ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ/////////ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੁਬਈ ਤੋਂ ਡੀਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ ‘ਤੇ ਘਰ ਪੁੱਜਦਾ ਕੀਤਾ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਜੇ ਕੁਮਾਰ,ਹਰਬੰਸ ਲਾਲ,ਗਗਨ ਕੁਮਾਰ ਪੁੱਤਰ ਪਰਮਜੀਤ,ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ,ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ ਨਾਲ ਟੈਲੀਫੋਨ ‘ਤੇ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕਰ ਕੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।ਜਿਸ ‘ਤੇ ਫੌਰੀ ਕਾਰਵਾਈ ਕਰਦਿਆਂ ਜਿੱਥੇ ਉਨ੍ਹਾਂ ਨੂੰ ਇਸ ਸਬੰਧੀ ਬਣਦੀ ਸਲਾਹ ਦਿੱਤੀ ਉੱਥੇ ਹੀ ਡੀਪੋਰਟ ਹੋਣ ਉਪਰੰਤ ਉਕਤ ਸਾਰਿਆਂ ਦੀਆਂ ਚੇਨਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਅੱਜ ਅੰਮ੍ਰਿਤਸਰ ਹਵਾਈ ‘ਤੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ ‘ਚ ਹਵਾਈ ਅੱਡੇ ਤੋਂ ਗੱਡੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ।
ਡਾ.ਉਬਰਾਏ ਨੇ ਇੱਕ ਵਾਰ ਮੁੜ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹ ਏਜੰਟਾਂ ਵੱਲੋਂ ਦੱਸੀ ਜਾਣ ਵਾਲੀ ਕੰਮ ਵਾਲੀ ਕੰਪਨੀ ਤੇ ਵੀਜੇ਼ ਸਬੰਧੀ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਤਾਂ ਜੋ ਵਿਦੇਸ਼ ਅੰਦਰ ਬੇਲੋੜੀ ਖੱਜਲ ਖੁਰਾਬੀ ਤੋਂ ਬਚਿਆ ਜਾ ਸਕੇ।ਹਵਾਈ ਅੱਡੇ ‘ਤੇ ਪਹੁੰਚਣ ‘ਤੇ ਉਕਤ ਪੀੜ੍ਹਤ ਨੌਜਵਾਨਾਂ ਨੇ ਆਪਣੇ ਨਾਲ ਹੋਏ ਵੱਡੇ ਧੋਖੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਦੇ ਮਾਲਕ ਨੇ ਉਨ੍ਹਾਂ ਕੋਲੋਂ ਸਖ਼ਤ ਮਿਹਨਤ ਕਰਵਾਉਣ ਦੇ ਬਾਵਜੂਦ ਵੀ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ ਸਗੋਂ ਵੱਖਰੇ ਤੌਰ ਸਾਨੂੰ ਡੀਪੋਰਟ ਕਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਸਾਡੇ ਕਮਰੇ ਦੀ ਲਾਈਟ ਤੱਕ ਬੰਦ ਕਰਵਾ ਕੇ ਸਾਨੂੰ ਮਾਨਸਿਕ ਤੌਰ ‘ਤੇ ਬਹੁਤ ਪ੍ਰੇਸ਼ਾਨ ਕੀਤਾ।ਉਨ੍ਹਾਂ ਦੱਸਿਆ ਕਿ ਜਦ ਅਸੀਂ ਆਪਣਾ ਹੱਕ ਲੈਣ ਲਈ ਉੱਥੋਂ ਦੀ ਲੇਬਰ ਕੋਰਟ ਗਏ ਤਾਂ ਉਨ੍ਹਾਂ ਨੇ ਸਾਨੂੰ ਪੁਲਿਸ ਕੋਲ ਭੇਜ ਦਿੱਤਾ ਜਿੱਥੇ ਇਨਸਾਫ਼ ਦੇਣ ਦੀ ਬਜਾਏ ਸਾਨੂੰ 11 ਦਿਨਾਂ ਲਈ ਜੇਲ੍ਹ ਭੇਜ ਕੇ ਓਥੋਂ ਹੀ ਸਿੱਧਾ ਡੀਪੋਰਟ ਕਰ ਕੇ ਚੇਨਈ ਭੇਜ ਦਿੱਤਾ। ਉਨ੍ਹਾਂ ਮੁੜ ਮਨ ਭਰਦਿਆਂ ਦੱਸਿਆ ਕਿ ਇਸ ਵੇਲੇ ਸਾਡੇ ਕੋਲ ਇੱਕ ਵੀ ਪੈਸਾ ਤੇ ਸਮਾਨ ਨਹੀਂ ਸੀ।ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦ ਅਸੀਂ ਮੁੜ ਡਾ.ਓਬਰਾਏ ਨਾਲ ਫੌਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਤੁਰੰਤ ਸਾਨੂੰ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਹਵਾਈ ਅੱਡੇ ਤੋਂ ਘਰਾਂ ਤੱਕ ਪਹੁੰਚਣ ਲਈ ਗੱਡੀ ਦਾ ਵੀ ਪ੍ਰਬੰਧ ਕਰ ਕੇ ਦਿੱਤਾ।ਜਿਸ ਲਈ ਅਸੀਂ ਡਾ.ਉਬਰਾਏ ਦਾ ਇਸ ਔਖੀ ਘੜੀ ‘ਚ ਵੱਡੀ ਮਦਦ ਕਰਨ ਦਿਲੋਂ ਧੰਨਵਾਦ ਕਰਦੇ ਹਾਂ।ਇਸ ਦੌਰਾਨ ਪੀੜਤ ਨੌਜਵਾਨਾਂ ਨੇ ਵੀ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਦੀ ਪੂਰੀ ਤਰ੍ਹਾਂ ਘੋਖ ਕਰ ਕੇ ਹੀ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਸਾਡੇ ਵਾਂਗ ਮਾਨਸਿਕ ਪ੍ਰਸ਼ਾਨੀ ਝੱਲਣੀ ਪਵੇ।
Leave a Reply