ਵੈਸੇ ਤਾਂ ਪਿਛਲੇ ਤਕਰੀਬਨ 20 ਸਾਲਾਂ ਤੋਂ ਪੰਜਾਬ ਵਿਚ ਰਾਜ ਹਾਸਲ ਕਰਨ ਲਈ ਬਿਜਲੀ ਇੱਕ ਅਹਿਮ ਮੱੁਦਾ ਰਿਹਾ ਹੈ। ਕਿਉਂਕਿ ਬਿਜਲੀ ਇਸ ਸਮੇਂ ਇੱਕ ਅਜਿਹੀ ਸ਼ੈਅ ਹੈ ਕਿ ਜਿਸ ਦੇ ਬੰਦ ਹੋਣ ਨਾਲ ਜਿੰਦਗੀ ਇੱਕ ਦਮ ਰੁੱਕ ਜਾਂਦੀ ਹੈ। ਮੱੁਫਤ ਤੇ ਸਸਤੀ ਬਿਜਲੀ ਸਹੂਲਤਾਂ ਦੇ ਲਾਰੇ ਤਾਂ ਸਭ ਤੋਂ ਅਹਿਮ ਹਨ ਹੀ ਬਲਕਿ ਇਸ ਦੀ ਸਪਲਾਈ 24 ਘੰਟੇੇ ਦੇਣ ਦਾ ਵਾਅਦਾ ਵੀ ਸਭ ਪਾਰਟੀਆਂ ਲਈ ਬਹੁਤ ਲਾਹੇਵੰਦ ਰਿਹਾ। ਪਰ ਇਸ ਵਾਰ ਜਿੱਥੇ ਹੋਰ ਕਈ ਸਹੂਲਤਾਂ ਮਹਿਲਾਵਾਂ ਨੂੰ ਦੇਣ ਤੋਂ ਇਲਾਵਾ ਬਿਜਲੀ ਨੂੰ ਲੈਕੇ ਆਮ ਆਦਮੀ ਪਾਰਟੀ ਰਾਜ ਹਥਿਆੳੇੁਣ ਲਈ ਸਫਲ ਰਹੀ ਉਹਨਾਂ ਵਿਚੋਂ ਹਾਲੇ ਕੋਈ ਵੀ ਵਾਅਦਾ ਪੂਰਾ ਤਾਂ ਨਹੀਂ ਹੋਇਆ ਪਰ ਉਸ ਰਸਤੇ ਤੁਰਨ ਦੀਆਂ ਸਕੀਮਾਂ ਘੜਨ ਵੇਲੇ ਕਈ ਅਜਿਹੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ ਜਿੰਨ੍ਹਾਂ ਦਾ ਜਿਕਰ ਚੋਣਾਂ ਤੋਂ ਪਹਿਲਾਂ ਨਹੀਂ ਸੀ ਕੀਤਾ ਗਿਆ। ਹੁਣ ਜਦੋਂ ਬਿਜਲੀ ਮੁਆਫ ਕਰਨ ਦੀਆਂ ਗੱਲਾਂ ਚੱਲੀਆਂ ਹਨ ਤਾਂ ਅਜਿਹੇ ਮੌਕੇ ਕੋਈ ਅਜਿਹਾ ਸਿਸਟਮ ਬਣਾਉਣ ਵੱਲ ਸਰਕਾਰ ਦਾ ਧਿਆਨ ਕਦੀ ਵੀ ਨਹੀਂ ਜਾ ਰਿਹਾ ਕਿ ਜਿਸ ਦੀ ਤਹਿਤ ਬਿਜਲੀ ਦੀ ਵਰਤੋਂ ਹੋਵੇ ਨਾ ਕਿ ਦੁਰਵਰਤੋਂ। ਇਨਸਾਨੀ ਜਿੰਦਗੀ ਜੀਊਣ ਦਾ ਤਾਂ ਸਿਸਟਮ ਹੀ ਵਿਗੜਿਆ ਪਿਆ ਹੈ ਸ਼ਹਿਰਾਂ ਦੇ ਲੋਕ ਤਾਂ ਜਿਵੇਂ ਸੌਂਦੇ ਹੀ ਨਾ ਹੋਣ। ਰਾਤ 12 ਵਜੇ ਤੱਕ ਸੜਕਾਂ ਤੇ ਚਹਿਲ ਪਹਿਲ ਸਵੇਰੇ ਪੰਜ ਵਜੇ ਫਿਰ ਸੜਕਾਂ ਤੇ ਉਵੇਂ ਹੀ ਚਹਿਲ ਪਹਿਲ। ਰਾਤ ਨੂੰ ਸਮਾਰੋਹ ਰਾਤ ਨੂੰ ਮੈਚ ਜਿਵੇਂ ਕਿ ਬਿਜਲੀ ਦੀ ਸਪਲਾਈ ਤਾਂ ਅਸਮਾਨ ਤੋਂ ਆ ਰਹੀ ਹੋਵੇ ਤੇ ਇਸ ਦੀ ਕੋਈ ਕਮੀ ਵੀ ਨਾ ਹੋਵੇ । ਇਸ ਤੋਂ ਇਲਾਵਾ ਹਰ ਘਰ ਵਿੱਚ ਇਨਵਰਟਰ ਇਸ ਸਮੇਂ ਬਹੁਤ ਜਰੂਰੀ ਹੋ ਗਿਆ ਹੈ।ਜਿਸ ਨਾਲ ਬਿਜਲੀ ਦੀ ਖਪਤ ਹੋਰ ਵੱਧ ਗਈ ਹੈ।
ਹੁਣ ਜਦੋਂ ਸਚਾਈ ਸਾਹਮਣੇ ਆ ਗਈ ਹੈ। ਝੂਠੇ ਪ੍ਰਚਾਰ ਦੀ ਰਾਜਨੀਤੀ ਕਾਰਨ ਇਨ੍ਹਾਂ ਨੇ ਵਧੇਰੇ ਬਿਜਲੀ ਵਾਲੇ ਪੰਜਾਬ ਨੂੰ ਅਸਹਿਣਯੋਗ ਬਿਜਲੀ ਕੱਟਾਂ ਵਾਲਾ ਸੂਬਾ ਬਣਾ ਦਿੱਤਾ ਹੈ। ਇਹ ਸੰਕਟ ਝੂਠੇ ਰਾਜਨੀਤਿਕਾ ਵਲੋਂ ਸੂਬੇ ਨੂੰ ਵਧੇਰੇ ਬਿਜਲੀ ਵਾਲਾ ਸੂਬਾ ਬਣਾਈ ਰੱਖਣ ਦੀ ਲੋੜ ਨੂੰ ਸਮਝਣ ਵਿਚ ਅਸਫਲਤਾ ਦਾ ਨਤੀਜਾ ਹੈ। ਕਾਂਗਰਸ ਸਰਕਾਰ ਨੇ ਇਕ ਵੀ ਯੂਨਿਟ ਬਿਜਲੀ ਉਤਪਾਦਨ ਨਹੀਂ ਵਧਾਇਆ ਤੇ ਆਮ ਆਦਮੀ ਪਾਰਟੀ ਨੂੰ ਸਮਝ ਹੀ ਨਹੀਂ ਪੈ ਰਹੀ ਤੇ ਉਹ ਪ੍ਰਸ਼ਾਸਨ ਤੇ ਵਿਕਾਸ ਨੂੰ ਛੱਡ ਕੇ ਦੁਰਾਚਾਰ ਦੇ ਰਾਹ ਪਈ ਹੋਈ ਹੈ। ਅਜਿਹਾ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਮੌਜੂਦਾ ਸ਼ਾਸਕਾਂ ਕੋਲ ਅਹਿਮ ਬਿਜਲੀ ਸੈਕਟਰ ਦੇ ਸੰਕਟ ਨਾਲ ਨਜਿੱਠਣ ਲਈ ਸੋਚ ਜਾਂ ਕੋਈ ਯੋਜਨਾ ਹੈ। ਬਿਜਲੀ ਨਹੀਂ ਦਾ ਮਤਲਬ ਹੈ ਵਿਕਾਸ ਨਹੀਂ ਪਰ ਇਹ ਸੈਕਟਰ ਇਸ ਸੌੜੀ ਰਾਜਨੀਤੀ ਕਰਨ ਵਾਲੀ ਸਰਕਾਰਾਂ ਦੀਆਂ ਤਰਜੀਹਾਂ ਵਿਚ ਸ਼ਾਮਿਲ ਨਹੀਂ ਹੈ। ਅੱਜ ਇਨ੍ਹਾਂ ਦੀ ਅਸਫਲਤਾ ਦੀ ਕੀਮਤ ਪੰਜਾਬੀ ਤਾਰ ਰਹੇ ਹਨ। ਬਿਜਲੀ ਸਮਰੱਥਾ ਵਧਾਉਣਾ ਇਕ ਵਾਰ ਦੀ ਪ੍ਰਾਪਤੀ ਨਹੀਂ ਹੈ। ਬਿਜਲੀ ਦੀ ਮੰਗ ਵਧਦੀ ਰਹਿੰਦੀ ਹੈ ਤੇ ਸਰਕਾਰਾਂ ਨੂੰ ਥਰਮਲ ਪਲਾਂਟਾਂ ਜਾਂ ਬਦਲਵੇਂ ਸਰੋਤਾਂ ਰਾਹੀਂ ਬਿਜਲੀ ਉਤਪਾਦਨ ਸਮਰੱਥਾ ਵਧਾਉਣੀ ਪੈਂਦੀ ਹੈ। ਇਸ ਸੰਬੰਧੀ ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਕੋਈ ਯੋਜਨਾ ਨਹੀਂ ਹੈ। ਇਨ੍ਹਾਂ ਪਹਿਲਕਦਮੀਆਂ ਲਈ ਸਾਲਾਂ ਦੀ ਯੋਜਨਾਬੰਦੀ ਤੇ ਦਹਾਕਿਆਂ ਦੀ ਅਗਾਊਂ ਸੋਚ ਚਾਹੀਦੀ ਹੈ। ਮੰਦੇ ਭਾਗਾਂ ਨੂੰ ਪੰਜਾਬ ਵਿਚ ਕਾਂਗਰਸ ਸਰਕਾਰ ਕੋਲ ਕੋਈ ਯੋਜਨਾ ਨਹੀਂ ਸੀ ਤੇ ਨਾ ਹੀ ਆਮ ਆਦਮੀ ਪਾਰਟੀ ਕੋਲ ਅਜਿਹੀ ਯੋਜਨਾ ਹੋਣ ਦਾ ਕੋਈ ਸੰਕੇਤ ਹੈ। ਪ੍ਰਾਜੈਕਟਾਂ ਵਾਸਤੇ ਪੈਸਾ ਚਾਹੀਦਾ ਹੈ ਜੋ ਆਮ ਆਦਮੀ ਪਾਰਟੀ ਦੇ ਸ਼ਾਸਕ ਪਾਰਟੀ ਦੇ ਗੁਜਰਾਤ, ਹਿਮਾਚਲ ਪ੍ਰਦੇਸ਼ ਆਦਿ ਵਿਚ ਪਾਰਟੀ ਦੇ ਚੋਣ ਪ੍ਰਚਾਰ ਵਾਸਤੇ ਇਸ਼ਤਿਹਾਰਾਂ ‘ਤੇ ਉਡਾ ਰਹੇ ਹਨ ਤੇ ਪੰਜਾਬ ਨੂੰ ਇਕ ਸਾਮਰਾਜ ਵਜੋਂ ਵਰਤ ਰਹੇ ਹਨ। ਇਹ ਅਜਿਹੀ ਸਰਕਾਰ ਹੈ ਜੋ ਕੰਮ ਛੋਟੇ ਕਰਦੀ ਹੈ ਤੇ ਪ੍ਰਚਾਰ ਵੱਧ ਕਰਦੀ ਹੈ। ਇਸ ਦੇ ਨਤੀਜੇ ਵਜੋਂ ਬਿਜਲੀ ਖੇਤਰ ਤੇ ਹੋਰ ਖੇਤਰਾਂ ਵਿਚ ਪੰਜਾਬੀਆਂ ਨੂੰ ਕਾਂਗਰਸ ਤੇ ਆਮ ਆਗੂਆਂ ਵਲੋਂ ਝੂਠੇ ਵਾਅਦਿਆਂ ਲਿਆਂਦੀ ਬਿਜਲੀ ਕ੍ਰਾਂਤੀ ਬਾਰੇ ਫੈਲਾਏ ਝੂਠ ਦੀ ਤ੍ਰਾਸਦੀ ਵੱਢਣੀ ਪੈ ਰਹੀ ਹੈ। ਮੰਦੇ ਭਾਗਾਂ ਨੂੰ ਹਾਲਤ ਇਸ ਤੋਂ ਹੋਰ ਮਾੜੀ ਹੋ ਰਹੀ ਹੈ।
ਘੱਟ ਤੋਂ ਘੱਟ ਮੌਜੂਦਾ ਸਰਕਾਰ ਤੇ ਇਸ ਤੋਂ ਪਿਛਲੇ ਸ਼ਾਸਕ ਲੋਕਾਂ ਤੋਂ ਬਿਜਲੀ ਪਹਿਲਕਦਮੀਆਂ ਬਾਰੇ ਝੂਠਾ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਮੁਆਫ਼ੀ ਤਾਂ ਮੰਗਣ। ਪ੍ਰਾਪੇਗੰਡੇ ਦੀ ਕੀਮਤ ਆਮ ਪੰਜਾਬੀਆਂ ਨੂੰ ਤਾਰਨੀ ਪੈ ਰਹੀ ਹੈ। ਮੌਜੂਦਾ ਸ਼ਾਸਕਾਂ ਨੂੰ ਆਪਣੇ ਝੂਠ ਤੋਂ ਨਿੱਖੜ ਕੇ ਪੰਜਾਬ ਨੂੰ ਫਿਰ ਤੋਂ ਵਧੇਰੇ ਬਿਜਲੀ ਵਾਲਾ ਸੂਬਾ ਬਣਾਉਣ ਲਈ ਵੱਡੀ ਯੋਜਨਾ ਬਣਾ ਕੇ ਕਿਸੇ ਚੰਗੀ ਉਦਾਹਰਨ ਦੀ ਪੈਰਵੀ ਕਰਨੀ ਚਾਹੀਦੀ ਹੈ। ਸਮਾਂ ਬਰਬਾਦ ਕਰਨ ਦਾ ਵੇਲਾ ਨਹੀਂ ਹੈ ਤੇ ਅੱਜ ਤੋਂ ਸ਼ੁਰੂ ਕੀਤੇ ਕੰਮ ਨੂੰ ਨਤੀਜੇ ਤੱਕ ਪਹੁੰਚਦੇ-ਪਹੁੰਚਦੇ ਸਾਲਾਂ ਲੱਗ ਜਾਣਗੇ।
ਹੁਣ ਜਦਕਿ ਮੌਸਮ ਵਿਭਂਾਗ ਨੇ ਘੱਟੋ-ਘੱਟ ਇੰਨੀ ਤਾਂ ਤਰੱਕੀ ਕਰ ਲਈ ਹੈ ਕਿ ਉਹ ਸਮਾਂ ਰਹਿੰਦਿਆ ਬਰਸਾਤ ਤੇ ਤੂਫਾਨ ਆਉਣ ਦਾ ਸੰਕੇਤ ਤਾਂ ਦੇ ਦਿੰਦਾ ਹੈ , ਪਰ ਬਿਜਲੀ ਵਿਭਾਗ ਜੋ ਕਿ ਇਨਸਾਨੀ ਹੋਂਦ ਨਾਲ ਚਲਦਾ ਹੈ ਉਹ ਨਾ ਤਾਂ ਕਦੀ ਇਹ ਦੱਸ ਸਕਦਾ ਹੈ ਕਿ ਬਿਜਲੀ ਕੱਦੋਂ ਤੇ ਕਿੰਨੀ ਦੇਰ ਬੰਦ ਰਹਿਣੀ ਹੈ ਅਤੇ ਨਾ ਹੀ ਉਹ ਅਜਿਹਾ ਕੋਈ ਸਿਸਟਮ ਬਣਾ ਸਕਿਆ ਹੈ ਕਿ ਲੋਕਾਂ ਨੂੰ ਪ੍ਰੇਰਿਆ ਜਾਵੇ ਕਿ ਬਿਜਲੀ ਇੰਨੀ ਮੁਕੱਰਰ ਸਮੇਂ ਤੇ ਮਿਲਣੀ ਹੈ ਉਸ ਸਮੇਂ ਕੰਮ ਕੀਤਾ ਜਾ ਸਕੇ ਤੇ ਅਜਿਹੇ ਸਮੇਂ ਤੇ ਆਰਾਮ ਫੁਰਮਾਇਆ ਜਾਵੇ। ਸ਼ਹਿਰਾਂ ਵਿਚ ਤਾਂ ਇਹ ਹਾਲ ਕਿ ਜਦ ਲੋਕ ਦਫਤਰ ਦੁਕਾਨਾਂ ਖੋਲ੍ਹਦੇ ਹਨ ਤਾਂ ਉਸ ਸਮੇਂ ਬਿਜਲੀ ਚਲੀ ਜਾਂਦੀ ਹੈ ਕੰਮ ਕੋਈ ਹੁੰਦਾ ਨਹੀਂ ਮੁਲਾਜ਼ਮਾਂ ਦੀ ਦਿਹਾੜੀ ਸਿਰ ਚੜ੍ਹ ਜਾਂਦੀ ਹੈ। ਦੁਕਾਨਦਾਰਾਂ ਦਾ ਹਾਲ ਇਹ ਹੈ ਕਿ ਉਹਨਾਂ ਦੀ ਦੁਕਾਨ ਵਿੱਚ ਲੱਗਿਆ ਟੈਲੀਵਿਜ਼ਨ ਤਾਂ ਉਸ ਸਮੇਂ ਹੀ ਬੰਦ ਹੋਣਾ ਹੈ ਜਦ ਬਿਜਲੀ ਬੰਦ ਹੋਣੀ ਹੈ ਵਰਨਾ ਦੁਾਕਨ ਵਿਚ ਕੰਮ ਭਾਵੇਂ ਜਿੰਨਾ ਮਰਜ਼ੀ ਕਰਨ ਵਾਲਾ ਹੋਵੇ ਸਫਾਈ ਤੇ ਸਮਾਨ ਦੀ ਜੁੜਾਈ ਪੱਖੋਂ ਤਾਂ ਹਰ ਇੱਕ ਦੁਕਾਨ ਅਧੂਰੀ ਹੈ ਪਰ ਉਹਨਾਂ ਦਾ ਮੂੰਹ ਤਾਂ ਹਰ ਸਮੇਂ ਟੈਲੀਵੀਜ਼ਨ ਵੱਲ ਹੀ ਚੱੁਕਿਆ ਹੁੰਦਾ ਹੈ।
ਅਜਿਹੇ ਮੌਕੇ ਜਦੋਂ ਅਸੀਂ ਕਿਸੇ ਵੀ ਚੀਜ ਦੀ ਕਮੀ ਨਾਲ ਜੂਝ ਰਹੀਏ ਹੋਈਏ ਤਾਂ ਉਸ ਸਮੇਂ ਸਾਨੂੰ ਉਸ ਚੀਜ ਦੇ ਬਚਾਓ ਸਾਧਨਾਂ ਵਲ ਧਿਆਨ ਜਰੂਰ ਦੇਣਾ ਚਾਹੀਦਾ ਹੈ, ਪਰ ਇਥੇ ਤਾਂ ਚਲਨ ਤੇ ਸੋਚ ਹੀ ਉਲਟੀ ਹੈ ਕਿ ਨਾ ਤਾਂ ਸਰਕਾਰ ਵਰਜਦੀ ਹੈ ਤੇ ਨਾ ਹੀ ਇਨਸਾਨੀ ਦਿਮਾਗ ਆਪਣੇ-ਆਪ ਨੂੰ ਫਿਟਕਾਰਾਂ ਪਾਉਂਦਾ ਹੈ ਕਿ ਤੂੰ ਇਹ ਕੰਮ ਗਲਤ ਕਰ ਰਿਹਾ ਹੈਂ। ਹੁਣ ਜਦੋਂ ਬਿਜਲੀ ਦਾ ਸੰਕਟ ਗਰਮਾ ਰਿਹਾ ਹੈ ਤਾਂ ਉਸ ਸਮੇਂ ਸਰਕਾਰੀ ਕਿਸੇ ਸਿਸਟਮ ਨੂੰ ਸਫਲ ਸਮਝਣਾ ਸਭ ਤੋਂ ਵੱਡੀ ਨਲਾਇਕੀ ਹੀ ਨਹੀਂ ਬਲਕਿ ਇਕ ਉਹ ਅਪਰਾਧ ਤੇ ਧੋਖਾ ਹੈ ਜੋ ਕਿ ਅਸੀਂ ਆਪਣੇ ਆਪ ਨਾਲ ਕਰ ਰਹੇ ਹਾਂ, ਕਰਦੇ ਰਹਾਂਗੇ।ਜਦ ਤੱਕ ਖਾਸ ਕਰਕੇ ਪੰਜਾਬ ਦੇ ਲੋਕੀ ਆਪਣੇ ਜੀਊਣ ਦੀ ਸਮਾਂ ਸਾਰਨੀ ਦਾ ਕੋਈ ਸਿਸਟਮ ਨਹੀਂ ਬਣਾਉਂਦੇ ਤੱਦ ਤੱਕ ਅਸੀਂ ਖੁਦ ਤਾਂ ਦੁਖੀ ਹੋਵਾਂਗੇ ਹੀ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਰਾਹੀਂ ਵੀ ਕੰਢੇ ਬੀਜਦੇ ਰਹਾਂਗੇ।
-ਬਲਵੀਰ ਸਿੰਘ ਸਿੱਧੂ
Leave a Reply