ਅੱਜ 1984 ਦੇ ਸਾਕਾ ਨੀਲਾ ਤਾਰਾ ਨੂੰ ਵਾਪਰਿਆਂ 38 ਸਾਲ ਹੋ ਗਏ ਹਨ। ਹਰ ਵਰ੍ਹੇ ਇਹ ਸਪਤਾਹ ਮਨਾਇਆ ਜਾਂਦਾ ਹੈ ਅਤੇ ਜਿਸ ਦੇ ਮਨਾਉੇਣ ਵਜੋਂ ਪੰਜਾਬ ਤੇ ਸਰਕਾਰ ਕੋਈ ਵੀ ਹੋਵੇ ਉਹ ਪੁਲਿਸ ਬਲ ਤੇ ਨੀਮ ਫੌਜੀ ਬਲਾਂ ਦੀ ਤਇਨਾਤੀ ਵੱਡੇ ਪੱਧਰ ਤੇ ਪੰਜਾਬ ਅੰਦਰ ਕਰ ਦਿੰਦੀ ਹੈ। ਜਦਕਿ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ ਚੁਰਾਸੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੰਘ ਸਾਹਿਬਾਨ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਅਤੇ ਇਸ ਮੌਕੇ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਕੌਮ ਦੇ ਨਾਮ ਸੰਦੇਸ਼ ਪੜ੍ਹਿਆ ਜਾਂਦਾ ਹੈ। ਪਰ ਜੇਕਰ ਸੂਝ-ਬੂਝ ਨਾਲ ਦੇਖਿਆ ਜਾਵੇ ਕਿ 38 ਸਾਲ ਬਾਅਦ ਸਿੱਖ ਕੌਮ ਅੱਜ ਕਿੱਥੇ ਖੜ੍ਹੀ ਹੈ ਅਤੇ ਜਿਸ ਪੰਜਾਬ ਦੇ ਹੱਕਾਂ ਲਈ ਕੇਂਦਰ ਨਾਲ ਜੋ ਲਹੂ-ਵੀਟਵੀਂ ਜੰਗ ਸ਼ੁਰੂ ਹੋਈ ਸੀ, ਉਸ ਨੇ ਉਸ ਸਮੇਂ ਅਜਿਹਾ ਮਾਹੌਲ ਤਾਂ ਸਿਰਜ ਦਿੱਤਾ ਸੀ ਕਿ ਕਿਵੇਂ ਨਾ ਕਿਵੇਂ ਸਿੱਖ ਕੌਮ ਦੀ ਨਸਲਕੁਸ਼ੀ ਕਰ ਦਿੱਤੀ ਜਾਵੇ ,ਪਰ ਉਸ ਦੇ ਬਾਅਦ ਅੱਜ ਤੱਕ ਜੋ ਪੰਥ ਅਤੇ ਪੰਜਾਬ ਨੇ ਮੁਸ਼ੱਕਤਾਂ ਦਾ ਸਫਰ ਕੀਤਾ ਉਸ ਦਾ ਜੋ ਗ੍ਰਾਫ ਹੈ ਉਸ ਨੂੰ ਆਖਿਰ ਕੌਣ ਮਾਪੇਗਾ ? ਕੀ ਉਸ ਵੇੇਲੇ ਸਾਕਾ ਨੀਲਾ ਤਾਰਾ ਸੰਬੰਧੀ ਜੋ ਕੱੁਝ ਹੋਇਆ ਤੇ ਜਿੰਨ੍ਹਾਂ ਨੇ ਤਹਿ ਦਿਲੋਂ ਅਫਸੋਸ ਪ੍ਰਗਟ ਕੀਤਾ ਉਹ ਇਹ ਸੀ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੇ ਰੋਸ ਵਜੋਂ ‘ਭਾਰਤੀ ਪੁਲਿਸ ਸੇਵਾਵਾਂ’ (ਆਈ.ਪੀ.ਐਸ.) ਤੋਂ ਅਸਤੀਫ਼ਾ ਦੇਣ ਵੇਲੇ ਸ. ਸਿਮਰਨਜੀਤ ਸਿੰਘ ਮਾਨ ਵਲੋਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੇ ਇਨ੍ਹਾਂ ਸ਼ਬਦਾਂ ਨੇ ਕੌਮਾਂਤਰੀ ਮੀਡੀਆ ਦਾ ਧਿਆਨ ਭਾਰਤ ਅੰਦਰ ਸਿੱਖਾਂ ਨਾਲ ਵਾਪਰੀ ਹੋਣੀ ਵੱਲ ਖਿੱਚਿਆ ਸੀ, ‘ਤੁਹਾਡੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੀ ਜ਼ਾਲਮ ਕਾਰਵਾਈ ਨਾਲ ਮਹਿਮੂਦ ਗ਼ਜ਼ਨਵੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।’ ਪ੍ਰਸਿੱਧ ਪੱਤਰਕਾਰ ਸ. ਖੁਸ਼ਵੰਤ ਸਿੰਘ ਨੂੰ ਵੀ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਆਪਣਾ ‘ਪਦਮ ਭੂਸ਼ਨ’ ਪੁਰਸਕਾਰ ਰਾਸ਼ਟਰਪਤੀ ਨੂੰ ਵਾਪਸ ਕਰਨ ਵੇਲੇ ਇਹ ਤਸਲੀਮ ਕਰਨਾ ਪਿਆ ਕਿ, ‘× ਮੈਂ ਸੈਕੂਲਰ ਇੰਡੀਆ ‘ਚ ਨਹੀਂ ਸਗੋਂ ਇਕ ਕਮਿਊਨਲ ਇੰਡੀਆ ਵਿਚ ਰਹਿ ਰਿਹਾ ਹਾਂ।’ ‘ਅਜੀਤ ਪ੍ਰਕਾਸ਼ਨ ਸਮੂਹ’ ਦੇ ਬਾਨੀ ਸੰਪਾਦਕ ਅਤੇ ਪ੍ਰਸਿੱਧ ਸਿੱਖ ਪੱਤਰਕਾਰ ਡਾ. ਸਾਧੂ ਸਿੰਘ ਹਮਦਰਦ ਨੇ ਇਹ ਆਖ ਕੇ ਆਪਣਾ ‘ਪਦਮ ਸ੍ਰੀ’ ਪੁਰਸਕਾਰ ਵਾਪਸ ਕਰ ਦਿੱਤਾ ਕਿ ‘ਮੇਰਾ ਅੰਤਰਮਨ ਉਸ ਸਰਕਾਰ ਦੇ ਸਨਮਾਨ ਨੂੰ ਆਪਣੇ ਕੋਲ ਰੱਖਣ ਲਈ ਨਹੀਂ ਮੰਨਦਾ, ਜਿਸ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਵੱਡੀ ਗਿਣਤੀ ‘ਚ ਬੇਕਸੂਰ ਯਾਤਰੂ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ‘ਤੇ ਜ਼ੁਲਮ ਢਾਹਿਆ ਹੈ।’ ਸਰਬੱਤ ਦੇ ਭਲੇ ਅਤੇ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਨੇ ‘ਪਦਮ ਸ੍ਰੀ’ ਪੁਰਸਕਾਰ ਵਾਪਸ ਕਰਨ ਲੱਗਿਆਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿਚ ਲਿਿਖਆ, ‘ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫ਼ੌਜ ਨੇ ਇਖ਼ਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਵੇਂ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣਾ ਹੋਵੇ।’ ਇਹੀ ਮਨੋਦਸ਼ਾ ਉੱਚ ਅਹੁਦਿਆਂ ‘ਤੇ ਬੈਠੇ ਜਾਂ ਸਰਕਾਰ ਵਲੋਂ ਵੱਖ-ਵੱਖ ਸਨਮਾਨ ਪ੍ਰਾਪਤ ਹੋਰ ਅਹਿਮ ਸਿੱਖਾਂ ਦੀ ਵੀ ਸੀ, ਜਿਨ੍ਹਾਂ ਨੇ ਆਪੋ-ਆਪਣੇ ਅਹੁਦਿਆਂ ਤੇ ਸਨਮਾਨਾਂ ਨੂੰ ਰੋਸ ਵਜੋਂ ਠੁਕਰਾ ਦਿੱਤਾ।
ਜਦਕਿ ਭਾਰਤ ਸਰਕਾਰ ਵਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਸਮੂਹ ‘ਤੇ ਫ਼ੌਜੀ ਹਮਲੇ ਦਾ ਮੁੱਖ ਮਨੋਰਥ ਇਸ ਸਮੂਹ ਵਿਚ ਪਨਾਹ ਲਈ ਬੈਠੇ ਖਾੜਕੂਆਂ ਨੂੰ ਬਾਹਰ ਕੱਢਣਾ ਸੀ, ਨੂੰ ਜੇਕਰ ਮੰਨ ਵੀ ਲਿਆ ਜਾਵੇ ਕਿ ਫ਼ੌਜੀ ਕਾਰਵਾਈ ਦਾ ਮੰਤਵ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਖਾੜਕੂ ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ‘ਚੋਂ ਬਾਹਰ ਕੱਢਣਾ ਹੀ ਸੀ ਤਾਂ ਇਸ ਮੰਤਵ ਲਈ ਹੋਰ ਸੰਭਵ ਤਰੀਕੇ ਵੀ ਵਰਤੇ ਜਾ ਸਕਦੇ ਸਨ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਖਾੜਕੂ ਸਿੰਘਾਂ ਨੂੰ ਬਾਹਰ ਆਉਣ ਲਈ ਕਿਹਾ ਜਾ ਸਕਦਾ ਸੀ, ਦੂਜਾ ਤਰੀਕਾ ਸ੍ਰੀ ਦਰਬਾਰ ਸਾਹਿਬ ਦੇ ਉਸ ਹਿੱਸੇ ਦੀ ਘੇਰਾਬੰਦੀ ਕਰਕੇ ਪਾਣੀ ਅਤੇ ਰਸਦ ਦੀ ਸਪਲਾਈ ਬੰਦ ਕਰਨਾ ਵੀ ਸੀ। ਹਕੂਮਤ ਨੇ ਤੀਜਾ ਰਾਹ ਅਪਣਾਇਆ, ਜੋ ਕਿ ਨਾਸਮਝੀ ਵਾਲਾ ਤੇ ਤਬਾਹੀ ਨੂੰ ਸੱਦਾ ਦੇਣ ਵਾਲਾ ਸੀ। ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਾ ਦਿਨ ਚੁਣਿਆ ਗਿਆ। ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਵੱਖ-ਵੱਖ ਗੁਰਦੁਆਰਿਆਂ ‘ਚ ਇਕੱਤਰ ਹੁੰਦੇ ਹਨ। ਇਨ੍ਹਾਂ ਲੋਕਾਂ ਦੀ ਗੁਰਧਾਮਾਂ ਵਿਖੇ ਇਕੱਤਰਤਾ ਦੌਰਾਨ ਪੰਜਾਬ ਦੇ ਵੱਖ-ਵੱਖ 37 ਗੁਰਦੁਆਰਿਆਂ ‘ਤੇ ਹਮਲਾ ਕੀਤਾ ਜਾਣਾ ਵੀ ਮੂਰਖਤਾਪੂਰਨ ਕਾਰਵਾਈ ਸੀ। ਜੂਨ 1984 ਦੇ ਘੱਲੂਘਾਰੇ ਪਿੱਛੇ, ਸਿੱਖ ਕੌਮ ਦੇ ਸਾਹਿਤ ਅਤੇ ਇਤਿਹਾਸ ਨੂੰ ਖ਼ਤਮ ਕਰਨ ਦੇ ਡੂੰਘੇ ਨੀਤੀਗਤ ਉਦੇਸ਼ ਵੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ‘ਸੂਰੀਆ’ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ‘ਚ ਇਸ਼ਾਰਾ ਕੀਤਾ ਸੀ ਕਿ, ‘ਸਰਕਾਰ ਸਿੱਖ ਇਤਿਹਾਸ ਨੂੰ ਤਬਾਹ ਕਰਨਾ ਚਾਹੁੰਦੀ ਸੀ। ਨਹੀਂ ਤਾਂ ਤੁਸੀਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਅੱਗ ਲਾਉਣ ਦੀ ਕਾਰਵਾਈ ਦੀ ਕੀ ਵਿਆਖਿਆ ਕਰੋਗੇ?
ਹੁਣ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੋਂ ਤੁਰੇ ਸੀ ਤੇ ਕਿਥੇ ਆ ਕੇ ਖੜ੍ਹੇ ਹਾਂ, ਸਿੱਖ ਆਗੂਆਂ ਦੀ ਮਾਨਸਿਕਤਾ ਦੀ ਇਹ ਸਮਝ ਨਹੀਂ ਆਉਂਦੀ ਕਿ ਉਹ ਮਰ ਗਈ, ਜੀਊਂਦੀ ਹੈ, ਮਚਲੀ ਹੈ, ਜਾਂ ਬੇਹੋਸ਼ ਹੈ ਕਿਉਂਕਿ ਜਦ ਤਾਂ ਉਹਨਾਂ ਦੇ ਹੱਥੋਂ ਸਤ੍ਹਾ ਖੁੱਸ ਜਾਂਦੀ ਹੈ ਤਦ ਤਾਂ ਉਹਨਾਂ ਸਾਕਾ ਨੀਲਾ ਤਾਰਾ, ਜੂਨ ਚੁਰਾਸੀ ਤੇ ਘੱਲੂਘਾਰਾ ਸਪਤਾਹ ਮਨਾਉਣਾ ਵੀ ਯਾਦ ਆ ਜਾਂਦਾ ਹੈ ਜਦ ਉਹ ਸੱਤ੍ਹਾ ਤੇ ਬਿਰਾਜਮਾਨ ਹੁੰਦੇ ਹਨ ਤਾਂ ਉਹਨਾਂ ਨੂੰ ਸਭ ਕੱੁਝ ਵਿਸਰ ਜਾਂਦਾ ਹੈ। ਅੱਜ ਤੱਕ ਜੂਨ 1984 ਤੋਂ ਬਾਅਦ ਕਈ ਵਾਰ ਪੰਜਾਬ ਵਿਚ ਕੇਂਦਰੀ ਭਾਈਵਾਲੀ ਵਾਲੀਆਂ ਪੰਥਕ ਸਰਕਾਰਾਂ ਆਈਆਂ ਪਰ ਸਿੱਖ ਰੈਂਫਰੈਂਸ ਲਾਇਬਰੇਰੀ ਦਾ ਅਸਲ ਸੱਚ ਅੱਜ ਤੱਕ ਉਜਾਗਰ ਨਹੀਂ ਹੋਇਆ। ਅੱਜ ਲੋਕਾਂ ਨੇ ਸਿੱਖ ਕੌਮ ਦੀ ਯੋਗ ਅਗਵਾਈ ਦੇ ਮੱੁਖ ਤੇ ਅਯੋਗ ਅਗਵਾਈ ਦਾ ਮੁਖੌਟਾ ਪਹਿਨਣ ਵਾਲਿਆਂ ਨੂੰ ਸੱਤ੍ਹਾ ਤੋਂ ਲਾਂਭੇ ਕਰ ਦਿੱਤਾ ਹੈ, ਜਿੰਨ੍ਹਾਂ ਕਦੀ ਨਹੀਂ ਸੀ ਹਾਰ ਦਾ ਮੂੰਹ ਵੇਖਿਆ ਉਹ ਵੀ ਲੋਕਾਂ ਨੇ ਨਕਾਰ ਦਿੱਤੇ।
ਪਰ ਸਿੱਖ ਆਗੂਆਂ ਨੇ ਹਾਲੇ ਤੱਕ ਅਜਿਹਾ ਕੋਈ ਵੀ ਅਹਿਸਾਸ ਨਹੀਂ ਕੀਤਾ ਕਿ ਜਿਸ ਨਾਲ ਸਿੱਖ ਕੌਮ ਦੇ ਕੋਲੋਂ ਖੁੱਸ ਚੁੱਕੀ ਸਿਆਸੀ ਜਮੀਨ ਉਹ ਵਾਪਸ ਹਾਸਲ ਕਰ ਸਕਣ। ਅੱਜ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਤਾਂ ਹੋ ਹੀ ਗਈ ਹੈ ਬਲਕਿ ਇਸ ਤੋਂ ਕਿਤੇ ਉਤੇ ਸਿੱਖ ਕੌਮ ਨੂੰ ਅਜਿਹਾ ਗ੍ਰਹਿਣ ਲਗ ਗਿਆ ਹੈ ਕਿ ਪੰਜਾਬ ਇਸ ਦੇ ਮੂਲ ਵਾਸੀਆਂ ਤੋਂ ਹੀ ਖਾਲੀ ਹੋ ਗਿਆ। ਆਖਿਰ ਕਿਉੇਂ ਸਿੱਖ ਆਗੂ ਬੀਤੀ ਤਾਂਈਂ ਵਿਸਾਰ ਚੱੁਕੇ ਹਨ । ਜਦਕਿ ਚਾਹੀਦਾ ਤਾਂ ਸੀ ਕਿ ਸਿੱਖ ਕੌਮ ਨੂੰ ਦਿੱਤੇ ਜ਼ਖਮ ਸੂਰਜ ਦੀ ਤਰ੍ਹਾਂ ਚਮਕਾਏ ਜਾਂਦੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਮਝਦੀਆਂ ਕਿ ਸਿੱਖ ਕੌਮ ਦਾ ਸੰਘਰਸ਼ ਕੀ ਸੀ ਅਤੇ ਇਸ ਨੂੰ ਕਿਵੇਂ ਕੁਚਲਿਆ ਗਿਆ ਉਹ ਵੀ ਉਦੋਂ ਜਦੋਂ ਸਿੱਖ ਕੌਮ ਦੀ ਅੱਧੇ ਨਾਲੋਂ ਜਿਆਦਾ ਅਗਵਾਈ ਕੇਂਦਰ ਨਾਲ ਮਿਲ ਕੇ ਇਸ ਸੰਘਰਸ਼ ਦੀ ਅਸਲ ਕਾਰਵਾਈਆਂ ਤੋਂ ਜਾਣੂੰ ਕਰਵਾਉਣ ਵਜੋਂ ਗਦਾਰੀਆਂ ਕਰ ਗਈ ਸੀ।
ਅਗਰ ਅੱਜ ਸਿੱਖ ਆਗੂਆਂ ਨੂੰ ਰੱਬ ਯਾਦ ਹੈ ਤਾਂ ਉੇਹ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਨੂੰ ਬਖਸ਼ਾਉਣ ਅਤੇ ਜੂਨ 84 ਦਾ ਮਹੱਤਵ ਆਪਣੇ ਦਿਲ ਤੇ ਦਿਮਾਗ ਵਿੱਚ ਕਾਇਮ ਰੱਖਣ।
-ਬਲਵੀਰ ਸਿੰਘ ਸਿੱਧੂ
Leave a Reply