ਚੰਡੀਗੜ੍ਹ ( ਜਸਟਿਸ ਨਿਊਜ਼ )
ਰਾਜ ਪੱਧਰੀ ਬੈਂਕਰਸ ਕਮੇਟੀ (SLBC), ਪੰਜਾਬ ਦੀ 173ਵੀਂ ਮੀਟਿੰਗ ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਨਿਦੇਸ਼ਕ ਐੱਮ. ਪਰਮਸਿਵਮ ਦੀ ਪ੍ਰਧਾਨਗੀ ਹੇਠ ਹੋਟਲ ਮਾਊਂਟ ਵਿਊ, ਸੈਕਟਰ-10, ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਜੂਨ 2025 ਤਿਮਾਹੀ ਤੱਕ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਵਿੱਤ), ਆਲੋਕ ਸ਼ੇਖਰ, ਖੇਤਰੀ ਨਿਦੇਸ਼ਕ , ਰਿਜ਼ਰਵ ਬੈਂਕ ਆਫ਼ ਇੰਡੀਆ ਚੰਡੀਗੜ੍ਹ, ਵਿਵੇਕ ਸ੍ਰੀਵਾਸਤਵ, ਮੁੱਖ ਜਨਰਲ ਮੈਨੇਜਰ, ਨਾਬਾਰਡ ਵਿਨੋਦ ਕੁਮਾਰ ਆਰੀਆ, ਜਨਰਲ ਮੈਨੇਜਰ ਅਤੇ ਕਨਵੀਨਰ, SLBC ਪੰਜਾਬ ਪਰਮੇਸ਼ ਕੁਮਾਰ ਅਤੇ ਜਨਰਲ ਮੈਨੇਜਰ, ਰਿਜ਼ਰਵ ਬੈਂਕ ਆਫ਼ ਇੰਡੀਆ ਚੰਡੀਗੜ੍ਹ ਪੰਕਜ ਸੇਤੀਆ ਸ਼ਾਮਲ ਹੋਏ।
ਮੀਟਿੰਗ ਵਿੱਚ, ਜਨਰਲ ਮੈਨੇਜਰ ਅਤੇ ਕਨਵੀਨਰ, ਐੱਸਐੱਲਬੀਸੀ ਪੰਜਾਬ ਪਰਮੇਸ਼ ਕੁਮਾਰ ਨੇ ਦੱਸਿਆ ਕਿ ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲੇ, ਨਵੀਂ ਦਿੱਲੀ, ਭਾਰਤ ਸਰਕਾਰ ਦੁਆਰਾ 01 ਜੁਲਾਈ 2025 ਤੋਂ 30 ਸਤੰਬਰ 2025 ਤੱਕ ਗ੍ਰਾਮ ਪੰਚਾਇਤ ਪੱਧਰ ‘ਤੇ ਇੱਕ ਵਿਸ਼ੇਸ਼ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਵਿੱਤੀ ਸਮਾਵੇਸ਼ ਮੁਹਿੰਮ ਅਧੀਨ ਸਾਰੇ ਯੋਗ ਲੋਕਾਂ ਨੂੰ ਜੋੜਨਾ ਹੈ। ਹੁਣ ਤੱਕ, 5801 ਗ੍ਰਾਮ ਪੰਚਾਇਤਾਂ ਵਿੱਚ ਕੈਂਪ ਲਗਾਏ ਜਾ ਚੁੱਕੇ ਹਨ।
ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਨਿਦੇਸ਼ਕ ਐਮ. ਪਰਮਸਿਵਮ ਨੇ ਦੱਸਿਆ ਕਿ ਜੂਨ ਤਿਮਾਹੀ ਵਿੱਚ ਸਲਾਨਾ ਕ੍ਰੈਡਿਟ ਯੋਜਨਾ ਤਹਿਤ ₹1,02,808 ਕਰੋੜ ਦੇ ਕਰਜ਼ੇ ਵੰਡੇ ਗਏ ਹਨ, ਜੋ ਕਿ ਸਲਾਨਾ ਟੀਚਿਆਂ ਦਾ 48% ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸਾਰੇ ਬੈਂਕਾਂ ਨੂੰ ਵਧਾਈ ਦਿੱਤੀ। ਪੰਜਾਬ ਦਾ ਕ੍ਰੈਡਿਟ-ਡਿਪੌਜ਼ਿਟ ਅਨੁਪਾਤ 62.34% ਹੈ, ਜੋ ਕਿ ਰਾਸ਼ਟਰੀ ਟੀਚੇ (60%) ਤੋਂ ਵੱਧ ਹੈ। ਉਨ੍ਹਾਂ ਨੇ ਇਸ ਨੂੰ ਹੋਰ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 179 ਲੱਖ ਲੋਕਾਂ ਨੂੰ ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਨਾਲ ਜੋੜਿਆ ਗਿਆ ਹੈ —
• ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY): ₹20 ਸਲਾਨਾ ਪ੍ਰੀਮੀਅਮ ‘ਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ (18-70 ਸਾਲ)
• ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY): ₹436 ਸਲਾਨਾ ਪ੍ਰੀਮੀਅਮ ‘ਤੇ 2 ਲੱਖ ਰੁਪਏ ਦਾ ਜੀਵਨ ਬੀਮਾ (18-50 ਸਾਲ)
• ਅਟਲ ਪੈਨਸ਼ਨ ਯੋਜਨਾ (APY): 60 ਸਾਲ ਦੀ ਉਮਰ ਤੋਂ ਬਾਅਦ ₹1,000–₹5,000 ਮਾਸਿਕ ਪੈਨਸ਼ਨ ਦੀ ਵਿਵਸਥਾ (18-40 ਸਾਲ ਲਈ ਯੋਗਤਾ)
ਵਧੀਕ ਮੁੱਖ ਸਕੱਤਰ (ਵਿੱਤ), ਪੰਜਾਬ ਸਰਕਾਰ ਆਲੋਕ ਸ਼ੇਖਰ ਨੇ ਸਾਰੇ ਬੈਂਕਾਂ ਨੂੰ ਸਰਕਾਰੀ ਯੋਜਨਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਵਿੱਤੀ ਜਾਗਰੂਕਤਾ ਲਈ ਪਿੰਡਾਂ ਵਿੱਚ ਕੈਂਪ ਲਗਾਉਣ ਦਾ ਸੱਦਾ ਦਿੱਤਾ।
ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਖੇਤਰੀ ਨਿਦੇਸ਼ਕ ਵਿਵੇਕ ਸ਼੍ਰੀਵਾਸਤਵ ਨੇ ਵਿੱਤੀ ਸਮਾਵੇਸ਼ ਮੁਹਿੰਮ ਤਹਿਤ ਰੀ-ਕੇਵਾਈਸੀ ‘ਤੇ ਜ਼ੋਰ ਦਿੱਤਾ ਤਾਂ ਜੋ ਕਿਸੇ ਵੀ ਖਾਤੇ ਦੇ ਲੈਣ-ਦੇਣ ਵਿੱਚ ਕੋਈ ਮੁਸ਼ਕਲ ਨਾ ਆਵੇ। ਜਨਰਲ ਮੈਨੇਜਰ, ਰਿਜ਼ਰਵ ਬੈਂਕ ਆਫ਼ ਇੰਡੀਆ, ਚੰਡੀਗੜ੍ਹ ਪੰਕਜ ਸੇਤੀਆ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਜਦਕਿ ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਵਿਨੋਦ ਕੁਮਾਰ ਆਰੀਆ ਨੇ ਖੇਤੀਬਾੜੀ ਖੇਤਰ ਨੂੰ ਕਰਜ਼ੇ ਦਾ ਪ੍ਰਵਾਹ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਡਿਪਟੀ ਜਨਰਲ ਮੈਨੇਜਰ, ਐੱਸਐੱਲਬੀਸੀ, ਪੰਜਾਬ ਰਾਮਕਿਸ਼ੋਰ ਮੀਣਾ ਨੇ ਮੀਟਿੰਗ ਵਿੱਚ ਵਿਸਤ੍ਰਿਤ ਏਜੰਡਾ ਪੇਸ਼ ਕੀਤਾ। ਇਸ ਮੌਕੇ ਸਾਰੇ ਬੈਂਕਾਂ ਦੇ ਸੀਨੀਅਰ ਅਧਿਕਾਰੀ, ਲੀਡ ਜ਼ਿਲ੍ਹਾ ਮੈਨੇਜਰ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।
Leave a Reply