ਸ਼੍ਰੀ ਕੀਰਤਪੁਰ ਸਾਹਿਬ (ਜਸਟਿਸ ਨਿਊਜ਼ )
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸਿਹਤ ਦੀ ਸੰਭਾਲ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸਿਵਲ ਸਰਜਨ ਡਾ. ਬਲਵਿੰਦਰ ਕੌਰ, ਅਸਿਸਟੈਂਟ ਸਿਵਲ ਸਰਜਨ ਡਾ. ਬੌਬੀ ਗੁਲਾਟੀ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵੱਲੋਂ ਪਿੰਡ ਬੇਲੀ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ।
ਇਸ ਕੈਂਪ ਵਿੱਚ ਰਾਸਟਰੀ ਬਾਲ ਸੁਰੱਖਿਆ ਟੀਮ ਦੇ ਡਾ. ਅਜੈ ਅਤੇ ਡਾ. ਬਿਸ਼ਵ ਵਿਭੂਤੀ ਵੱਲੋਂ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ। ਇਸਦੇ ਨਾਲ ਹੀ ਆਯੁਸ਼ਮਾਨ ਆਰੋਗਿਆ ਕੇਂਦਰ ਗੜਲੇ ਦੇ ਸਟਾਫ ਸੀ.ਐਚ.ਓ ਕਿਰਨਜੋਤ ਕੌਰ, ਸਿਹਤ ਕਰਮਚਾਰੀ ਮਨਜੋਤ ਸਿੰਘ, ਸਿਹਤ ਕਰਮਚਾਰੀ ਜਸਵਿੰਦਰ ਕੌਰ ਅਤੇ ਆਸ਼ਾ ਵਰਕਰ ਲਕਸ਼ਮੀ ਨੇ ਵੀ ਸਰਗਰਮ ਭੂਮਿਕਾ ਨਿਭਾਈ। ਪਿੰਡ ਵਾਸੀਆਂ ਦੀ ਸਿਹਤ ਜਾਂਚ ਕਰਕੇ ਜ਼ਰੂਰੀ ਦਵਾਈਆਂ ਵੰਡੀਆਂ ਗਈਆਂ ਅਤੇ ਮਰੀਜ਼ਾਂ ਨੂੰ ਅਗਲੇ ਇਲਾਜ ਲਈ ਸਲਾਹਾਂ ਦਿੱਤੀਆਂ ਗਈਆਂ।
ਕੈਂਪ ਦੌਰਾਨ ਲੋਕਾਂ ਨੂੰ ਹੜ੍ਹ ਸਮੇਂ ਹੋਣ ਵਾਲੀਆਂ ਆਮ ਬਿਮਾਰੀਆਂ ਜਿਵੇਂ ਕਿ ਡਾਇਰੀਆ, ਟਾਇਫਾਇਡ, ਮਲੇਰੀਆ, ਵਾਇਰਲ ਬੁਖ਼ਾਰ ਅਤੇ ਚਮੜੀ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਗਿਆ। ਸਿਹਤ ਟੀਮ ਨੇ ਪਿੰਡ ਵਾਸੀਆਂ ਨੂੰ ਪਾਣੀ ਨੂੰ ਉਬਾਲ ਕੇ ਪੀਣ, ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਅਤੇ ਮੱਛਰਾਂ ਤੋਂ ਬਚਾਅ ਲਈ ਵਿਸ਼ੇਸ਼ ਸਲਾਹਾਂ ਦਿੱਤੀਆਂ।
ਸੀਨੀਅਰ ਮੈਡੀਕਲ ਆਫ਼ੀਸਰ ਡਾ. ਆਨੰਦ ਘਈ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਿਹਰਬਾਨੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਟੀਮਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਬੇਲੀ ਵਰਗੇ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਘਰ-ਦੁਆਰ ਮਿਲਣ ਨਾਲ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਵੱਡੀ ਮਦਦ ਮਿਲੇਗੀ।
ਸਿਵਲ ਸਰਜਨ ਡਾ. ਬਲਵਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜਿੱਥੇ-ਜਿੱਥੇ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ, ਉੱਥੇ ਸਿਹਤ ਵਿਭਾਗ ਵੱਲੋਂ ਮੋਬਾਇਲ ਟੀਮਾਂ ਅਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਉਪਰਾਲੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਅੱਗੇ ਵਧ ਰਹੇ ਹਨ।
Leave a Reply