ਹਾਲ ਹੀ ਵਿਚ ਕਸ਼ਮੀਰ ਘਾਟੀ ਵਿਚ ਜੋ ਕਤਲੇਆਮ ਹੋ ਰਿਹਾ ਹੈ ਉਸ ਵਿੱਚ ਕਸ਼ੀਮੀਰੀ ਪੰਡਿਤਾਂ ਨੂੰ ਨਿਸ਼ਾਨੇ ਤੇ ਤਾਂ ਲਿਆ ਹੀ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਮੁਸਲਮਾਨਾਂ ਨੂੰ ਵੀ ਮਾਰਿਆ ਜਾ ਰਿਹਾ ਹੈ ਜੋ ਕਿ ਉਹਨਾਂ ਦੇ ਜਬਰੀ ਅਸੂਲਾਂ ਦੇ ਅਨੁਕੂਲ ਨਹੀਂ। ਇਸ ਨੂੰ ਲੈਕੇ ਜਦੋਂ ਕਸ਼ਮੀਰੀ ਪੰਡਿਤ ਖੌਫ ਵਿੱਚ ਹਨ ਤਾਂ ਇੱਕ ਅਧਿਆਪਕ ਦਾ ਕਹਿਣਾ ਕਿ “ਉਸ ਦਾ ਧਿਆਨ ਬੋਰਡ ਤੇ ਲਿਖਣ ਵੱਲ ਘੱਟ ਅਤੇ ਕਲਾਸ ਦੇ ਦਰਵਾਜੇ ਵੱਲ ਜਿਆਦਾ ਹੁੰਦਾ ਹੈ ਕਿ ਕਿਤੇ ਕੋਈ ਗੋਲੀ ਤਾਂ ਉਸ ਵੱਲ ਦਾਗੀ ਨਹੀਂ ਜਾ ਰਹੀ” । ਇਹ ਹੀ ਮਾਮਲਾ ਹੁਣ ਹੋ ਗਿਆ ਹੈ ਪੰਜਾਬ ਦਾ ਜਿੱਥੇ ਕਦੀ ਖੇਡ ਦੇ ਮੈਦਾਨ ਅਤੇ ਸੱਭਿਆਚਾਰਕ ਪ੍ਰੌਗਰਾਮਾਂ ਦੀਆਂ ਸਟੇਜਾਂ ਇਸ ਦਾ ਸ਼ਿੰਗਾਰ ਹੋਇਆ ਕਰਦੇ ਸਨ। ਅਜਿਹੇ ਮੌਕੇ ਤੇ ਜਦੋਂ ਅੱਜ ਖੇਡਾਂ ਦੇ ਮੈਦਾਨ ਵਿੱਚ ਖਿਡਾਰੀ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਗਾਇਕ ਰਸਤਿਆਂ ਵਿਚ ਗੋਲੀਆਂ ਨਾਲ ਭੁੰਨੇ ਜਾ ਰਹੇ ਹਨ ਤਾਂ ਉੇਸ ਸਮੇਂ ਪੰਜਾਬ ਦੇ ਕਲਚਰ ਤੇ ਖੇਡਾਂ ਨੂੰ ਇੱਕ ਅਜਿਹਾ ਗ੍ਰਹਿਣ ਲਗਾਇਆ ਜਾ ਰਿਹਾ ਹੈ ਕਿ ਜਿਸ ਨਾਲ ਹੁਣ ਦੋਵਾਂ ਦੇ ਪ੍ਰਦਰਸ਼ਨ ਦਹਿਸ਼ਤ ਦੇ ਸਾਏ ਹੇਠ ਹੋਇਆ ਕਰਨਗੇ। ਚਮਕੀਲੇ ਦੇ ਮਾਰਨ ਤੋਂ ਬਾਅਦ ਅਜਿਹੇ ਹਾਲ ਹੀ ਵਿੱਚ ਕਾਂਡ ਸਾਹਮਣੇ ਆਏ ਹਨ ਕਿ ਖਿਡਾਰੀ ਗਾਇਕ ਤੇ ਐਕਟਰਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਉਹ ਵੀ ਉੇਹਨਾਂ ਮਾਰੂ ਹਥਿਆਰਾਂ ਦੇ ਨਾਲ ਜੋ ਕਿ ਇੱਕ ਵੱਡੀ ਜੰਗ ਦੇ ਵਿੱਚ ਵਰਤੇ ਜਾਂਦੇ ਹਨ।
ਅੱਜ ਗੈਂਗਸਟਰਾਂ ਦੀ ਹੋਂਦ ਨੂੰ ਉਸ ਪੈਸੇ ਦੇ ਨਾਲ ਬੂਰ ਪੈ ਰਿਹਾ ਹੈ ਜੋ ਕਿ ਨਸ਼ਿਆਂ ਦੀ ਬਦੌਲਤ ਕਮਾ ਰਹੇ ਹਨ, ਇਹਨਾਂ ਗੈਂਗਸਟਰਾਂ ਦਾ ਦਿਨ-ਬ-ਦਿਨ ਵੱਧਣ ਦਾ ਮੱੁਖ ਕਾਰਨ ਇਹ ਹੈ ਕਿ ਨਸ਼ੇ ਦੀ ਕਮਾਈ ਦਾ ਪੈਸਾ ਜਿੱਥੇ ਪੁਲਿਸ ਵਾਲਿਆਂ ਦੀ ਜੇਬ ਵਿਚ ਜਾ ਰਿਹਾ ਹੈ ਉਥੇ ਹੀ ਉੇਹ ਰਾਜਨੀਤਿਕ ਨੇਤਾਵਾਂ ਦੀਆਂ ਤਿਜੌਰੀਆਂ ਵਿੱਚ ਵੀ ਭਰਿਆ ਜਾ ਰਿਹਾ । ਮਈ ਮਹੀਨੇ ਵਿਚ 1100 ਕਰੋੜ ਦਾ ਜੋ ਨਸ਼ਾ ਫੜਿਆ ਗਿਆ ਹੈ ਉਸ ਦਾ ਸਿੱਧਾ ਸੰਬੰਧ ਪੰਜਾਬ ਨਾਲ ਹੈ ਅਤੇ ਇਸ ਧੰਦੇ ਨੂੰ ਚਲਾੳੇੁਣ ਦਾ ਮੁੱਖ ਅੱਡਾ ਜੇਲਾਂ ਹਨ। ਜਿਸ ਤਰ੍ਹਾਂ ਕਿਸੇ ਵੀ ਦੰਗੇ ਫਸਾਦ ਦੇ ਦੋਸ਼ੀ ਧਾਰਮਿਕ ਅਸਥਾਨਾਂ ਨੂੰ ਆਪਣਾ ਘਰ ਬਣਾਉਂਦੇ ਹਨ ਉਸੇ ਤਰ੍ਹਾਂ ਹੀ ਹੁਣ ਗੈਂਗਸਟਰਾਂ ਨੇ ਆਪਣਾ ਘਰ ਸਰਕਾਰੀ ਸੁਰੱਖਿਆ ਅਧੀਨ ਜੇਲ੍ਹਾਂ ਨੂੰ ਬਨਾ ਲਿਆ ਹੈ, ਜਿਸ ਦੇ ਸਿੱਟੇ ਵਜੋਂ ਹੁਣ ਇਹਨਾਂ ਦਾ ਨਿਸ਼ਾਨਾ ਖਿਡਾਰੀ ਤੇ ਗਾਇਕ ਹਨ ਅਤੇ ਦੋਵਾਂ ਕਾਮਯਾਬ ਧਿਰਾਂ ਕੋਲ ਪੈਸਾ ਹੈ ਅਤੇ ਉਹ ਇਹਨਾਂ ਕੋਲੋਂ ਪੈਸੇ ਦੀ ਮੰਗ ਕਰਦੇ ਹਨ ਅਤੇ ਨਾ ਭੁਗਤਾਨ ਕਰਨ ਵਜੋਂ ਉਹਨਾਂ ਨੂੰ ਮੌਤ ਦਾ ਮੂੰਹ ਵੇਖਣਾ ਪੈਂਦਾ ਹੈ।ਪੰਜਾਬ ਦੇ ਵਿੱਚ ਹਰ ਰੋਜ਼ ਜਵਾਨੀ, ਕੋਈ ਕਤਲਾਂ ਦੀ ਭੇਂਟ, ਕੋਈ ਨਸ਼ਿਆਂ ਦੀ ਭੇਂਟ , ਕੋਈ ਹਾਦਸਿਆਂ ਦੀ ਭੇਂਟ , ਕੋਈ ਆਪਸੀ ਧੜੇਬੰਦੀ ਜਾਂ ਦੁਸ਼ਮਣੀ ਦੀ ਭੇਟ ਚੜ੍ਹ ਰਹੀ ਹੈ। ਇੰਟੈਲੀਜੈਂਟ ਬੱਚੇ ਦਿਨੋਂ ਦਿਨ ਵਿਦੇਸ਼ਾਂ ਨੂੰ ਕੂਚ ਕਰੀ ਜਾਂਦੇ ਹਨ । ਪੰਜਾਬ ਚ ਕੋਈ ਰਹਿ ਕੇ ਰਾਜ਼ੀ ਨਹੀਂ ਹੈ।
ਸਿੱਧੂ ਮੂਸੇਵਾਲਾ ਦਾ ਕਸੂਰ ਸਿਰਫ ਇਹ ਸੀ ਕਿ ਉਂਹ ਆਪਣੀ ਜਵਾਨੀ ਵਿਚ ਮਸਤ ਸੀ, ਚੋਟੀ ਦਾ ਗਾਇਕ ਸੀ, ਬੱਚੇ ਅਤੇ ਨੌਜਵਾਨ ਉਸ ਦੇ ਵੱਡੀ ਪੱਧਰ ਤੇ ਫੈਂਨ ਸਨ, ਸੁਭਾਅ ਦਾ ਅੜੀਅਲ ਸੀ , ਆਪਣੀ ਕਲਾਕਾਰੀ ਨਾਲ ਮੋਟਾ ਪੈਸਾ ਕਮਾਉਂਦਾ ਸੀ ਜੱਟ ਬਾਅਦ ਉਸ ਤੇ ਭਾਰੂ ਸੀ, ਦੁਨੀਆਂ ਵਿਚ ਉਸ ਦੀ ਚੜ੍ਹਤ ਸੀ । ਈਨ ਕਿਸੇ ਦੀ ਓਹ ਮੰਨਦਾ ਨਹੀਂ ਸੀ ਅਤੇ ਇਸੇ ਕਰਕੇ ਉਸ ਦੇ ਵਿਰੋਧੀਆਂ ਤੋਂ ਉਸਦਾ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਉਸ ਦਾ ਦਿਨ ਦਿਹਾੜੇ ਕਤਲ ਹੋ ਗਿਆ। ਸਕਿਉਰਿਟੀ ਦਾ ਨਾ ਹੋਣਾ ਉਸ ਦੇ ਕਤਲ ਦਾ ਇਕ ਬਹਾਨਾ ਬਣ ਗਿਆ ਪਰ ਇਨ੍ਹਾਂ ਕਤਲਾਂ ਲਈ ਭਾਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ , ਭਾਵੇਂ ਨੰਗਲ ਅੰਬੀਆਂ ਦਾ ਕਤਲ ਹੋਵੇ ਜਾਂ ਦੀਪ ਸਿੱਧੂ ਦਾ ਹੋਵੇ ਜ਼ਿੰਮੇਵਾਰ ਸਾਡਾ ਰਾਜਨੀਤਿਕ ਕੁਰੱਪਟ ਸਿਸਟਮ ਹੈ । ਜੋ ਪੰਜਾਬ ਦੀ ਜਵਾਨੀ ਦੀ ਸਾਰ ਨਹੀਂ ਲੈ ਰਿਹਾ, ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ,ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਕੁਰਾਹੇ ਪਾਇਆ ਜਾ ਰਿਹਾ ਹੈ, ਜੇਲ੍ਹਾਂ ਦੇ ਵਿੱਚ ਗੈਂਗਸਟਰ ਸਿਸਟਮ ਰਾਜਨੀਤੀ ਦੀ ਆੜ ਹੇਠ ਕਾਇਮ ਹੋ ਰਿਹਾ ਹੈ । ਗੱਲਾਂ ਹੋ ਰਹੀਆਂ ਨੇ ਪੰਜਾਬ ਨੂੰ ਬਚਾਉਂਣ ਦੀਆਂ ਪਰ ਉਹ ਪੰਜਾਬ ਜਿੱਥੇ ਕਬੱਡੀ ਖੇਡ ਦੇ ਵੀ ਫ਼ੈਸਲੇ ਜੇਲ੍ਹਾਂ ਚ ਬੈਠਿਆਂ ਹੋਣ ,ਜਿੱਥੇ ਨਾਮੀ ਲੋਕਾਂ ਦੇ ਕਤਲਾਂ ਦੀਆਂ ਸਕੀਮਾਂ ਜੇਲ੍ਹਾਂ ਚ ਘੜੀਆਂ ਜਾਣ, ਜਿੱਥੇ ਪੰਜਾਬ ਦੀ ਰਾਜਨੀਤੀ ਦੇ ਫ਼ੈਸਲੇ ਜੇਲ੍ਹਾਂ ਚ ਬੈਠੇ ਰਾਜਨੀਤਿਕ ਆਕਾ ਕਰਦੇ ਹੋਣ, ਇਹ ਸੀਨ ਕਿਸੇ ਵਕਤ ਫ਼ਿਲਮਾਂ ਵਿੱਚ ਤਾਂ ਅਸੀਂ ਵੇਖਦੇ ਹੁੰਦੇ ਸੀ ਪਰ ਅੱਜ ਪੰਜਾਬ ਦੇ ਵਿੱਚ ਅਸਲੀਅਤ ਰੂਪ ਵਿੱਚ ਵੇਖਣ ਨੂੰ ਮਿਲਦੇ ਹਨ ਫਿਰ ਉੱਥੇ ਪੰਜਾਬ ਦੇ ਭਲੇ ਦੀ ਕਿਹੜੀ ਆਸ ਰੱਖ ਸਕਦੇ ਹਾਂ ?
ਜੇਕਰ ਅਜੇ ਵੀ ਪੰਜਾਬ ਸਰਕਾਰ ਨੇ ਜੇਲ੍ਹਾਂ ਚ ਬੈਠੇ ਗੈਂਗਸਟਰਾਂ ਨੂੰ ,ਕਾਤਲਾਂ ਨੂੰ, ਡਰੱਗ ਮਾਫੀਏ ਨੂੰ ,ਰੇਤ ਮਾਫੀਏ ਨੂੰ , ਪੰਜਾਬ ਨੂੰ ਤਬਾਹ ਕਰਨ ਵਾਲੇ ਹਰ ਗਰੋਹ ਨੂੰ ਨੱਥ ਨਾ ਪਾਈ ਤਾਂ ਇਸ ਪੰਜਾਬ ਦੇ ਵਿੱਚ ਫਿਰ ਇੱਥੇ ਰਹਿਣਾ ਕਿਸੇ ਨੇ ਪਸੰਦ ਨਹੀਂ ਕਰਨਾ , ਚੰਗਿਆਂ ਨੇ ਤਾਂ ਅਮਰੀਕਾ ,ਕੈਨੇਡਾ ਆਸਟ੍ਰੇਲੀਆ ਭੱਜ ਜਾਣਾ ਤੇ ਮਾੜਿਆਂ ਨੇ ਬੰਗਲਾਦੇਸ਼ ਭੂਟਾਨ ਵਰਗੇ ਮੁਲਕਾਂ ਵੱਲ ਨੂੰ ਚਾਲੇ ਪਾ ਦੇਣੇ ਹਨ। ਬਚਾਲੋ ਜੇ ਬਚਦਾ ਪੰਜਾਬ ਪੰਜਾਬੀਓ । ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਾਤਲੋ ਕਤਲ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ , ਜੇ ਕੋਈ ਮਸਲਾ ਹੈ ਉਸ ਨੂੰ ਬੈਠ ਕੇ ਸੁਲਝਾ ਲਵੋ , ਮਾਵਾਂ ਦੇ ਪੁੱਤ ਨਾ ਮਾਰੋ, ਅਕਲ ਨੂੰ ਹੱਥ ਮਾਰੋ,ਪੁੱਤਰਾਂ ਤੋਂ ਵਾਂਝੀਆਂ ਹੋਈਆਂ ਮਾਵਾਂ ਦੀਆਂ ਬਦ- ਦੁਆਵਾਂ ਤੁਹਾਨੂੰ ਲੈ ਡੁੱਬਣਗੀਆਂ ਕਿਉਂਕਿ ਉੱਜੜ ਉਹ ਵੀ ਜਾਂਦੇ ਨੇ, ਜਿਹੜੇ ਕਿਸੇ ਦਾ ਵਸਦਾ ਘਰ ਉਜਾੜਦੇ ਨੇ।
-ਬਲਵੀਰ ਸਿੱੰਘ ਸਿੱਧੂ
Leave a Reply