ਮਲੇਰਕੋਟਲਾ(ਸ਼ਹਿਬਾਜ਼ ਚੌਧਰੀ)
ਡੈਮੋਕ੍ਰੇਟਿਕ ਪ੍ਰੈਸ ਕਲੱਬ ਵੱਲੋਂ ਡਾ.ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਅਤੇ ਨੇਸ਼ਨਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਲਈ ਇਕ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਉਦੇਸ਼ ਉਹਨਾਂ ਜਥੇਬੰਦੀਆਂ ਨੂੰ ਸਨਮਾਨਿਤ ਕਰਨਾ ਸੀ ਜਿਨ੍ਹਾਂ ਨੇ ਹਾਲ ਹੀ ਦੇ ਹੜ੍ਹ ਦੌਰਾਨ ਲੋਕਾਂ ਦੀ ਸੇਵਾ ਲਈ ਮੈਦਾਨ ਵਿਚ ਉਤਰ ਕੇ ਮਨੁੱਖਤਾ ਦੀ ਸੱਚੀ ਮਿਸਾਲ ਪੇਸ਼ ਕੀਤੀ।
ਇਹ ਸਮਾਰੋਹ ਮਲੇਰਕੋਟਲਾ ਕਲੱਬ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਮਲੇਰਕੋਟਲਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 27 ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਹਰ ਇਕ ਜਥੇਬੰਦੀ ਨੂੰ ਡੈਮੋਕ੍ਰੇਟਿਕ ਪ੍ਰੈਸ ਕਲੱਬ ਵੱਲੋਂ ਸਨਮਾਨ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਤ ਆਗੂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸਾਬਕਾ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ ਕਾਮਰੇਡ ਮੁਹੰਮਦ ਇਸਮਾਇਲ, ਨੌਜਵਾਨ ਆਗੂ ਪਰਵੇਜ਼ ਖਾਂ, ਮੁਜ਼ੰਮਿਲ ਖਾਂ (ਚਾਰੇ ਕਾਂਗਰਸੀ ਆਗੂ), ਅਕਾਲੀ ਦਲ ਦੇ ਸੂਬਾ ਸਕੱਤਰ ਬੀਬਾ ਜਾਹਿਦਾ ਸੁਲੇਮਾਨ, ਪੰਜਾਬ ਘੱਟ ਗਿਣਤੀ ਮੋਰਚਾ ਦੇ ਮੈਂਬਰ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ, ਕੌਂਸਲਰ ਮਹਿੰਦਰ ਸਿੰਘ ਪਰੂਥੀ, ਕੌਂਸਲਰ ਹਾਜੀ ਮੁਹੰਮਦ ਅਖਤਰ ਅਤੇ ਸੀਨੀਅਰ ਆਪ ਆਗੂ ਆਜ਼ਮ ਦਾਰਾ ਮੌਜੂਦ ਸਨ ਜਿਨ੍ਹਾਂ ਨੇ ਇਕੱਤਰ ਤੌਰ ਤੇ ਹੜ੍ਹ ਸਮੇਂ ਜਨ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ।
ਸਿਆਸੀ ਆਗੂਆਂ ਨੇ ਆਪਣੇ ਸੰਬੋਧਨਾਂ ਦੌਰਾਨ ਕਿਹਾ ਕਿ ਜਦੋਂ ਪੂਰਾ ਪੰਜਾਬ ਹੜ੍ਹ ਦੀ ਤਬਾਹੀ ਨਾਲ ਜੂਝ ਰਿਹਾ ਸੀ, ਤਦ ਇਹ ਜਥੇਬੰਦੀਆਂ ਹਰ ਸੰਭਵ ਤਰੀਕੇ ਨਾਲ ਲੋਕਾਂ ਦੇ ਨਾਲ ਖੜ੍ਹੀਆਂ ਸਨ। ਕਿਸੇ ਨੇ ਰਾਸ਼ਨ ਅਤੇ ਕੱਪੜੇ ਵੰਡੇ, ਕਿਸੇ ਨੇ ਰਿਹਾਇਸ਼ ਦੀ ਵਿਵਸਥਾ ਕੀਤੀ, ਤਾਂ ਕਿਸੇ ਨੇ ਚਿਕਿਤਸਾ ਸੇਵਾਵਾਂ ਮੁਹੱਈਆ ਕਰਵਾਈਆਂ। ਇਹ ਸਾਰਾ ਯੋਗਦਾਨ ਮਨੁੱਖਤਾ ਦੇ ਪ੍ਰਤੀ ਸੱਚੀ ਲਗਨ ਦਾ ਪ੍ਰਤੀਕ ਹੈ।
ਇਸ ਸਮਾਰੋਹ ਵਿਚ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਮਾਜਿਕ ਸੇਵਾ ਧਰਮ ਦਾ ਸਭ ਤੋਂ ਵੱਡਾ ਰੂਪ ਹੈ, ਅਤੇ ਜਿਹੜੇ ਲੋਕ ਜਾਂ ਜਥੇਬੰਦੀਆਂ ਕਿਸੇ ਵੀ ਮਜ਼ਹਬ, ਜਾਤ ਜਾਂ ਇਲਾਕੇ ਤੋਂ ਉੱਪਰ ਉਠ ਕੇ ਮਨੁੱਖਤਾ ਦੀ ਖ਼ਿਦਮਤ ਕਰਦੇ ਹਨ, ਉਹੀ ਅਸਲ ਰੂਹਾਨੀ ਕਾਮਯਾਬੀ ਹਾਸਲ ਕਰਦੇ ਹਨ। ਉਨ੍ਹਾਂ ਨੇ ਡੈਮੋਕ੍ਰੇਟਿਕ ਪ੍ਰੈਸ ਕਲੱਬ ਦੀ ਇਸ ਅਨੋਖੀ ਪਹਿਲ ਦੀ ਖ਼ਾਸ ਤੌਰ ਤੇ ਪ੍ਰਸ਼ੰਸਾ ਕੀਤੀ।
ਜਥੇਬੰਦੀਆਂ ਦੇ ਪ੍ਰਤਿਨਿਧੀਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਡੈਮੋਕ੍ਰੇਟਿਕ ਪ੍ਰੈਸ ਕਲੱਬ ਵੱਲੋਂ ਕੀਤਾ ਗਿਆ ਇਹ ਕਦਮ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ, ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਲੋਕਾਂ ਨੂੰ ਵੀ ਸੇਵਾ ਦੇ ਰਸਤੇ ਤੇ ਲਿਆਉਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਕਲੱਬ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਮਾਜਿਕ ਸੇਵਾਵਾਂ ਦੀ ਕਦਰ ਕਰਦਿਆਂ ਸਨਮਾਨ ਦੇ ਰੂਪ ਵਿਚ ਹੌਸਲਾ ਅਫਜ਼ਾਈ ਕੀਤੀ।
ਸਮਾਰੋਹ ਦੇ ਅੰਤ ‘ਤੇ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਨੁੱਖਤਾ ਦੇ ਪੱਖ ਵਿਚ ਇਕੱਠੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ।
Leave a Reply