਆਤ ਸਵ. ਸ. ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਿਗਰੀ ਦੋਸਤ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਕੀਤੀ ਸੀ।
ਇਥੇ ਜਿਕਰਯੋਗ ਹੈ ਕਿ ਮੇਲੇ ਨਾਲ ਜੁੜੇ ਬਾਕੀ ਪ੍ਰੋਗਰਾਮਾਂ ਨੂੰ ਸੂਬੇ ਅੰਦਰ ਆਈਆਂ ਹੜ੍ਹਾਂ ਦੇ ਮੱਦੇਨਜਰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਐੱਮ.ਐਲ.ਏ ਅਸ਼ੋਕ ਪਰਾਸ਼ਰ ਪੱਪੀ ਪਹੁੰਚੇ ਸਨ। ਜਿਨ੍ਹਾਂ ਨੇ ਫਾਉਂਡੇਸ਼ਨ ਦੇ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾ ਦੀ ਮੌਜੂਦਗੀ ਵਿੱਚ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਫ਼ੁੱਲਾਂ ਦੇ ਹਾਰ ਭੇਂਟ ਕੀਤੇ।
ਇਸ ਤੋਂ ਇਲਾਵਾ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਕਲਾਕਾਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਚਰਨਜੀਤ ਆਹੂਜਾ, ਜਸਵਿੰਦਰ ਭੱਲਾ ਤੇ ਸਾਡੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਅਸ਼ੋਕ ਪਰਾਸ਼ਰ ਪੱਪੀ, ਤੋਂ ਇਲਾਵਾ, ਫਾਊਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ ਤੇ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਡਾ. ਜਗਤਾਰ ਸਿੰਘ ਧੀਮਾਨ, ਡਾਇਰੇਕਟਰ ਯੂਥ ਵੈਲਫੇਅਰ ਪੰਜਾਬ ਸਰਕਾਰ ਡਾ. ਨਿਰਮਲ ਜੌੜਾ, ਅਮਰਿੰਦਰ ਸਿੰਘ ਜੱਸੋਵਾਲ, ਮਾਸਟਰ ਕਰਮਜੀਤ ਲਲਤੋਂ, ਮੋਹੀ ਅਮਰਜੀਤ, ਅਮਰਜੀਤ ਸ਼ੇਰਪੁਰੀ, ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਗਾਬਾ, ਮੈਡਮ ਜਸਵੰਤ ਕੌਰ, ਵੰਦਨਾ ਸੂਦ, ਕੁਲਦੀਪ ਕੌਰ, ਤਰਨਜੀਤ ਕੌਰ, ਸ਼ਰਨਪ੍ਰੀਤ ਕੌਰ, ਰੀਟਾ ਮੋਂਗਾ, ਪੂਨਮ ਗਿੱਲ, ਜਸਵੰਤ ਕੌਰ, ਮਨਦੀਪ ਕੌਰ ਭੰਵਰਾ, ਡਾ. ਕੋਚਰ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਚੈਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ, ਕਿਹਾ ਕਿ ਫਾਊਂਡੇਸ਼ਨ ਵੱਲੋਂ ਯੋਜਨ ਕੀਤਾ ਜਾਣ ਵਾਲਾ 47ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸੂਬੇ ਅੰਦਰ ਆਈਆਂ ਹੜ੍ਹਾਂ ਦੇ ਮੱਦੇਨਜਰ ਇਸ ਵਾਰ ਬਹੁਤ ਹੀ ਸਾਦੇ ਢੰਗ ਨਾਲ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਪੁਸ਼ਪਮਾਲਾ ਭੇਂਟ ਕਰਕੇ ਮਨਾਇਆ ਗਿਆ। ਇਸ ਤੋਂ ਇਲਾਵਾ, ਫਾਊਂਡੇਸ਼ਨ ਨੇ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਮੁੜ ਤੋਂ ਲੁਧਿਆਣਾ-ਫਿਰੋਜਪੁਰ ਰੋਡ ਸਥਿਤ ਆਰਤੀ ਚੌਂਕ ਵਿੱਚ ਲਗਾਉਣ ਦੀ ਮੰਗ ਕੀਤੀ, ਜਿਸਨੂੰ ਪੂਰਾ ਕਰਨ ਲਈ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਪੂਰਾ ਸਮਰਥਨ ਪ੍ਰਗਟਾਇਆ ਗਿਆ ਹੈ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਆਰਤੀ ਚੌਂਕ ਵਿਖੇ ਲਗਾਉਣ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਉਤਸਾਹਿਤ ਕਰਨ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਡਾ. ਨਿਰਮਲ ਜੋੜਾ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਹ ਮੇਲਾ ਉਹਨਾਂ ਦਿਨਾਂ ਦੌਰਾਨ ਵੀ ਲੱਗਦਾ ਰਿਹਾ ਹੈ, ਜਦੋਂ ਸੂਬੇ ਅੰਦਰ ਅੱਤਵਾਦ ਦਾ ਜ਼ੋਰ ਸੀ। ਉਹਨਾਂ ਨੇ ਕਿਹਾ ਕਿ ਸਵ. ਸ. ਜਗਦੇਵ ਸਿੰਘ ਜੱਸੋਵਾਲ ਵੱਲੋਂ ਆਪਣੇ ਜਿਗਰੀ ਯਾਰ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਸੀ। ਅਗਲੇ ਸਾਲ ਮੁੜ ਤੋਂ ਇਹ ਮੇਲਾ, ਆਪਣੀ ਪੁਰਾਣੀ ਰੰਗਤ ਨਾਲ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਕਰਕੇ ਮਨਾਇਆ ਜਾਵੇਗਾ।
ਇਸੇ ਤਰ੍ਹਾਂ, ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਪ੍ਰੋ. ਮੋਹਨ ਸਿੰਘ ਦੇ ਜੀਵਨ ਉੱਪਰ ਲੇਖਣੀਆਂ ਰਾਹੀ ਚਾਨਣਾ ਪਾਇਆ ਗਿਆ। ਜਿਨਾਂ ਵੱਲੋਂ ਪ੍ਰੋ. ਮੋਹਨ ਸਿੰਘ ਨਾਲ ਜੁੜੇ ਸਾਹਿਤ ਦਾ ਅਨੁਵਾਦ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਏਵੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵੱਲੋਂ ਵੀ ਕਵਿਤਾਵਾਂ ਰਾਹੀ ਪ੍ਰੋ. ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
Leave a Reply