ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਪੰਜਾਬ ਵਿੱਚ ਭਾਰੀ ਬਰਸਾਤਾਂ ਦੇ ਮੱਦੇਨਜ਼ਰ ਉਪ ਮੰਡਲ ਧਰਮਕੋਟ ਵਿੱਚ ਬਣੀ ਹੜ੍ਹਾਂ ਵਰਗੀ ਸਥਿਤੀ ਨੂੰ ਲੈ ਕੇ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਹੜ੍ਹ ਸੰਭਾਵੀ ਇਲਾਕਿਆਂ ਦੇ ਨਿਵਾਸੀਆਂ ਦੀ ਮੱਦਦ ਲਈ ਹਰੇਕ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ, ਪ੍ਰਸ਼ਾਸ਼ਨ ਇਹਨਾਂ ਇਲਾਕਿਆਂ ਦੇ ਲੋਕਾਂ ਦੀ ਹਰੇਕ ਤਰੀਕੇ ਨਾਲ ਮੱਦਦ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਐਸ.ਡੀ.ਐਮ. ਧਰਮੋਕਟ ਸ਼੍ਰੀ ਹਿਤੇਸ਼ਵੀਰ ਗੁਪਤਾ ਨੇ ਸਾਂਝੀ ਕੀਤੀ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ-ਆਪਣੀਆਂ ਡਿਊਟੀਆਂ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਰੱਖੀ ਗਈ ਹੈ।
ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪ੍ਰਸ਼ਾਸਨ ਹਰ ਸਮੇਂ ਲੋਕਾਂ ਦੀ ਸਹਾਇਤਾ ਲਈ ਹਾਜ਼ਰ ਹੈ। ਉਹਨਾਂ ਕਿਹਾ ਕਿ ਕਿਸੇ ਕਿਸਮ ਦੀ ਅਫ਼ਵਾਹ ‘ਤੇ ਧਿਆਨ ਨਾ ਦੇਣ। ਸਹੀ ਤੇ ਸਟੀਕ ਜਾਣਕਾਰੀ ਲਈ ਸਿਰਫ਼ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਹੀ ਪਾਲਣਾ ਕੀਤਾ ਜਾਵੇ।
ਸ਼੍ਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਜੇਕਰ ਕਿਸੇ ਇਲਾਕੇ ਵਿੱਚ ਹੜ੍ਹ ਨਾਲ ਸਬੰਧਤ ਸਮੱਸਿਆ ਜਾਂ ਐਮਰਜੈਂਸੀ ਬਣਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਨੂੰ ਜ਼ਿਲ੍ਹਾ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 01636-235206 ਉਪਰ ਸੂਚਿਤ ਕੀਤਾ ਜਾ ਸਕਦਾ ਹੈ ਤਾਂ ਜੋ ਸਮੇਂ ਸਿਰ ਮਦਦ ਪ੍ਰਦਾਨ ਕੀਤੀ ਜਾ ਸਕੇ।
Leave a Reply