ਲਾਸਾਨੀ ਸ਼ਹਾਦਤ ਰਾਹੀਂ ਗੁਰੂ ਘਰ ਨਾਲ ਪ੍ਰੇਮ ਨਿਭਾਉਣ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ।

27 ਜਨਵਰੀ ਨੂੰ ਜਨਮ ਦਿਹਾੜੇ ’ਤੇ ਵਿਸ਼ੇਸ਼
ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ

ਸਿੱਖ ਇਤਿਹਾਸ ਵਿੱਚ ਬੜੀ ਸ਼ਰਧਾ ਨਾਲ ਯਾਦ ਕੀਤੇ ਜਾਂਦੇ ਬਹੁਤ ਸਾਰੇ ਮਹਾ ਨਾਇਕਾਂ ਵਿਚੋਂ ਸਿਰਮੌਰ, ਸਿੱਖ ਅਤੇ ਗੈਰ ਸਿੱਖਾਂ ਦੁਆਰਾ ਧਰਮਾਂ ਦੀ ਵੰਡ ਤੋਂ ਉਪਰ ਉੱਠ ਕੇ ਸਤਿਕਾਰੇ ਜਾਂਦੇ ਅਤੇ ਸਦੀਆਂ ਤੋਂ ਜਿਨ੍ਹਾਂ ਦੀ ਵਿਅਕਤੀਤਵ ਵਿਚ ਕੁਲ- ਦੇਵਤਾ ਵਰਗੀ ਖਿੱਚ ਤੇ ਪ੍ਰਤਿਸ਼ਠਿਤ ਪ੍ਰਤਿਭਾ ਰੱਖਣ ਤੋਂ ਇਲਾਵਾ
ਜਉ ਤਉ ਪ੍ਰੇਮ ਖੇਲਨ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ ॥ ਦੇ ਮਹਾਨ ਪੰਗਤੀਆਂ ਨੂੰ ਸੱਚ ਕਰਕੇ ਵਿਖਾਉਂਦਿਆਂ ਸ਼ਹਾਦਤ ਦੇ ਕੇ ਗੁਰੂ ਘਰ ਨਾਲ ਪ੍ਰੇਮ ਨਿਭਾਉਣ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਆਗਮਨ ਕਲਗ਼ੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਨਾਲ 14 ਮਾਘ 1739 ਬਿਕਰਮੀ ਨੂੰ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿਚ ਮਾਤਾ ਜਿਊਣੀ ਜੀ ਅਤੇ ਪਿਤਾ ਭਾਈ ਭਗਤਾ ਸਿੰਘ ਜੀ ਦੇ ਘਰ ਹੋਇਆ । ਆਪ ਜੀ ਦਾ ਸੁਭਾਅ ਬੜਾ ਮਿੱਠਾ ਤੇ ਆਚਰਣ ਉੱਚਾ ਸੁੱਚਾ ਸੀ। ਬਚਪਨ ’ਚ ਹੀ ਆਪ ਜੀ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ। ਜਿੱਥੇ ਉਨ੍ਹਾਂ ਧੰਨ ਦਸਮੇਸ਼ ਪਿਤਾ ਹੱਥੋਂ ਅੰਮ੍ਰਿਤਪਾਨ ਕੀਤਾ। ਜਦੋਂ ਵੀ ਸਮਾਂ ਮਿਲਦਾ ਘੋੜ ਸਵਾਰੀ, ਸ਼ਸਤਰ ਵਿੱਦਿਆ ਅਤੇ ਨੇਜ਼ੇਬਾਜ਼ੀ ਦਾ ਅਭਿਆਸ ਕਰਨ ਤੋਂ ਇਲਾਵਾ ਗੁਰਬਾਣੀ ਅਤੇ ਭਜਨ ਬੰਦਗੀ ਵਿਚ ਲੀਨ ਰਹਿਣ ਕਾਰਨ ਆਪ ਜੀ ਗੁਰੂ ਸਾਹਿਬ ਦੇ ਨਜ਼ਦੀਕੀਆਂ ’ਚ ਗਿਣੇ ਗਏ। ਜਦੋਂ ਮਾਤਾ ਪਿਤਾ ਜੀ ਵੱਲੋਂ ਆਪ ਜੀ ਨੂੰ ਪਿੰਡ ਲਿਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਲਈ, ਮਗਰੋਂ ਸ੍ਰੀ ਅਨੰਦਪੁਰ ਸਾਹਿਬ ’ਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਹਕੂਮਤ ਵੱਲੋਂ ਹਮਲਾ ਕਰ ਦਿੱਤਾ ਗਿਆ ।

ਜਿਸ ਕਾਰਨ ਗੁਰੂ ਸਾਹਿਬ ਦਾ ਪਰਿਵਾਰ ਅਤੇ ਗੁਰਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਮੁਕਤਸਰ ਦੀ ਜੰਗ ਵਿਚ ਭਾਈ ਮਹਾਂ ਸਿੰਘ ਦੀ ਬੇਨਤੀ ’ਤੇ 40 ਸਿੰਘਾਂ ਦੀ ਟੁੱਟੀ ਗੰਢਣ ਤੋਂ ਉਪਰੰਤ ਸ੍ਰੀ ਦਸਮੇਸ਼ ਪਿਤਾ ਜੀ ਸੰਨ 1705 ਵਿਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਗੁਰੂ ਸਾਹਿਬ ਜੀ ਦੇ ਬੁਲਾਵੇ ’ਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਵਿੱਚ ਮਦਦ ਕੀਤੀ। ਇਸ ਮਹਾਨ ਕਾਰਜ ਦੀ ਸੰਪੂਰਨਤਾ ਉਪਰੰਤ ਸਤਿਗੁਰਾਂ ਵੱਲੋਂ ਬਾਬਾ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਅਤੇ ਦਮਦਮੀ ਟਕਸਾਲ ਦੇ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ। ਇਸ ਤੋਂ ਇਲਾਵਾ ਬਾਬਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਨ, ਜਿਨ੍ਹਾਂ ਨੂੰ ਸੰਨ 1748 ਵਿਚ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਵਿਚ ਸ਼ਹੀਦੀ ਮਿਸਲ ਦਾ ਮੁਖੀ ਥਾਪਿਆ ਗਿਆ।  ਦਸਮੇਸ਼ ਪਿਤਾ ਜੀ ਜਦੋਂ ਦੱਖਣ ’ਚ ਸ੍ਰੀ ਹਜ਼ੂਰ ਸਾਹਿਬ ਗਏ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਸਾਹਿਬ ਜੀ ਦੇ ਨਾਲ ਹੀ ਸਨ, ਜਿਸ ਸਮੇਂ ਗੁਰੂ ਸਾਹਿਬ ਜੀ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ‘ਤੇ ਸੁਸ਼ੋਭਿਤ ਕੀਤਾ, ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਤਾਬਿਆ ਚੌਰ ਸਾਹਿਬ ਜੀ ਦੀ ਸੇਵਾ ਕੀਤੀ ਅਤੇ ਬਾਬਾ ਦੀਪ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਹਰਿ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਗੁਰਬਖ਼ਸ਼ ਸਿੰਘ ਸ਼ਹੀਦ ਜੀ ਨੂੰ ਦਸਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਪਾਸ ਖੜ੍ਹੇ ਕਰਕੇ ਗੁਰਤਾ ਗੱਦੀ ਦਾ ਅਰਦਾਸਾ ਸੋਧਣਾ ਕੀਤਾ। ਬਾਅਦ ਵਿਚ ਬਾਬਾ ਦੀਪ ਸਿੰਘ ਜੀ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਗਿਆ ਅਨੁਸਾਰ ਦਮਦਮਾ ਸਾਹਿਬ ਵਿਖੇ ਗੁਰਬਾਣੀ ਦਾ ਸ਼ੁੱਧ ਪਾਠ, ਗੁਰਬਾਣੀ ਦੀ ਵਿਆਖਿਆ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ। ਸਵੇਰੇ ਸ਼ਾਮ ਗੁਰੂ ਕਾ ਲੰਗਰ ਅਤੁੱਟ ਵਰਤਦਾ, ਰਾਤ ਨੂੰ ਢਾਡੀ ਵਾਰਾਂ ਗਾਉਂਦੇ, ਸੰਗਤਾਂ ਵਿਚ ਬੀਰ ਰਸ ਦਾ ਉਤਸ਼ਾਹ ਭਰਿਆ ਜਾਂਦਾ।
ਬਾਬਾ ਜੀ ਨੇ ਸੰਨ 1708 ਤੋਂ 1715 ਤਕ ਭਾਈ ਗੁਰਬਖ਼ਸ਼ ਸਿੰਘ ਜਿਸ ਨੂੰ ਅਸੀਂ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣ ਦੇ ਹਾਂ ਦੀ ਹਰ ਯੁੱਧ ਅਤੇ ਹਰ ਮੁਹਿੰਮ ਵਿਚ ਸਹਾਇਤਾ ਕੀਤੀ। ਸਰਹੰਦ ਨੂੰ ਫ਼ਤਿਹ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਨਾਲ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਬਾਬਾ ਜੀ ਦੀ ਰਸਣਾ ਤੋਂ ਤਿੰਨ ਮਹੀਨੇ ਤਕ ਗੁਰਬਾਣੀ ਕਥਾ ਸਰਵਣ ਕੀਤਾ। ਉਹ ਬਾਬਾ ਦੀਪ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਬਹੁਤ ਸਤਿਕਾਰ ਕਰਿਆ ਕਰਦੇ ਸਨ। ਇਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਪੰਥ ਨੇ ਚੱਪੜਚਿੜੀ ਦੇ ਮੈਦਾਨ ਵਿਚ ਦਿਖਾਏ ਜੌਹਰ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਦਾ ਮਹਾਨ ਖ਼ਿਤਾਬ ਬਖ਼ਸ਼ਿਸ਼ ਕੀਤਾ।  ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸੇ ਦਾ ਝਗੜਾ ਬਹੁਤ ਵਧ ਗਿਆ ਤਾਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੀ ਦੋਹਾਂ ਧਿਰਾਂ ਦਾ ਫ਼ੈਸਲਾ ਇਕ ਪਰਚੀ ’ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅਤੇ ਦੂਜੀ ’ਤੇ ਫ਼ਤਿਹ ਦਰਸ਼ਨ ਲਿਖ ਗੁਰੂ ਅੱਗੇ ਅਰਦਾਸ ਕਰਦਿਆਂ ਅੰਮ੍ਰਿਤ ਸਰੋਵਰ ‘ਚ ਪਰਚੀਆਂ ਪਾ ਕੇ ਝਗੜਾ ਨਿਬੇੜਿਆ।
1716 ਈ: ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਖ ਹੋਣ ‘ਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਮੁੜ ਆਨ ਡੇਰਾ ਲਾਇਆ। ਪੰਥ ਦੀ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਅਤੇ ਤਖ਼ਤ ਸਾਹਿਬਾਨਾਂ ‘ਤੇ ਸੁਸ਼ੋਭਿਤ ਕਰਾਏ। ਆਪ ਜੀ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ ਸੋ ਆਪ ਜੀ ਨੇ ਅਰਬੀ ਭਾਸ਼ਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਾ ਕਰ ਕੇ ਅਰਬ ਦੇਸ਼ ‘ਚ ਸਿੱਖਾਂ ਨੂੰ ਭਿਜਵਾਇਆ। ਅਰਬ ਦੇਸ਼ ਦੇ ਲੋਕ ਉਸ ਬੀੜ ਦਾ ਬਹੁਤ ਸਤਿਕਾਰ ਕਰਿਆ ਕਰਦੇ ਹਨ।
ਜਦ 1733 ’ਚ ਜ਼ਕਰੀਆ ਖਾਨ ਵੱਲੋਂ ਦਿਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀ ਮਨਜ਼ੂਰੀ ਨਾਲ ਸਿੰਘਾਂ ਨਾਲ ਸੁਲਾਹ ਕਰਨ ਲਈ ਭਾਈ ਸੁਬੇਗ ਸਿੰਘ ਰਾਹੀਂ ਨਵਾਬੀ ਦੀ ਖਿੱਲਤ ( ਪੁਸ਼ਾਕ) ਦੇ ਕੇ ਅੰਮ੍ਰਿਤਸਰ ਭੇਜਿਆ ਗਿਆ, ਤਾਂ ਪੰਥ ਨੇ ਫ਼ੈਸਲਾ ਲੈ ਕੇ ਉਸ ਵਕਤ ਸੰਗਤਾਂ ਨੂੰ ਪੱਖਾ ਝੱਲ ਰਹੇ ਅਤੇ ਖ਼ਾਲਸੇ ਦੇ ਘੋੜਿਆਂ ਸੇਵਾ ਕਰਨ ਵਾਲੇ ਪੰਥ ਦੇ ਮਹਾਨ ਸੇਵਾਦਾਰ ਕਪੂਰ ਸਿੰਘ ਫੈਜਲਪੁਰੀਆ ਨੂੰ ਨਵਾਬੀ ਦੇਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਵੀ ਉਸ ਖਿੱਲਤ ਨੂੰ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਉਣ ਦੀ ਸ਼ਰਤ ਰੱਖੀ। ਉਸ ਵਕਤ ਨਵਾਬੀ ਭੇਟਾ ਨੂੰ ਜਿਨ੍ਹਾਂ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਇਆ ਗਿਆ ਉਨ੍ਹਾਂ ‘ਚ ਬਾਬਾ ਦੀਪ ਸਿੰਘ ਜੀ ਤੋਂ ਇਲਾਵਾ ਭਾਈ ਕਰਮ ਸਿੰਘ ਕਰਤਾਰਪੁਰ ਵਾਲੇ, ਭਾਈ ਹੀਰਾ ਸਿੰਘ ਹਜ਼ੂਰੀਆ, ਭਾਈ ਬੁੱਧ ਸਿੰਘ ਸੁਕਰਚੱਕੀਆ ( ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ) ਤੇ ਭਾਈ ਜੱਸਾ ਸਿੰਘ ਰਾਮਗੜ੍ਹੀਆ ਵੀ ਸ਼ਾਮਿਲ ਸਨ। ਇਹ ਸਮਝੌਤਾ 1735 ਤਕ ਰਿਹਾ। ਉਪਰੰਤ ਸਿੰਘਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ। ਇਸੇ ਦੌਰਾਨ ਭਾਈ ਮਨੀ ਸਿੰਘ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ, ਉਪਰੰਤ ਪੰਥ ਦੀ ਜ਼ਿੰਮੇਵਾਰੀ ਸੰਭਾਲਣ ’ਚ ਬਾਬਾ ਦੀਪ ਸਿੰਘ ਜੀ ਦੀ ਮੁੱਖ ਭੂਮਿਕਾ ਰਹੀ।
ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ 1734 ਈ: ’ਚ ਸਮੇਂ ਦੀ ਲੋੜ ਮੁਤਾਬਿਕ ਤਰਨਾ ਦਲ ਅਤੇ ਬੁੱਢਾ ਦਲ ਦੇ ਰੂਪ ‘ਚ ਸਿੱਖ ਜਥੇ ਬਣਾਏ ਗਏ। ਤਰਨਾ ਦਲ ਪੰਚ ਹਿੱਸਿਆਂ ‘ਚ ਵੰਡਿਆ ਗਿਆ। ਇਕ ਜਥੇ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਜਿਸ ਦੇ ਜਥੇ ’ਚ 2 ਹਜ਼ਾਰ ਘੋੜ ਸਵਾਰ ਹਰ ਸਮੇਂ ਤਿਆਰ ਭਰ ਤਿਆਰ ਰਹਿੰਦੇ ਸਨ। ਜਦ 1740 ’ਚ ਮਸੇ ਰੰਘੜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਬਾਬਾ ਜੀ ਦੇ ਜਥੇ ਦੇ ਜਥੇਦਾਰ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਸਿੰਘ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਹੀ ਮਸੇ ਦਾ ਸਿਰ ਵੱਢ ਕੇ ਬਾਬਾ ਜੀ ਅੱਗੇ ਲਿਆ ਪੇਸ਼ ਕੀਤਾ। 1748 ’ਚ ਸਿੱਖਾਂ ਦੇ ਵੱਖ ਵੱਖ 65 ਵੱਡੇ ਛੋਟੇ ਜਥਿਆਂ ਨੂੰ 12 ਵੱਡੇ ਜਥਿਆਂ ਨੂੰ ਮਿਸਲਾਂ ਵਿਚ ਸੰਗਠਿਤ ਕਰ ਦਿੱਤਾ ਗਿਆ।  ਤੇ ਰਾਖੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ। ਜਿਸ ਤਹਿਤ ਸਿੰਘਾਂ ਦੇ ਜਥੇ ਰਾਖੀ ਵਾਲੇ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਕਰਿਆ ਕਰਦੇ ਸਨ।
ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਈਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਸਿੱਖ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। 1757 ਈ. ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ, ਆਗਰਾ, ਮਥੁਰਾ ਤੋਂ ਲੁੱਟ-ਮਾਰ ਦੀ ਧੰਨ ਦੌਲਤ ਅਤੇ ਬੇਕਸੂਰ ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਅਫ਼ਗ਼ਾਨਿਸਤਾਨ ਲੈ ਜਾ ਰਿਹਾ ਸੀ ਤਾਂ ਬਾਬਾ ਜੀ ਦੇ ਜਥੇ ਨੇ ਹਮਲਾ ਬੋਲ ਕੇ ਲੁੱਟਿਆ ਹੋਇਆ ਖ਼ਜ਼ਾਨਾ ਅਤੇ ਲੜਕੀਆਂ ਨੂੰ ਛਡਾ ਲਿਆ । ਇਸ ਕਾਰਨ ਅਬਦਾਲੀ ਗ਼ੁੱਸੇ ਵਿਚ ਆ ਗਿਆ ਅਤੇ ਲਾਹੌਰ ਜਾ ਕੇ ਆਪਣੇ ਪੁੱਤਰ ਸ਼ਹਿਜ਼ਾਦੇ ਤੈਮੂਰ ਸ਼ਾਹ ਨੂੰ ਪੰਜਾਬ ਦਾ ਰਾਜ ਸੌਂਪ ਅਤੇ ਜਨਰਲ ਜਾਹਾਨ ਖ਼ਾਨ ਅਧੀਨ 10000 ਫ਼ੌਜ ਛੱਡ ਕੇ ਖ਼ੁਦ ਵਾਪਸ ਕਾਬਲ ਚਲਾ ਗਿਆ ਅਤੇ ਫ਼ਰਮਾਨ ਜਾਰੀ ਕਰ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਅਤੇ ਦਰਬਾਰ ਸਾਹਿਬ ਦੋਹਾਂ ਦਾ ਤਹਿਸ-ਨਹਿਸ ਕਰ ਦਿੱਤਾ ਜਾਵੇ । ਹੁਕਮ ਦੀ ਤਾਮੀਲ ਹੁੰਦਿਆਂ ਹੀ ਹਰਿਮੰਦਰ ਸਾਹਿਬ ਦੀ ਬੇਅਦਬੀ ਸ਼ੁਰੂ ਹੋ ਗਈ । ਉਸ ਵਕਤ ਬਾਬਾ ਜੀ ਤਲਵੰਡੀ ਸਾਬੋ ਹੀ ਸਨ ਅਤੇ ਇਹ ਖ਼ਬਰ ਸੁਣਦਿਆਂ ਹੀ ਬਾਬਾ ਜੀ ਨੇ ਗ਼ੁੱਸੇ ਅਤੇ ਰੋਹ ਵਿਚ ਆ ਕੇ ਆਪਣਾ ਖੰਡਾ ਧੂਹਿਆ ਅਤੇ ਸਿੱਖ ਸੰਗਤ ਨੂੰ ਅੰਮ੍ਰਿਤਸਰ ਵਹੀਰਾਂ ਘੱਤਣ ਲਈ ਵੰਗਾਰਿਆ । ਬਾਬਾ ਜੀ ਨੇ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਨੂੰ ਮੁਕਤ ਕਰਾਉਣ ਦੀ ਪ੍ਰਤਿੱਗਿਆ ਕਰਕੇ ਤਕਰੀਬਨ ਪੰਜ ਸੌ ਸਿੰਘਾਂ ਦੇ ਜਥੇ ਨਾਲ ਅੰਮ੍ਰਿਤਸਰ ਨੂੰ ਵਹੀਰਾਂ ਘੱਤ ਦਿੱਤੀਆਂ ।
ਤਰਨ ਤਾਰਨ ਪਹੁੰਚਦਿਆਂ ਤੱਕ ਜਥੇ ਦੀ ਗਿਣਤੀ ਤਕਰੀਬਨ 5000 ਤੱਕ ਹੋ ਗਈ । ਇਥੇ ਬਾਬਾ ਜੀ ਨੇ ਖੰਡੇ ਨਾਲ ਲਕੀਰ ਖਿੱਚ ਕੇ ਆਪਣੇ ਲਸ਼ਕਰ ਨੂੰ ਲਲਕਾਰਿਆ ਕਿ ਜਿਹੜਾ ਸਿੰਘ ਸ਼ਹੀਦੀ ਤੋਂ ਨਾ ਡਰਦਾ ਹੋਵੇ ਉਹੀ ਇਸ ਨੂੰ ਪਾਰ ਕਰੇ । ਸਾਰੇ ਸਿੰਘ ਜੈਕਾਰੇ ਛੱਡਦੇ ਹੋਏ ਲਕੀਰ ਪਾਰ ਕਰ ਗਏ । ਇਥੇ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ । ਸਿੰਘਾਂ ਦੇ ਪਹੁੰਚਣ ਦੀ ਖ਼ਬਰ ਜਹਾਨ ਜਾਨ ਨੂੰ ਵੀ ਲੱਗ ਗਈ ਅਤੇ ਉਹ ਵੀ ਤਕਰੀਬਨ 35000 ਦਾ ਲਸ਼ਕਰ ਲੈ ਕੇ ਸਿੰਘਾਂ ਦਾ ਮੁਕਾਬਲਾ ਕਰਨ ਲਈ ਨਿਕਲ ਪਿਆ ਅਤੇ ਦੋਵਾਂ ਫ਼ੌਜਾਂ ਦਾ ਟਾਕਰਾ ਪਿੰਡ ਗੋਹਲਵੜ ਦੇ ਲਾਗੇ ਹੋਇਆ । ਘਮਸਾਣ ਦਾ ਯੁੱਧ ਸ਼ੁਰੂ ਹੋਇਆ ਅਤੇ ਸਿੰਘ ਦੁਸ਼ਮਣ ਨੂੰ ਪਛਾੜਦੇ ਹੋਏ ਪਿੰਡ ਚੱਬਾ ਪਾਰ ਕਰ ਗਏ । ਪਿੰਡ ਚੱਬਾ ਤੇ ਪਿੰਡ ਗੁਰੂ ਵਾਲੀ ਦੇ ਵਿਚਕਾਰ ਪਹੁੰਚਣ ਤੇ ਬਾਬਾ ਜੀ ਅਤੇ ਜਹਾਨ ਖ਼ਾਨ ਦਾ ਆਮੋ ਸਾਹਮਣੇ ਘਮਸਾਣ ਦਾ ਮੁਕਾਬਲਾ ਹੋਇਆ, ਜਿਸ ਵਿੱਚ ਸਾਂਝੇ ਵਾਰ ਨਾਲ ਦੋਵਾਂ ਯੋਧਿਆਂ ਦੇ ਸਿਰ ਧੜਾਂ ਨਾਲੋਂ ਅਲੱਗ ਹੋ ਗਏ । ਇਹ ਦੇਖ ਕੇ ਇਕ ਨੌਜਵਾਨ ਸਿੰਘ ਨੇ ਬਾਬਾ ਜੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਪ੍ਰਤਿੱਗਿਆ ਚੇਤੇ ਕਰਵਾਈ । ਬਾਬਾ ਜੀ ਝੱਟ ਉੱਠ ਖੜ੍ਹੇ ਹੋਏ ਅਤੇ ਆਪਣਾ ਸੀਸ ਖੱਬੀ ਤਲੀ ਤੇ ਰੱਖ ਕੇ ਅਤੇ ਸੱਜੇ ਹੱਥ ਨਾਲ ਖੰਡਾ ਖੜਕਾਉਂਦੇ ਹੋਏ ਯੁੱਧ ਕਰਨਾ ਸ਼ੁਰੂ ਕਰ ਦਿੱਤਾ । ਬਿਨਾਂ ਸੀਸ ਤੋਂ ਯੁੱਧ ਹੁੰਦਾ ਵੇਖ ਕੇ ਮੁਗ਼ਲ ਫ਼ੌਜ ਵਿਚ ਭਾਜੜਾਂ ਪੈ ਗਈਆਂ ਅਤੇ ਤੁਰਕ ਬਿਨਾਂ ਯੁੱਧ ਕੀਤੇ ਹੀ ਮੈਦਾਨ ਛੱਡ ਕੇ ਤਿੱਤਰ-ਬਿਤਰ ਹੋ ਗਏ । ਬਾਬਾ ਜੀ ਨੇ ਯੁੱਧ ਕਰਦੇ ਹੋਏ ਅੰਮ੍ਰਿਤਸਰ ਪਹੁੰਚ ਕੇ ਆਪਣਾ ਸੀਸ ਪਰਿਕਰਮਾ ਵਿਚ ਭੇਂਟ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਸੱਚਖੰਡ ਜਾ ਬਿਰਾਜੇ ।
ਗਿਆਨੀ ਗਿਆਨ ਸਿੰਘ ’ਤਵਾਰੀਖ ਗੁਰੂ ਖ਼ਾਲਸਾ’ ਅਨੁਸਾਰ ਇਸ ਯੁੱਧ ’ਚ ਸਰਾਇ ਗੋਤ ਦਾ ਜੱਟ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ’’ਜੱਟ ਸਰਾਇ ਮਹਿਤ ਸਿੰਘ ਤਯੋਂ ਹੀ … ਲਰਯੋ ਕਬੰਧ ਤਾਂਹਿ ਕਾ ਭਾਰਾ’’। ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ, ’’ਲਰਯੋ ਕਬੰਧ ਰਾਮ ਸਿੰਘ ਕੇਰਾ’’ । ਬੀਸ ਹਜ਼ਾਰੀ ਜ਼ਬਰਦਸਤ ਖਾਂ ਨਾਲ ਭਾਈ ਬਲਵੰਤ ਸਿੰਘ ਅਤੇ ਮੀਰ ਜਾਨ ਖਾਂ ਨੇ ਬਾਬੇ ਨੌਧ ਸਿੰਘ ਗਿੱਲ ਨਾਲ ਦਵੰਦ ਯੁੱਧ ਕੀਤਾ। ਬਾਬਾ ਨੌਧ ਸਿੰਘ ਜੀ ਜਿੱਥੇ ਸ਼ਹੀਦੀ ਪਾ ਗਏ ਉਸ ਥਾਂ ਤਰਨ ਤਾਰਨ ਰੋਡ ’ਤੇ  ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਇਸੇ ਤਰਾਂ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ’ਚ ਬਾਬਾ ਦੀਪ ਸਿੰਘ ਜੀ ਦੇ ਨਾਮਵਰ ਸਾਥੀ ਸਿੰਘਾਂ ਜਥੇਦਾਰ ਰਾਮ ਸਿੰਘ, ਜਥੇਦਾਰ ਸਜਣ ਸਿੰਘ, ਜਥੇਦਾਰ ਬਹਾਦਰ ਸਿੰਘ, ਜਥੇਦਾਰ ਹੀਰਾ ਸਿੰਘ, ਭਾਈ ਨਿਹਾਲ ਸਿੰਘ, ਭਾਈ ਸੰਤ ਸਿੰਘ, ਭਾਈ ਕੌਰ ਸਿੰਘ, ਭਾਈ ਸੁੱਧਾ ਸਿੰਘ, ਭਾਈ ਬਸੰਤ ਸਿੰਘ, ਭਾਈ ਬੀਰ ਸਿੰਘ, ਭਾਈ ਮੰਨਾ ਸਿੰਘ, ਭਾਈ ਹੀਰਾ ਸਿੰਘ, ਭਾਈ ਗੰਡਾ ਸਿੰਘ, ਭਾਈ ਲਹਿਣਾ ਸਿੰਘ, ਭਾਈ ਗੁਪਾਲ ਸਿੰਘ, ਭਾਈ ਰਣ ਸਿੰਘ, ਭਾਈ ਭਾਗ ਸਿੰਘ, ਭਾਈ ਨੱਥਾ ਸਿੰਘ,ਭਾਈ ਬਾਲ ਸਿੰਘ,ਭਾਈ ਤਾਰਾ ਸਿੰਘ ਕੰਗ ਵੀ ਸ਼ਾਮਿਲ ਸਨ । ਧਰਮ ਤੋਂ ਪ੍ਰੇਰਿਤ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਗਏ ਕਾਰਨਾਮੇ ਕੌਮਾਂ ਦੀ ਸਮੁੱਚੀ ਚੇਤਨਤਾ – ਸਿਮ‌੍ਰਿਤੀਆਂ ਦਾ ਹਿੱਸਾ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਦੀਆਂ ਹਨ।
ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉੱਥੇ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਜਿੱਥੇ ਬਾਬਾ ਜੀ ਅਤੇ ਸਾਥੀ ਸਿੰਘਾਂ ਦਾ ਸਸਕਾਰ ਕੀਤਾ ਗਿਆ ਉਸ ਤਰਨ ਤਾਰਨ ਵਾਲੀ ਸੜਕ ’ਤੇ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹਨ। ਪਿੰਡ ਚਬਾ ਅਤੇ ਪਿੰਡ ਗੁਰੂ ਵਾਲੀ ਦੇ ਵਿਚਕਾਰ ਮੈਦਾਨ ਏ ਜੰਗ ਵਿਚ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ, ਉੱਥੇ ਹੁਣ ਸ਼ਾਨਦਾਰ ਅਤੇ ਅਤਿ ਸੁੰਦਰ ਗੁਰਦੁਆਰਾ ਟਾਹਲਾ ਸਾਹਿਬ ਸੁਭਾਇਮਾਨ ਹੈ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ ਅਤੇ ਸੇਵਾ ਕਰਕੇ ਮੁਰਾਦਾਂ ਪਾਉਣ ਆਉਂਦੀਆਂ ਹਨ।
ਐਤਵਾਰ ਨੂੰ ਚੌਪਹਿਰਾ ਗੁਰਮਤਿ ਸਮਾਗਮ ’ਚ ਅਣਗਿਣਤ ਸੰਗਤਾਂ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ। ਲੰਗਰ ਹਾਲ ਦੀ ਨਵੀਂ ਤੇ ਵਿਸ਼ਾਲ ਇਮਾਰਤ ਦੀ ਕਾਰਸੇਵਾ ਜਾਰੀ ਹੈ। ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਆਗਮਨ ਦਿਹਾੜੀ 27 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਲੇਖਕ – ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, (ਮੁੱਖ ਸੇਵਾਦਾਰ ਗੁਰਦੁਆਰਾ ਟਾਹਲਾ ਸਾਹਿਬ, ਸ਼ਹੀਦੀ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ।)

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin