ਹੁਸ਼ਿਆਰਪੁਰ (ਤਰਸੇਮ ਦੀਵਾਨਾ )
ਪੰਜਾਬ ਦੇ ਟਰਾਂਸਪੋਰਟ ਵਿਭਾਗ ਦਾ ਬਾਬਾ ਆਦਮ ਹੀ ਨਿਰਾਲਾ ਹੈ ਭਾਵੇਂ ਕਿ ਡਿਜ਼ੀਟਲ ਯੁੱਗ ਦੀਆਂ ਲੰਮੀਆਂ ਲੰਮੀਆਂ ਡੀਗਾਂ ਮਾਰੀਆਂ ਜਾ ਰਹੀਆਂ ਹਨ ਪਰ ਅਸਲੀਅਤ ਵਿੱਚ ਅਜੇ ਵੀ ਡਿਜ਼ੀਟਲ ਸਿਸਟਮ ਵਿੱਚ ਵੱਡੀਆਂ ਵੱਡੀਆਂ ਖ਼ਾਮੀਆਂ ਪਾਈਆਂ ਜਾ ਰਹੀਆਂ ਹਨ ਜਿਸ ਦਾ ਬੇਕਸੂਰ ਲੋਕਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ | ਇਸ ਦੀ ਵੱਡੀ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੀ ਤਹਿਸੀਲ ਜੰਡੂਤਾ ਦੇ ਪਿੰਡ ਸਿੰਘਾਸਣੀ ਵਿੱਚ ਖੜੀ ਇੱਕ ਨਿੱਜੀ ਕਾਰ ਦਾ 155 ਕਿਲੋਮੀਟਰ ਦੂਰ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿੱਚ ਚਲਾਣ ਕੱਟ ਹੋ ਗਿਆ | ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਇਸ ਚਲਾਣ ਫਾਰਮ ਉੱਪਰ ਜਿਸ ਗੱਡੀ ਦਾ ਚਲਾਣ ਕੱਟ ਹੋਇਆ ਉਸ ਖਾਨੇ ਵਿੱਚ ਇੱਕ ਸਕੂਟਰੀ ਦੀ ਫੋਟੋ ਲੱਗੀ ਹੋਈ ਹੈ ਜਿਸ ਦੀ ਨੰਬਰ ਪਲੇਟ ਉੱਪਰ ਐੱਚਪੀ 89-9639 ਲਿਖਿਆ ਹੋਇਆ ਹੈ ਜੋ ਅਸਲ ਵਿੱਚ ਇੱਕ ਮਾਰੂਤੀ ਸੁਜ਼ੂਕੀ ਕਾਰ ਦਾ ਹੈ ਜੋ ਉਕਤ ਹਿਮਾਚਲ ਪ੍ਰਦੇਸ਼ ਵਾਲੇ ਪਤੇ ਉੱਪਰ ਕਾਫੀ ਦਿਨਾਂ ਤੋਂ ਖੜ੍ਹੀ ਹੈ |
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਓਂਕਾਰੇਸ਼ਵਰ ਮਹਾਂਦੇਵ ਮੰਦਰ ਸਿੰਘਾਸਣੀ ਹਿਮਾਚਲ ਪ੍ਰਦੇਸ਼ ਦੇ ਗੱਦੀ ਨਸ਼ੀਨ ਸੁਆਮੀ ਮਾਨਸੀ ਗਿਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਈਲ ਤੇ ਉਨ੍ਹਾਂ ਦੀ ਦਾਦੀ ਸਤਿਆ ਦੇਵੀ ਪਤਨੀ ਪ੍ਰਕਾਸ਼ ਚੰਦ ਦੇ ਨਾਮ ਤੇ ਮਾਰੂਤੀ ਕਾਰ ਦੇ ਚਲਾਣ ਦਾ ਮੈਸੇਜ ਆਇਆ ਜਿਸ ਨੂੰ ਦੇਖ ਕੇ ਉਹ ਹੈਰਾਨ ਹੋ ਗਏ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦੀ ਕਾਰ ਬਾਰਿਸ਼ ਕਾਰਣ ਹੋਈ ਲੈਂਡ ਸਲਾਈਡ ਵਿੱਚ ਫਸੀ ਹੋਣ ਕਾਰਣ ਸੜਕ ਤੇ ਨਹੀਂ ਆਈ ਜਦਕਿ ਉਸ ਦਾ ਆਨਲਾਈਨ ਚਲਾਣ 155 ਕਿਲੋਮੀਟਰ ਦੂਰ ਪੰਜਾਬ ਸੂਬੇ ਵਿੱਚ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੱਟ ਹੋਇਆ | ਸੁਆਮੀ ਮਾਨਸੀ ਗਿਰੀ ਨੇ ਦੱਸਿਆ ਕਿ ਜਦੋਂ ਚਲਾਣ ਫਾਰਮ ਦਾ ਪ੍ਰਿੰਟ ਕੱਢ ਕੇ ਧਿਆਨ ਨਾਲ ਦੇਖਿਆ ਤਾਂ ਉੱਪਰ ਸਕੂਟਰੀ ਦੀ ਫੋਟੋ ਲੱਗੀ ਹੋਈ ਸੀ ਜਿਸ ‘ਤੇ ਉਨ੍ਹਾਂ ਦੀ ਕਾਰ ਦਾ ਨੰਬਰ ਲਿਖਿਆ ਹੋਇਆ ਸੀ | ਜਿਸ ਤੋਂ ਇੰਝ ਲੱਗਦਾ ਕਿ ਸ਼ਾਇਦ ਸਕੂਟਰੀ ਉੱਪਰ ਨੰਬਰ ਪਲੇਟ ਜਾਅਲੀ ਲੱਗੀ ਹੋਈ ਸੀ | ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ ਜਿਸ ਨੂੰ ਵੇਖਦਿਆਂ ਉਨ੍ਹਾਂ ਇਸ ਵੱਡੀ ਕੋਤਾਹੀ ਲਈ ਆਨ ਲਾਈਨ ਲੋਕ ਮਿੱਤਰ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ |
ਕੀ ਕਹਿੰਦੇ ਨੇ ਆਰਟੀਉ
ਇਸ ਮਾਮਲੇ ਵਿੱਚ ਸੰਪਰਕ ਕਰਨ ‘ਤੇ ਹੁਸ਼ਿਆਰਪੁਰ ਦੀ ਆਰਟੀਉ ਅਮਨਦੀਪ ਕੌਰ ਘੁੰਮਣ ਨੇ ਦੱਸਿਆ ਕਿ ਜੇਕਰ ਚਲਾਣ ਗਲਤ ਕੱਟ ਹੋਇਆ ਹੈ ਤਾਂ ਵਾਹਨ ਦਾ ਮਾਲਕ ਆਪਣੀ ਲਿਖਤੀ ਸ਼ਿਕਾਇਤ ਦੇਵੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ |
Leave a Reply