ਰੂਪਨਗਰ ( ਪੱਤਰ ਪ੍ਰੇਰਕ )ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਆਯੁਸ਼ਮਾਨ ਅਰੋਗਿਆ ਕੇਂਦਰ ਮਾਹਲਾਂ ਵੱਲੋਂ ਇੱਕ ਵਿਸ਼ੇਸ਼ ਯੋਗਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜੋ ਕਿ ਪਿੰਡ ਮਾਹਲਾਂ ਦੀਆਂ ਮਹਿਲਾਵਾਂ ਨੂੰ ਯੋਗ ਦੇ ਪ੍ਰਾਚੀਨ ਵਿਗਿਆਨ ਨਾਲ ਜੋੜਨ ਲਈ ਸਮਰਪਿਤ ਸੀ।
ਇਹ ਸਮਾਗਮ ਕਮਿਊਨਿਟੀ ਹੈਲਥ ਅਫਸਰ ਡਾ. ਮੀਨਾ, ਏ.ਐਨ.ਐਮ ਜੋਤਿਸ਼ਨਾ ਅਤੇ ਆਸ਼ਾ ਵਰਕਰਾਂ ਦੀ ਸਾਂਝੀ ਕੋਸ਼ਿਸ਼ ਨਾਲ ਆਯੋਜਿਤ ਕੀਤਾ ਗਿਆ। ਇਨ੍ਹਾਂ ਤਿੰਨੇ ਸਿਹਤ ਕਰਮਚਾਰੀਆਂ ਨੇ ਸਮੂਹ ਮਹਿਲਾਵਾਂ ਨੂੰ ਯੋਗ ਕਰਵਾਇਆ ਅਤੇ ਉਨ੍ਹਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਨਿਯਮਿਤ ਯੋਗਾ ਕਰਨਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕਿਵੇਂ ਲਾਭਕਾਰੀ ਹੈ।
ਇਸ ਮੌਕੇ ਡਾ. ਮੀਨਾ ਨੇ ਤਾੜ ਆਸਨ, ਤ੍ਰਿਕੋਣ ਆਸਨ, ਭੁਜੰਗ ਆਸਨ ਆਦਿ ਯੋਗ ਆਸਨਾਂ ਦੀ ਪ੍ਰਦਰਸ਼ਨੀ ਦਿੱਤੀ ਅਤੇ ਮਹਿਲਾਵਾਂ ਨੂੰ ਉਹਨਾਂ ਦੀ ਸਹੀ ਤਕਨੀਕ ਸਿਖਾਈ। ਉਨ੍ਹਾ ਨੇ ਯੋਗ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਲਾਵਾਂ ਨੂੰ ਇਸਦੀ ਨਿਯਮਿਤ ਅਭਿਆਸ ਲਈ ਉਤਸ਼ਾਹਤ ਕੀਤਾ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਪਿੰਡ ਪੱਧਰ ‘ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਵਧੀਆ ਢੰਗ ਹਨ। ਯੋਗਾ ਸਿਰਫ ਸਰੀਰਕ ਕਸਰਤ ਨਹੀਂ, ਸਗੋਂ ਇਹ ਮਨ, ਸਰੀਰ ਅਤੇ ਆਤਮਾ ਦੇ ਸੰਤੁਲਨ ਲਈ ਅਣਮੋਲੀ ਪ੍ਰਥਾ ਹੈ। ਆਯੁਸ਼ਮਾਨ ਅਰੋਗਿਆ ਕੇਂਦਰ ਮਾਹਲਾਂ ਵੱਲੋਂ ਕੀਤਾ ਗਿਆ ਇਹ ਉੱਦਮ ਬੇਹੱਦ ਸਰਾਹਣਯੋਗ ਹੈ।
ਸਮਾਗਮ ਅੰਤ ਵਿੱਚ ਸਾਰੇ ਸਿਹਤ ਕਰਮਚਾਰੀਆਂ ਅਤੇ ਪਿੰਡ ਦੀਆਂ ਮਹਿਲਾਵਾਂ ਨੇ ਮਿਲ ਕੇ ਯੋਗ ਕਰਕੇ ਤੰਦਰੁਸਤ ਜੀਵਨ ਦੀ ਝਲਕ ਪੇਸ਼ ਕੀਤੀ।
Leave a Reply