ਫਗਵਾੜਾ (ਸ਼ਿਵ ਕੌੜਾ) ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ’ਚ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਦੌਰਾਨ ਇੱਕ ਧਿਰ ਵਲੋਂ ਗੋਲੀ ਚਲਾਏ ਜਾਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਹੈ। ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਜਾਂਚ ’ਚ ਜੁੱਟ ਗਈ ਹੈ। ਪੀੜਤ ਬੌਬੀ ਨੇ ਦੱਸਿਆ ਕਿ ਅਸੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆਪਣੇ ਇੱਕ ਦੋਸਤ ਦੀ ਆੜਤ ਉੱਤੇ ਮੌਜੂਦ ਸੀ। ਇਸ ਦੌਰਾਨ ਸਾਡੇ ਇੱਕ ਦੋਸਤ ਨੂੰ ਫੋਨ ਆਇਆ ਕਿ ਤੁਹਾਡੇ ਨਾਲ ਕੋਈ ਗੱਲਬਾਤ ਹੈ। ਜਿਸ ਤੋਂ ਬਾਅਦ 10-12 ਨੌਜਵਾਨ ਵੱਖ-ਵੱਖ ਗੱਡੀਆਂ ‘ਚ ਸਵਾਰ ਹੋ ਕੇ ਦਾਣਾ ਮੰਡੀ ਸਾਡੇ ਕੋਲ ਪਹੁੰਚ ਗਏ। ਜਿਨਾਂ ਦੇ ਨਾਲ ਸਾਡੀ ਬਹਿਸਬਾਜ਼ੀ ਹੋਈ ਅਤੇ ਉਹਨਾਂ ਵੱਲੋਂ ਸਾਡੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਵਿੱਚ ਮੌਜੂਦ ਇੱਕ ਨੌਜਵਾਨ ਵੱਲੋਂ ਸਾਡੇ ਵੱਲ ਗੋਲੀ ਚਲਾ ਦਿੱਤੀ ਗਈ। ਜੋ ਮੇਰੇ ਲੱਕ ਨੇੜੇ ਲੱਗੀ। ਇਸ ਘਟਨਾ ਤੋਂ ਬਾਅਦ ਸਾਰੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਮੈਨੂੰ ਮੇਰੇ ਦੋਸਤਾਂ ਵੱਲੋਂ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ।
ਇਸ ਮੌਕੇ ਐਸ ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਦਾਣਾ ਮੰਡੀ ਕੋਈ ਝਗੜਾ ਹੋ ਗਿਆ ਹੈ। ਇਸ ਸੰਬੰਧ ਵਿਚ ਅਸੀਂ ਸਿਵਲ ਹਸਪਤਾਲ ਪਹੁੰਚੇ ਤੇ ਦੇਖਿਆ ਕਿ ਇੱਕ ਵਿਅਕਤੀ ਜ਼ਖ਼ਮੀ ਹਾਲਾਤ ਵਿਚ ਹੈ। ਬੌਬੀ ਨਾਂ ਦੇ ਵਿਅਕਤੀ ਦੇ ਪਿੱਛੇ ਪਾਸੇ ਥੋੜਾ ਜਿਹਾ ਜ਼ਖ਼ਮ ਹੈ। ਜ਼ਖ਼ਮੀ ਨੂੰ ਇਲਾਜ ਲਈ ਡਾਕਟਰ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਉਧਰ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਅਤੇ ਡੀਐਸਪੀ ਸੁਲਤਾਨਪੁਰ ਲੋਧੀ ਮੌਕੇ ’ਤੇ ਸਿਵਲ ਹਸਪਤਾਲ ਪਹੁੰਚ ਗਏ। ਪੁਲਿਸ ਵੱਲੋਂ ਪੀੜਤ ਦੇ ਬਿਆਨ ਹਾਸਿਲ ਕੀਤੀ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਵਿਖੇ ਡਿਊਟੀ ਤੇ ਤੈਨਾਤ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਜ਼ਖਮੀ ਹਾਲਤ ਵਿੱਚ ਇੱਕ ਨੌਜਵਾਨ ਭਰਤੀ ਹੋਇਆ ਸੀ। ਜਿਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਕਪੂਰਥਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਪੀੜਤ ਦੇ ਬਿਆਨਾ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Leave a Reply