ਲੁਧਿਆਣਾ ( ਜਸਟਿਸ ਨਿਊਜ਼ ) :
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿਵਲ ਲਾਈਨਜ ਦੇ ਨਿਊ ਦੀਪ ਨਗਰ ਚੌਂਕ ਸਥਿਤ ਇੱਕ ਹੋਟਲ ਵਿੱਚ ਸ਼ਹਿਰ ਦੀਆਂ ਔਰਤਾਂ ਵਲੋਂ ਤੀਜ ਫੈਸਟੀਵਲ ‘ਚੂੜੀਆਂ ਦੀ ਖਣਕ, ਮਹਿੰਦੀ ਦੀ ਖ਼ੁਸ਼ਬੂ, ਤੀਜ ਦੀਆਂ ਰੁੱਤਾਂ ਲਿਆਉਣ ਖੁਸ਼ੀਆਂ ਦੇ ਰੰਗ’ ਬੈਨਰ ਰੀਤ ਕੌਰ ਤੇ ਸੀਮਾ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਲੁਧਿਆਣਾ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਸਪੋਰਟ ਵਿੰਗ ਲੁਧਿਆਣਾ ਦੀ ਪ੍ਰਧਾਨ ਸੋਨੀਆ ਅਲਗ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸ਼ਹਿਰ ਦੀਆਂ ਔਰਤਾਂ ਵਲੋਂ ਹਰ ਸਾਲ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਪੁਰਾਤਨ ਅਨਮੋਲ ਵਿਰਸੇ ਨੂੰ ਸੰਭਾਲਣ ਦਾ ਸੁਨੇਹਾ ਦੇਣ ਦਾ ਯਤਨ ਕਰਦੀਆਂ ਹਨ।
ਤੀਜ ਫੈਸਟੀਵਲ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੋਨੀਆ ਅਲਗ ਨੇ ਕਿਹਾ ਕਿ ਸਾਉਣ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਜਿਸ ਵਿੱਚੋਂ ਸਾਡੇ ਪੁਰਾਤਨ ਅਤੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਵੇਖਣ ਨੂੰ ਮਿਲਦੀ ਹੈ, ਜੋ ਸਾਨੂੰ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹੋ ਜਿਹੇ ਉਪਰਾਲੇ ਕਰਨਾ ਸਮੇਂ ਦੀ ਮੰਗ ਹਨ।
ਫੈਸਟੀਵਲ ਵਿੱਚ ਨੂੰਹਾਂ ਧੀਆਂ ਵਲੋਂ ਪੰਜਾਬੀ ਸੂਟ, ਲਹਿੰਗੇ, ਪਰਾਂਦੀਆਂ, ਫੁਲਕਾਰੀਆਂ ਅਤੇ ਮਹਿੰਦੀ ਲਗਾ ਕੇ ਫੈਸਟੀਵਲ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਔਰਤਾਂ ਵਲੋਂ ਲੋਕ ਗੀਤ, ਗਰੁੱਪ ਡਾਂਸ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਫੈਸਟੀਵਲ ਦੌਰਾਨ ਬੋਲੀਆਂ ਪਾ ਕੇ ਨਗਰ ਖੇੜੇ ਦੀ ਸੁੱਖ ਮੰਗੀ ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਤੀਆਂ ਵਿਦਾ ਕੀਤੀਆਂ।
ਅੰਤ ਵਿੱਚ ਫੈਸਟੀਵਲ ਦੀਆਂ ਪ੍ਰਬੰਧਕਾਂ ਰੀਤ ਕੌਰ, ਚਰਨਜੀਤ ਕੌਰ, ਸੀਮਾ ਰਾਣੀ ਅਤੇ ਸਾਲੂ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਇਹੋ ਜਿਹੇ ਕਾਰਜ ਕਰਦੀਆਂ ਰਹਿੰਦੀਆਂ ਹਨ। ਜਿਸ ਨਾਲ ਔਰਤਾਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ।
Leave a Reply