ਜੂਨ ਦਾ ਮਹੀਨਾ ਹੈ ਤੇ ਪੰਜਾਬ ਇਸ ਸਮੇਂ ਪੂਰੀ ਤਰ੍ਹਾਂ ਭੱਖ ਰਿਹਾ ਹੈ, ਤਾਪਮਾਨ 45 ਡਿਗਰੀ ਦੇ ਨੇੜੇ ਰੋਜ਼ਾਨਾ ਪਹੁੰਚ ਜਾਂਦਾ ਹੈ , ਸਵੇਰੇ 9 ਵਜੇ ਹੀ ਅਜਿਹੀ ਗਰਮੀ ਮਹਿਸੂਸ ਹੁੰਦੀ ਹੈ ਕਿ ਜਿਵੇਂ ਦੁਪਹਿਰ ਦਾ ਪਹਿਰਾ ਹੋਵੇ। ਮੌਸਮਾਂ ਦਾ ਬਦਲਾਅ ਤਾਂ ਸੁਭਾਵਿਕ ਹੀ ਹੈ ਜਦੋਂ ਸੜਕਾਂ ਤੇ ਹਰ ਘਰ ਵਿਚ ਲੱਗੇ, ਏਅਰ ਕੰਡੀਸ਼ਨ ਸੜਕਾਂ ਤੇ ਗਰਮੀ ਸੁੱਟ ਰਹੇ ਹਨ, ਗੱਡੀਆਂ ਦਾ ਧੂੰਆਂ ਵਾਤਾਵਰਨ ਨੂੰ ਲੂਹ ਰਿਹਾ ਹੈ। ਪਿੰਡਾਂ ਦੇ ਪਿੰਡ ਕਾਲੌਨੀਆਂ ਵਿਚ ਅਲੋਪ ਹੋ ਰਹੇ ਹਨ। ਕਿਤੇ ਵੀ ਕਾਲੌਨੀ ਕੱਟਣ ਲੱਗਿਆਂ ਇਹ ਸ਼ਰਤ ਨਹੀਂ ਲਾਗੂ ਕੀਤੀ ਜਾ ਰਹੀ ਕਿ ਉਹਨਾਂ ਵਿਚ ਹਰਿਆਵਲ ਖੇਤਰ ਕਿੰਨਾ ਹੋਵੇਗਾ। ਹਾਲ ਹੀ ਵਿਚ ਸਥਾਨਕ ਫਿਰੋਜ਼ਪੁਰ ਰੋਡ ਲੁਧਿਆਣਾ ਤੇ 13 ਕਿਲੋਮੀਟਰ ਲੰਬਾ ਪੁੱਲ ਬਣ ਰਿਹਾ ਹੈ ਜਿਸ ਦੀ ਤਹਿਤ ਪਤਾ ਨਹੀਂ ਕਿੰਨੇ ਕੁ ਦਰੱਖਤ ਕੱਟ ਦਿੱਤੇ ਗਏ ਹਨ। ਇਸ ਦੇ ਥੱਲੇ ਇਕ ਵੀ ਬੂਟਾ ਨਹੀਂ ਲਗਾਇਆ ਜਾ ਰਿਹਾ।ਇਸ ਦੇ ਥੱਲੇ ਫੁੱਲਾਂ ਦੇ ਨਜ਼ਾਰੇ ਤਾਂ ਸਿਰਫ ਗਮਲੇ ਵੇਚਣ ਵਾਲਿਆਂ ਕੋਲ ਹੀ ਦੇਖਣ ਨੂੰ ਮਿਲਦੇ ਹਨ। ਮੁੱਕਦੀ ਗੱਲ ਤਾਂ ਇਹ ਹੈ ਕਿ ਆਕਸੀਜਨ ਦਾ ਭੰਡਾਰ ਜਦੋਂ ਅਸੀਂ ਖਤਮ ਕਰ ਦੇਵਾਂਗੇ ਤਾਂ ਕਰੋਨਾ ਵਰਗੇ ਵਾਇਰਸ ਨੂੰ ਤਾਂ ਆਪੇ ਹੀ ਜੀ ਆਇਆਂ ਕਹਾਂਗੇ।
ਭਿਆਨਕ ਗਰਮੀ ਨੇ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਕ ਅਧਿਐਨ ਮੁਤਾਬਿਕ ਕਈ ਕਾਰਨਾਂ ਕਰਕੇ ਵਧਦੇ ਤਾਪਮਾਨ ਨੇ ਬਸੰਤ ਦੇ ਮੌਸਮ ਨੂੰ ਲਗਭਗ ਨਿਗਲ ਲਿਆ ਹੈ। ਅਸੀਂ ਇਸ ਸਾਲ ਠੰਢੀਆਂ ਸਰਦੀਆਂ ਤੋਂ ਸਿੱਧਾ ਤਪਦੀਆਂ ਗਰਮੀਆਂ ‘ਚ ਦਾਖ਼ਲ ਹੋ ਗਏ ਹਾਂ। ਆਮ ਤੌਰ ‘ਤੇ ਇਸ ਵਿਚਾਲੇ ਆਉਂਦੇ ਬਸੰਤ ਦੇ ਮੌਸਮ ਨੂੰ ਅਸੀਂ ਗੁਆ ਦਿੱਤਾ ਹੈ।
ਤਾਪਮਾਨ ‘ਚ ਅਚਾਨਕ ਹੋਏ ਵਾਧੇ ਨੇ ਖੜ੍ਹੀਆਂ ਫ਼ਸਲਾਂ ਜਿਸ ‘ਚ ਫਲ, ਸਬਜ਼ੀਆਂ ਅਤੇ ਫੁੱਲ ਸ਼ਾਮਿਲ ਹਨ, ਦੇ ਪੱਕਣ ਦੇ ਅਮਲ ਨੂੰ ਤੇਜ਼ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਕੁਝ ਮਾਮਲਿਆਂ ‘ਚ ਛੋਟੇ ਫਲ ਅਤੇ ਫੁੱਲ ਸਮੇਂ ਤੋਂ ਪਹਿਲਾਂ ਡਿਗ ਗਏ। ਤਪਦੀ ਗਰਮੀ ਅਤੇ ਲੂ ਵਰ੍ਹਨ ਨਾਲ ਅਨਾਜ ਦੀ ਪ੍ਰਮੁੱਖ ਫ਼ਸਲ ਕਣਕ ਦੇ ਦਾਣੇ ਸੁੰਗੜ ਗਏ, ਜਿਸ ਨਾਲ ਉਪਜ ‘ਚ ਵੱਡੀ ਗਿਰਾਵਟ ਆਈ। ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਅਰਜਨਟੀਨਾ ਦੇ ਫ਼ਸਲੀ ਖੇਤਰਾਂ ਤੋਂ ਲੈ ਕੇ ਮੈਕਸੀਕੋ ਦੇ ਕੁਝ ਹਿੱਸਿਆਂ, ਸੰਯੁਕਤ ਰਾਜ ਅਮਰੀਕਾ ਦੇ ਟੈਕਸਾਸ ਅਤੇ ਦੱਖਣੀ ਏਸ਼ੀਆ ਦੇ ਉੱਤਰ ਭਾਰਤ ਤੇ ਪਾਕਿਸਤਾਨ ਤੱਕ ਬੇਮਿਸਾਲ ਗਰਮੀ ਦੀ ਲਹਿਰ ਦੀਆਂ ਜੜ੍ਹਾਂ ਵਿਨਾਸ਼ਕਾਰੀ ਆਲਮੀ ਜਲਵਾਯੂ ਤਬਦੀਲੀ ਦੇ ਵਰਤਾਰੇ ਦੇ ਨਤੀਜੇ ਵਜੋਂ ਹੋ ਰਹੀਆਂ ਮੌਸਮੀ ਤਬਦੀਲੀਆਂ ਨਾਲ ਜੁੜੀਆਂ ਹੋਈਆਂ ਹਨ। ਦੁਨੀਆ ਜਿਸ ਦੀ ਘਾਤਕ ਜਕੜ ਵਿਚ ਹੈ।
ਕੋਈ ਵੀ ਇਹ ਦੇਖਣ ਲਈ ਤਿਆਰ ਨਹੀਂ ਹੈ ਕਿ ਉਹ ਇਸ ਅੱਤ ਦੀ ਗਰਮੀ ਲਈ ਜਾਣਬੁੱਝ ਕੇ (ਕੁਝ ਮਾਮਲਿਆਂ ‘ਚ ਅਣਜਾਣਪੁਣੇ ‘ਚ) ਜ਼ਿੰਮੇਵਾਰ ਕਿਵੇਂ ਹੋ ਸਕਦਾ ਹੈ, ਜਿਸ ਨੂੰ ਕੁਝ ਲੋਕ 122 ਸਾਲਾਂ ‘ਚ ਸਭ ਤੋਂ ਵਧ ਦੱਸ ਰਹੇ ਹਨ। ਮੈਂ ‘ਜਾਣ-ਬੁੱਝ ਕੇ’ ਸ਼ਬਦ ਕਿਉਂ ਕਿਹਾ? ਕਿਉਂਕਿ ਬਹੁਗਿਣਤੀ ਲੋਕ ਜਾਣਦੇ ਹਨ ਕਿ ਇਕ ਰੁਖ ਨੂੰ ਕੱਟਣ ਦਾ ਕੀ ਮਤਲਬ ਹੁੰਦਾ ਹੈ ਅਤੇ ਫਿਰ ਵੀ ਉਹ ਚੁੱਪ ਰਹਿੰਦੇ ਹਨ। ਜ਼ਿਆਦਾਤਰ ਲੋਕ ਵਾਤਾਵਰਨ ਵਿਿਗਆਨ ਅਤੇ ਆਰਥਿਕਤਾ ਨੂੰ ਸਮਝਦੇ ਹਨ, ਜੋ ਕਿ ਰੁੱਖਾਂ ਨਾਲ ਸੰਬੰਧਿਤ ਹੈ, ਪਰ ਜਦੋਂ ਉਹ ਵਿਕਾਸ ਪ੍ਰਾਜੈਕਟਾਂ ਦੇ ਨਾਂਅ ‘ਤੇ ਦਸ ਜਾਂ ਸੌ ਜਾਂ ਹਜ਼ਾਰਾਂ ਰੁੱਖਾਂ ਨੂੰ ਵੱਢਣ ਬਾਰੇ ਖ਼ਬਰਾਂ ਪੜ੍ਹਦੇ ਹਨ ਤਾਂ ਉਹ ਬੱਸ ਇਨ੍ਹਾਂ ਖ਼ਬਰਾਂ ਤੋਂ ਆਪਣੀਆਂ ਅੱਖਾਂ ਫੇਰ ਲੈਂਦੇ ਹਨ। ਜੋ ਵੀ ਵਿਅਕਤੀ ਸਵਾਲ ਕਰਨ ਦੀ ਹਿੰਮਤ ਕਰਦਾ ਹੈ, ਉਹ ਸੱਤਾ ਪੱਖੀਆਂ ਦੇ ਨਿਸ਼ਾਨੇ ‘ਤੇ ਆ ਜਾਂਦਾ ਹੈ ਅਤੇ ਉਹ (ਸੱਤਾ ਪੱਖੀ) ਉਨ੍ਹਾਂ ਨੂੰ ਹਮੇਸ਼ਾ ਵਿਕਾਸ ਦੀ ਘਾਟ ਜਿਸ ਕਾਰਨ ਦੇਸ਼ ਪਛੜੇ ਹੋਏ ਦੇਸ਼ਾਂ ‘ਚ ਗਿਿਣਆ ਜਾਂਦਾ ਹੈ, ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਉਹ ਲੋਕ ਹਨ, ਜੋ ਦੇਸ਼ ਨੂੰ ਵਿਕਾਸ ਦੀ ਲੀਹ ‘ਤੇ ਤੇਜ਼ੀ ਨਾਲ ਅੱਗੇ ਵਧਣ ਤੋਂ ਰੋਕ ਰਹੇ ਹਨ। ਇਕ ਉੱਭਰਦੀ ਹੋਈ ਅਰਥਵਿਵਸਥਾ ਨੂੰ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਬਿਹਤਰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੀ ਜ਼ਰੂਰਤ ਹੈ, ਆਮ ਤੌਰ ‘ਤੇ ਜਿਸ ਤੋਂ ਕਿ ਪਰਹੇਜ਼ ਕੀਤਾ ਜਾਂਦਾ ਹੈ।
ਇਸ ਦੇ ਉਲਟ ਪੌੜੀ-ਗੜਵਾਲ ਖੇਤਰ ਦੀਆਂ ਵੱਡੇ ਪੱਧਰ ‘ਤੇ ਅਸਿੱਖਿਅਤ ਔਰਤਾਂ, ਜਿਨ੍ਹਾਂ ਨੇ ਸਾਨੂੰ ਪ੍ਰਸਿੱਧ ਚਿਪਕੋ ਅੰਦੋਲਨ ਦਿੱਤਾ, ਨੇ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਗਲੇ ਲਗਾਇਆ ਸੀ। ਹੁਣ ਜਿਸ ਤਰ੍ਹਾਂ ਨਾਲ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਿਆ ਜਾ ਰਿਹਾ ਹੈ, ਉਸ ਤੋਂ ਸਿੱਖਿਅਤ ਵਰਗ ਜਿਸ ‘ਚ ਭਾਰਤ ਅਤੇ ਵਿਦੇਸ਼ਾਂ ‘ਚ ਵਸਦਾ ਕੁਲੀਨ ਵਰਗ ਅਤੇ ਕੁਝ ਬਿਹਤਰੀਨ ਸੰਸਥਾਵਾਂ ਵੀ ਸ਼ਾਮਿਲ ਹਨ, ਜਿੱਥੋਂ ਤੱਕ ਸੰਭਵ ਹੋਵੇ ਉਹ ਇਸ ਵਰਤਾਰੇ ਤੋਂ ਦੂਰ ਤੇ ਬੇਪਰਵਾਹ ਰਹਿੰਦੇ ਹਨ। ਉਹ ਇਹ ਵੀ ਨਹੀਂ ਜਾਣਦੇ ਕਿ ਰੁੱਖਾਂ ਨੂੰ ਕੱਟਣ ਨਾਲ ਅਸਲ ‘ਚ ਮਹਾਦੀਪਾਂ ‘ਚ ਹੋਰ ਜ਼ਿਆਦਾ ਗਰਮੀ ਦੀ ਲਹਿਰ ਦੀ ਸਥਿਤੀ ਪੈਦਾ ਹੋ ਗਈ ਹੈ। ਅਸਾਧਾਰਨ ਗਰਮੀ ਲਈ ਵਾਤਾਵਰਨ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਉਣਾ ਬਹੁਤ ਸੌਖਾ ਹੈ, ਪਰ ਆਪਣੇ ਵੱਲ ਉਂਗਲ ਚੁੱਕਣ ਲਈ ਬਹੁਤ ਦਲੇਰੀ ਦੀ ਲੋੜ ਹੈ।
ਸਿਰੇ ਦੀ ਗੱਲ ਤਾਂ ਇਹ ਹੈ ਕਿ ਅਸੀਂ ਆਪਣਾ ਜੀਊਣਾ ਆਪ ਦੂਬਰ ਕਰ ਰਹੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਤਾਂ ਉਹਨਾਂ ਮੌਸਮਾਂ ਦਾ ਨਜ਼ਾਰਾ ਹੀ ਭੁੱਲ ਜਾਣਗੀਆਂ ਜਿੰਨ੍ਹਾਂ ਦਾ ਆਨੰਦ ਅਸੀਂ ਆਪਣੇ ਬਚਪਨ ਵਿਚ ਖੂਬ ਮਾਣਿਆ ਹੈ।
-ਬਲਵੀਰ ਸਿੰਘ ਸਿੱਧੂ
Leave a Reply