ਫਗਵਾੜਾ ( ਪੱਤਰਕਾਰ )
ਫਗਵਾੜਾ ਦੇ ਜੀ.ਟੀ. ਰੋਡ ’ਤੇ ਬੱਸ ਸਟੈਂਡ ਦੇ ਨਜਦੀਕ ਸਥਿਤ ਹਾਂਡਾ ਰੈਜੀਡੈਂਸ਼ੀਅਲ ਸੁਸਾਇਟੀ ਦੇ ਫਲੈਟ ਮਾਲਕਾਂ ਨੇ ਅੱਜ ਫਿਰ ਕਾਰਪੋਰੇਸ਼ਨ ਫਗਵਾੜਾ ਅਤੇ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੁਸਾਇਟੀ ਨੂੰ ਰੈਗੁਲਰ ਕਰਕੇ ਫਲੈਟ ਮਾਲਕਾਂ ਨੂੰ ਰਾਹਤ ਦਿੱਤੀ ਜਾਵੇ, ਕਿਉਂਕਿ ਗੈਰ ਕਾਨੂੰਨੀ ਉਸਾਰੀ ਦੇ ਚਲਦਿਆਂ ਐਨ.ਓ.ਸੀ. ਨਹੀਂ ਮਿਲ ਰਹੀ ਅਤੇ ਐਨ.ਆਰ.ਆਈ. ਫਲੈਟ ਮਾਲਕ ਵੀ ਪਰੇਸ਼ਾਨ ਹੋ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਫਲੈਟ ਮਾਲਕ ਮੁਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਵਲੋਂ ਸਪਸ਼ਟ ਕਿਹਾ ਗਿਆ ਹੈ ਕਿ ਉਕਤ ਰਿਹਾਇਸ਼ੀ ਕਲੋਨੀ ਦਾ ਨਕਸ਼ਾ ਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਮੌਜੂਦ ਨਹੀਂ ਹੈ। ਜਿਸ ਤੋਂ ਸਾਫ ਹੈ ਕਿ ਇਹ ਸੁਸਾਇਟੀ ਗੈਰ ਕਾਨੂੰਨੀ ਢੰਗ ਨਾਲ ਉਸਾਰੀ ਗਈ ਹੈ ਅਤੇ ਫਲੈਟਾਂ ਦੇ ਖਰੀਦਦਾਰਾਂ ਨੂੰ ਝੂਠ ਬੋਲ ਕੇ ਫਲੈਟ ਵੇਚੇ ਗਏ ਹਨ।
ਲੇਕਿਨ ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਸਬੰਧਤ ਵਿਭਾਗ ਗੈਰ ਕਾਨੂੰਨੀ ਉਸਾਰੀ ਕਰਨ ਵਾਲੇ ਬਿਲਡਰਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਨਾ ਹੀ ਸੁਸਾਇਟੀ ਨੂੰ ਰੈਗੁਲਰ ਕਰਕੇ ਫਲੈਟ ਮਾਲਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਜੇਕਰ ਕੋਈ ਫਲੈਟ ਮਾਲਕ ਆਰਥਕ ਜਰੂਰਤਾਂ ਕਾਰਨ ਆਪਣਾ ਫਲੈਟ ਵੇਚਣਾ ਚਾਹੇ ਤਾਂ ਉਹ ਫਲੈਟ ਵੇਚ ਨਹੀਂ ਸਕਪੱਦਾ ਕਿਉਂਕਿ ਕਾਰਪੋਰੇਸ਼ਨ ਵਲੋਂ ਐਨ.ਓ.ਸੀ. ਨਹੀਂ ਦਿੱਤੀ ਜਾ ਰਹੀ। ਉਹਨਾਂ ਦੱਸਿਆ ਕਿ ਇਸ ਬਾਰੇ ਲੋਕਲ ਬਾਡੀ ਮੰਤਰੀ ਤੋਂ ਇਲਾਵਾ ਕਾਰਪੋਰੇਸ਼ਨ ਨੂੰ ਕਈ ਵਾਰ ਲਿਖਿਤ ਸ਼ਿਕਾਇਤਾਂ ਦਿੱਤੀਆਂ ਗਈਆਂ ਅਤੇ ਆਰ.ਟੀ.ਆਈ. ਰਾਹੀਂ ਵੀ ਰਿਕਾਰਡ ਮੰਗਿਆ ਗਿਆ ਪਰ ਸਿਰਫ ਟਾਲਮਟੋਲ ਤੋਂ ਇਲਾਵਾ ਕੁੱਝ ਵੀ ਪੱਲੇ ਨਹੀਂ ਪਾਇਆ ਜਾ ਰਿਹਾ। ਨਿਗਮ ਕਮਿਸ਼ਨਰ ਵਲੋਂ ਹੁਣ ਕਿਹਾ ਗਿਆ ਹੈ ਕਿ ਸੁਸਾਇਟੀ ਦਾ ਨਕਸ਼ਾ ਚੰਡੀਗੜ੍ਹ ਤੋਂ ਮੰਗਵਾਇਆ ਹੈ ਪਰ ਸਵਾਲ ਇਹ ਹੈ ਕਿ ਜੇਕਰ ਫਗਵਾੜਾ ਕਾਰਪੋਰੇਸ਼ਨ ਵਲੋਂ ਨਕਸ਼ਾ ਪਾਸ ਨਹੀਂ ਹੈ ਤਾਂ ਬਿਲਡਰਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਅਤੇ ਨਿਰਦੋਸ਼ ਫਲੈਟ ਮਾਲਕਾਂ ਨੂੰ ਐਨ.ਓ.ਸੀ. ਨਾ ਦੇ ਕੇ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ?
Leave a Reply