ਮਹਿਲ ਕਲਾਂ (ਗੁਰਭਿੰਦਰ ਗੁਰੀ): ਮਹਿਲ ਕਲਾਂ ਦੇ ਨੇੜਲੇ ਪਿੰਡ ਮੂੰਮ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨੇ ਇੱਕ ਮਜ਼ਦੂਰ ਪਤੀ-ਪਤਨੀ ਦੀ ਜਾਨ ਲੈ ਲਈ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਜੋੜੇ ਦਾ 10 ਸਾਲ ਦਾ ਬੱਚਾ ਆਪਣੇ ਚਾਚੇ ਦੇ ਘਰ ਸੁੱਤਾ ਹੋਣ ਕਾਰਨ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਜੁਗਰਾਜ ਸਿੰਘ (45 ਸਾਲ) ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ (40 ਸਾਲ) ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਮੂੰਮ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਬੀਤੀ ਰਾਤ ਉਹ ਆਪਣੇ ਘਰ ਵਿੱਚ ਸੁੱਤੇ ਪਏ ਸਨ।ਮ੍ਰਿਤਕ ਦੇ ਪਰਿਵਾਰਿਕ ਮੈਂਬਰ ਦਲਬੀਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਤਿੰਨ ਵਜੇ ਜੁਗਰਾਜ ਸਿੰਘ ਦੇ ਘਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਐਨੀ ਕੁ ਭਿਆਨਕ ਸੀ ਕਿ ਪੂਰੇ ਘਰ ਨੂੰ ਅੱਗ ਨੇ ਲਪੇਟ ਵਿੱਚ ਲੈ ਲਿਆ। ਜੁਗਰਾਜ ਸਿੰਘ ਨੂੰ ਅੱਗ ਨੇ ਬੁਰੀ ਤਰ੍ਹਾਂ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।
ਜੁਗਰਾਜ ਸਿੰਘ ਦੀ ਪਤਨੀ ਅੰਗਰੇਜ਼ ਕੌਰ ਨੂੰ ਪਿੰਡ ਵਾਸੀਆਂ ਨੇ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ, ਪਰ ਉਹ ਬੁਰੀ ਤਰ੍ਹਾਂ ਨਾਲ ਝੁਲਸ ਚੁੱਕੀ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਪਰ ਅੰਗਰੇਜ਼ ਕੌਰ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦਲਵੀਰ ਸਿੰਘ ਨੇ ਕਿਹਾ ਕਿ ਘਰ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਉੱਪਰ ਕਾਬੂ ਪਾਇਆ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਪਾਣੀ ਅਤੇ ਮਿੱਟੀ ਦੀ ਵਰਤੋਂ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏਐਸਆਈ ਬਲੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾਂ ਦੀ ਸੂਚਨਾਂ ਸਵੇਰੇ 5 ਵਜੇ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਮੌਕੇ ਤੇ ਪੁੱਜ ਕੇ ਘਟਨਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 194 ਬੀ ਐਨ ਐਸ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਆਰਥਿਕ ਮੱਦਦ ਦੀ ਕੀਤੀ ਮੰਗ
ਪਿੰਡ ਮੂੰਮ ਵਿਖੇ ਘਰ ਵਿੱਚ ਅੱਗ ਲੱਗਣ ਕਾਰਨ ਵਾਪਰੀ ਘਟਨਾਂ ਅਤੇ ਪਤੀ ਪਤਨੀ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। 10 ਸਾਲਾ ਬੱਚਾ ਬਚਿਆ
ਮ੍ਰਿਤਕ ਜੁਗਰਾਜ ਸਿੰਘ ਤੇ ਅੰਗਰੇਜ਼ ਕੌਰ ਦਾ ਇੱਕ 10 ਸਾਲਾ ਬੱਚਾ ਇਸ ਘਟਨਾ ਵਿੱਚ ਬਚਿਆ ਹੈ। ਜਾਣਕਾਰੀ ਅਨੁਸਾਰ ਦੁੱਖਦਾਈ ਘਟਨਾਂ ਵਾਲੀ ਰਾਤ ਬੱਚਾ ਆਪਣੇ ਚਾਚੇ ਦੇ ਘਰ ਸੁੱਤਾ ਹੋਇਆ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਹੁਣ ਇਹ ਮਾਸੂਮ ਬੱਚਾ ਆਪਣੇ ਮਾਤਾ-ਪਿਤਾ ਤੋਂ ਬਿਨਾਂ ਇਕੱਲਾ ਰਹਿ ਗਿਆ ਹੈ।
Leave a Reply