ਜੋ ਤੁਹਾਨੂੰ ਪਿਆਰ ਕਰਦੇ ਹਨ; ਤੁਸੀਂ ਉਨ੍ਹਾਂ ਨੂੰ ਨਾ ਵੀ ਨਜ਼ਰ ਆਓ, ਤਾਂ ਵੀ ਹਰ ਪਲ ਉਨ੍ਹਾਂ ਨੂੰ ਦਿੱਸਦੇ ਹੋ। ਇਹ ਪਿਆਰ ਦੀ ਸਭ ਤੋਂ ਸੁੰਦਰ ਖੂਬੀ ਹੈ। ਪਿਆਰ ਦੇ ਰਿਸ਼ਤੇ ਵਿਚ ਦਿਲਾਂ ਦੀ ਦੂਰੀ ਕਦੇ ਵੀ ਅੱਖਾਂ ਦੀ ਦੂਰੀ ਨਾਲ ਨਹੀਂ ਤੋਲੀ ਜਾ ਸਕਦੀ। ਜਦੋਂ ਕਿਸੇ ਦੇ ਦਿਲ ਵਿੱਚ ਤੁਹਾਡੀ ਥਾਂ ਬਣ ਜਾਂਦੀ ਹੈ, ਤਦੋਂ ਤੁਸੀਂ ਉਸਦੇ ਹਰ ਖ਼ਿਆਲ, ਹਰ ਸਾਹ ਤੇ ਹਰ ਧੜਕਣ ਵਿੱਚ ਵੱਸਦੇ ਹੋ। ਉਹ ਤੁਹਾਨੂੰ ਵੇਖੇ ਜਾਂ ਨਾ ਵੇਖੇ, ਤੁਸੀਂ ਉਸਦੇ ਜੀਵਨ ਦਾ ਇਕ ਅਟੁੱਟ ਹਿੱਸਾ ਬਣ ਜਾਂਦੇ ਹੋ।
ਪਰ ਜੋ ਤੁਹਾਨੂੰ ਨਜ਼ਰਅੰਦਾਜ਼ ਕਰਦੇ ਹਨ; ਭਾਵੇਂ ਉਹ ਤੁਹਾਨੂੰ ਨਾ ਵੀ ਵੇਖਣ, ਯਕੀਨ ਮੰਨੋ, ਤਾਂ ਵੀ ਹਰ ਪਲ ਤੁਸੀਂ ਉਨ੍ਹਾਂ ਨੂੰ ਦਿੱਸਦੇ ਹੋ। ਤਾਂ ਹੀ ਤਾਂ ਉਨ੍ਹਾਂ ਨੂੰ ਤੁਹਾਨੂੰ ਨਜ਼ਰਅੰਦਾਜ਼ ਕਰਨਾ ਪੈ ਰਿਹਾ ਹੈ। ਨਜ਼ਰਅੰਦਾਜ਼ੀ ਕਦੇ ਵੀ ਬੇਧਿਆਨੀ ਨਹੀਂ ਹੁੰਦੀ, ਇਹ ਵੀ ਇੱਕ ਤਰ੍ਹਾਂ ਦਾ ਧਿਆਨ ਹੀ ਹੁੰਦਾ ਹੈ — ਉਲਟ ਰੂਪ ਵਿੱਚ।
ਜਿਹੜਾ ਵਿਅਕਤੀ ਕਿਸੇ ਨੂੰ ਬਿਲਕੁਲ ਗੌਰ ਨਹੀਂ ਕਰਦਾ, ਉਸਨੂੰ ਨਜ਼ਰਅੰਦਾਜ਼ ਕਰਨ ਦੀ ਲੋੜ ਨਹੀਂ ਪੈਂਦੀ। ਪਰ ਜਿੱਥੇ ਦਿਲ ਵਿਚ ਕੋਈ ਅਹਿਸਾਸ, ਕੋਈ ਚੋਟ ਜਾਂ ਕੋਈ ਯਾਦ ਬਚੀ ਹੁੰਦੀ ਹੈ, ਉੱਥੇ ਹੀ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ।
ਤੁਸੀਂ ਉਨ੍ਹਾਂ ਲਈ ਇਨ੍ਹਾਂ ਜ਼ਿਆਦਾ ਸੋਚਣ ਦਾ ਵਿਸ਼ਾ ਬਣ ਗਏ ਹੋ ਕਿ ਤੁਹਾਨੂੰ ਨਜ਼ਰਅੰਦਾਜ਼ ਕਰਨ ਲਈ ਉਨ੍ਹਾਂ ਨੂੰ ਜ਼ੋਰ ਲਾਉਣਾ ਪੈ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਤੁਹਾਡੀ ਹਸਤੀ ਉਨ੍ਹਾਂ ਲਈ ਮਾਮੂਲੀ ਨਹੀਂ। ਉਹ ਆਪਣੇ ਆਪ ਨੂੰ ਮਨਾਉਂਦੇ ਰਹਿੰਦੇ ਹਨ ਕਿ ਤੁਸੀਂ ਉਨ੍ਹਾਂ ਲਈ ਮਾਇਨੇ ਨਹੀਂ ਰੱਖਦੇ, ਪਰ ਅਸਲ ਵਿੱਚ ਤੁਸੀਂ ਉਨ੍ਹਾਂ ਦੇ ਖ਼ਿਆਲਾਂ ਵਿੱਚ ਇਸ ਕਦਰ ਵੱਸ ਗਏ ਹੋ ਕਿ ਉਨ੍ਹਾਂ ਨੂੰ ਤੁਹਾਡੇ ਵਿਰੁੱਧ ਆਪਣਾ ਮਨ ਕਾਇਮ ਰੱਖਣ ਲਈ ਜੰਗ ਲੜਨੀ ਪੈਂਦੀ ਹੈ।
ਕਿਸੇ ਪਿਆਰ ਕਰਨ ਵਾਲੇ ਨੂੰ ਤੁਸੀਂ ਹਰ ਪਲ ਨਜ਼ਰ ਆਓ, ਇਸ ਵਿੱਚ ਤੁਹਾਡੀ ਕੋਈ ਵਿਸ਼ੇਸ਼ਤਾ ਨਹੀਂ। ਇਹ ਉਸਦੇ ਪਿਆਰ ਦੀ ਸ਼ਿੱਦਤ ਹੈ ਕਿ ਤੁਸੀਂ ਉਸਨੂੰ ਹਰ ਪਲ ਦਿੱਸਦੇ ਹੋ। ਉਹ ਪਿਆਰ ਦੀਆਂ ਅੱਖਾਂ ਨਾਲ ਵੇਖਦਾ ਹੈ, ਜਿੱਥੇ ਤੁਸੀਂ ਇੱਕ ਚਿਹਰਾ ਨਹੀਂ, ਇਕ ਅਹਿਸਾਸ ਬਣ ਜਾਂਦੇ ਹੋ। ਪਰ ਕਿਸੇ ਨਜ਼ਰਅੰਦਾਜ਼ ਕਰਨ ਵਾਲੇ ਨੂੰ ਵੀ ਗਾਰੇ-ਬਗਾਹੇ ਯਾਦ ਆਓ, ਇਹ ਤੁਹਾਡੀ ਤਾਕਤ ਹੈ। ਇਹ ਦਰਸਾਉਂਦਾ ਹੈ ਕਿ ਤੁਸੀਂ ਕੇਵਲ ਇਕ ਯਾਦ ਨਹੀਂ, ਇਕ ਅਸਰ ਹੋ ਜੋ ਦਿਲ ਤੇ ਮੌਜੂਦ ਰਹਿੰਦਾ ਹੈ।
ਤੁਸੀਂ ਉਹ ਕੋਹੜ-ਕਿਰਲੀ ਹੋ ਜੋ ਸੱਪ ਦੇ ਮੂੰਹ ਫੱਸ ਜਾਂਦੀ ਹੈ, ਤੇ ਸੱਪ ਨਾ ਉਸਨੂੰ ਖਾਣ ਜੋਗਾ ਹੁੰਦਾ ਹੈ ਤੇ ਨਾ ਛੱਡਣ ਜੋਗਾ। ਇਹ ਤਸਵੀਰ ਬਹੁਤ ਗਹਿਰਾਈ ਨਾਲ ਮਨੁੱਖੀ ਰਿਸ਼ਤਿਆਂ ਦੀ ਹਕੀਕਤ ਨੂੰ ਦਰਸਾਉਂਦੀ ਹੈ। ਕਈ ਵਾਰ ਕਿਸੇ ਵਿਅਕਤੀ ਦੀ ਮੌਜੂਦਗੀ ਇਸ ਕਦਰ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਕਿ ਸਾਹਮਣੇ ਵਾਲਾ ਨਾ ਉਸਨੂੰ ਭੁੱਲ ਸਕਦਾ ਹੈ, ਨਾ ਉਸ ਨਾਲ ਰਹਿ ਸਕਦਾ ਹੈ। ਉਹ ਇਕ ਅਜਿਹੇ ਮਨੋਵਿਗਿਆਨਕ ਜਾਲ ਵਿਚ ਫਸ ਜਾਂਦਾ ਹੈ ਜਿੱਥੇ ਇਨਕਾਰ ਵੀ ਇਜ਼ਹਾਰ ਦੀ ਇੱਕ ਸ਼ਕਲ ਬਣ ਜਾਂਦਾ ਹੈ।
ਅਸਲ ਤਾਕਤ ਉਸ ਵਿਚ ਨਹੀਂ ਜੋ ਕਿਸੇ ਨੂੰ ਆਪਣੀ ਝਲਕ ਦਿਖਾ ਕੇ ਮੋਹ ਲਏ, ਬਲਕਿ ਉਸ ਵਿਚ ਹੈ ਜੋ ਬਿਨਾਂ ਮੌਜੂਦ ਹੋਏ ਵੀ ਦੂਜੇ ਦੇ ਦਿਲ ਤੇ ਆਪਣੀ ਛਾਪ ਛੱਡ ਜਾਵੇ। ਪਿਆਰ ਤੇ ਨਜ਼ਰਅੰਦਾਜ਼ੀ — ਦੋਵੇਂ ਹੀ ਮਨੁੱਖੀ ਭਾਵਨਾਵਾਂ ਦੇ ਦੋ ਪੱਖ ਹਨ, ਪਰ ਦੋਵੇਂ ਦਾ ਕੇਂਦਰ ਇਕੋ ਹੈ — ਤੁਸੀਂ।
ਇਸ ਲਈ, ਜੇਕਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਤਾਂ ਖੁਸ਼ਕਿਸਮਤ ਸਮਝੋ। ਪਰ ਜੇਕਰ ਕੋਈ ਤੁਹਾਨੂੰ ਨਜ਼ਰਅੰਦਾਜ਼ ਕਰਦਾ ਹੈ ਤੇ ਫਿਰ ਵੀ ਤੁਸੀਂ ਉਸਦੇ ਖ਼ਿਆਲਾਂ ਵਿਚ ਰਹਿੰਦੇ ਹੋ — ਤਾਂ ਜਾਣੋ, ਤੁਸੀਂ ਕੇਵਲ ਯਾਦ ਨਹੀਂ, – ਅਸਰ ਹੋ।
ਜਸਵਿੰਦਰ ਪਾਲ ਸ਼ਰਮਾ
79860-27454
Leave a Reply