ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੱਕ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਸਰਕਾਰੀ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਅਤਿ-ਆਧੁਨਿਕ ਸਮਾਰਟ ਕਲਾਸ ਰੂਮਜ ਸਥਾਪਤ ਕੀਤੇ ਜਾ ਰਹੇ ਹਨ। ਇਸ ਪਾਇਲਟ ਪ੍ਰੋਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭੰਗੇਰੀਆਂ ਵਿੱਚ ਇਹਨਾਂ ਸਹੂਲਤਾਂ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਕੀਤੀ ਗਈ। ਇਹਨਾਂ ਦੋਵਾਂ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਬਲਾਕਾਂ ਵਿੱਚ ਦੋ- ਦੋ ਕਮਰੇ ਸਥਾਪਿਤ ਕੀਤੇ ਗਏ ਹਨ, ਇਹ ਕਮਰੇ ਬੱਚਿਆਂ-ਅਨੁਕੂਲ ਫਰਨੀਚਰ, ਵਾਟਰ ਪਿਊਰੀਫਾਇਰ, ਉੱਚ-ਗੁਣਵੱਤਾ ਵਾਲੀ ਮੈਟਿੰਗ, ਆਧੁਨਿਕ ਖਿਡੌਣੇ, ਰੈਕ ਅਤੇ ਵਧੀਆ ਬੁਨਿਆਦੀ ਢਾਂਚੇ ਨਾਲ ਲੈਸ ਹਨ ਜਿਹੜੇ ਕਿ ਬੱਚਿਆਂ ਨੂੰ ਆਧੁਨਿਕ ਪਾਲਣ-ਪੋਸ਼ਣ ਵਾਲਾ ਮਾਹੌਲ ਮੁਹੱਈਆ ਕਰਵਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜਕੈਟ ਤਹਿਤ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ, ਸਾਰਿਆਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਪ੍ਰਸ਼ਾਸ਼ਨ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਜ਼ਿਲ੍ਹੇ ਦੇ ਸਾਰੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ ਇਸ ਮਾਡਲ ਨੂੰ ਦੁਹਰਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਜੋ ਮਿਸਾਲੀ ਕ੍ਰਾਂਤੀਆਂ ਲਿਆਂਦੀਆਂ ਗਈਆਂ ਹਨ ਸਾਰੀਆਂ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਸਿੱਖਿਆ ਮਨੁੱਖ ਨੂੰ ਅਗਿਆਨਤਾ ਤੋਂ ਮੁਕਤੀ ਦਿਵਾਉਂਦੀ ਹੈ, ਸਵਾਰਥਪੁਣੇ ਤੋਂ ਛੁਟਕਾਰਾ ਦਿਵਾਉਂਦੀ ਹੈ, ਉਸ ਨੂੰ ਪਰਉਪਕਾਰੀ ਅਤੇ ਸਮਾਜਿਕ ਤੌਰ ’ਤੇ ਜਾਗਰੂਕ ਨਾਗਰਿਕ ਬਣਾਉਂਦੀ ਹੈ। ਸਿੱਖਿਆ ਦੇ ਵਿਸ਼ੇ ਵਿਚ ਇਹੀ ਮਾਨਤਾ ਹੈ ਕਿ ਉਹ ਵਿਅਕਤੀ ਨੂੰ ਬੁੱਧੀਮਾਨ, ਵਿਵੇਕਸ਼ੀਲ, ਸਮਝਦਾਰ, ਨੈਤਿਕ, ਨਿਆਂ ਪਸੰਦ, ਨਿਰਪੱਖ, ਦਿਆਲੂ, ਸੰਵੇਦਨਸ਼ੀਲ ਨਾਗਰਿਕ ਬਣਾਉਂਦੀ ਹੈ। ਇਸ ਲਈ ਸਿੱਖਿਆ ਦੇ ਖੇਤਰ ਵਿੱਚ ਪ੍ਰਸ਼ਾਸ਼ਨ ਵੱਲੋਂ ਹਰ ਉਹ ਆਧੁਨਿਕਤਾ ਲਿਆਂਦੀ ਜਾਵੇਗੀ ਜਿਸ ਨਾਲ ਬੱਚੇ ਇੱਕ ਚੰਗੇ ਨਾਗਰਿਕ ਬਣ ਕੇ ਉਭਰ ਸਕਣ ਅਤੇ ਉਹਨਾਂ ਨੂੰ ਹਰੇਕ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਹੀ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਖਾਸ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਸਰਕਾਰੀ ਸਕੂਲਾਂ ਨੂੰ ਅਪਣਾਉਣ।
ਸਕੂਲਾਂ ਵਿੱਚ ਆਈ ਇਸ ਆਧੁਨਿਕ ਤਬਦੀਲੀ ਨਾਲ ਸਕੂਲੀ ਬੱਚਿਆਂ ਦੇ ਮਾਪਿਆਂ, ਬੱਚਿਆਂ, ਅਧਿਆਪਕਾਂ ਨੇ ਖੁਸ਼ੀ ਪ੍ਰਗਟਾਈ ਅਤੇ ਆਸ ਪ੍ਰਗਟਾਈ ਕਿ ਪ੍ਰਸ਼ਾਸ਼ਨ ਭਵਿੱਖ ਵਿੱਚ ਵੀ ਅਜਿਹੀਆਂ ਤਬਦੀਲੀਆਂ ਸਕੂਲਾਂ ਵਿੱਚ ਕਰਦਾ ਰਹੇਗਾ
Leave a Reply