ਪੰਜਾਬ ਵਿਚ ਜ਼ੁਲਮ ਦਾ ਫੈਲਾਓ-ਜਾਂਚ ਏਜੰਸੀਆਂ ਅਸਲ ਤੱਥਾਂ ਤੋਂ ਕੋਹਾਂ ਦੂਰ ਕਿਉਂ ? ਨਸ਼ਿਆ ਦੀ ਵਿਕਰੀ ਮੁੱਖ ?

ਪੰਜਾਬ ਵਿਚ ਜ਼ੁਲਮ ਦਾ ਫੈਲਾਓ-ਜਾਂਚ ਏਜੰਸੀਆਂ ਅਸਲ ਤੱਥਾਂ ਤੋਂ ਕੋਹਾਂ ਦੂਰ ਕਿਉਂ ? ਨਸ਼ਿਆ ਦੀ ਵਿਕਰੀ ਮੁੱਖ ?

ਜਦ ਪੰਜਾਬ ਵਿਚ ਖਾੜਕੂਵਾਦ ਦਾ ਫੈਲਾਓ ਹੋਇਆ ਸੀ ਤਾਂ ਉਸ ਸਮੇਂ ਵੀ ਇਹੀ ਬੋਲ-ਬਾਲਾ ਸੀ ਕਿ ਇਹ ਰਾਜਨੀਤਿਕਾਂ ਦੀ ਉਪਜ ਹੈ। ਜਦਕਿ ਉਸ ਸਮੇਂ ਇਸ ਸੰਘਰਸ਼ ਦੇ ਜਨਮ ਦਾਤਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਇਸ ਨੂੰ ਸਿੱਖ ਧਰਮ ਤੇ ਹੋ ਰਹੇ ਹਮਲਿਆਂ ਤੋਂ ਸੁਚੇਤ ਹੁੰਦਿਆਂ ਵਿੱਢਿਆ ਸੀ ਜੋ ਕਿ ਹੌਲੀ-ਹੌਲੀ ਸ਼੍ਰੌਮਣੀ ਅਕਾਲੀ ਦਲ ਵਲੋਂ ਚਲਾਏ ਜਾ ਰਹੇ ਧਰਮ-ਯੁੱਧ ਮੋਰਚੇ ਦੇ ਨਾਲ ਮਿਲਾ ਦਿੱਤਾ ਗਿਆ ਸੀ। ਉਸ ਸਮੇਂ ਨਾ ਤਾਂ ਕੇਂਦਰੀ ਏਜੰਸੀਆਂ ਇਸ ਗੱਲ ਦੀ ਘੋਖ ਵਿੱਚ ਪਹੁੰਚੀਆਂ ਸਨ ਕਿ ਆਖਿਰ ਵੱਡੇ-ਵੱਡੇ ਹਥਿਆਰ ਕਿੱਥੋਂ ਆ ਰਹੇ ਹਨ? ਇਹਨਾਂ ਨੂੰ ਖਰੀਦਨ ਲਈ ਪੈਸਾ ਕਿੱਥੋਂ ਆ ਰਿਹਾ ਹੈ ? ਜਦਕਿ ਉਸ ਸਮੇਂ ਮਾਹੌਲ਼ ਇਹ ਸਿਰਜਿਆ ਗਿਆ ਸੀ ਕਿ ਸਰਕਾਰੀ ਤੰਤਰ ਦਾ ਸਾਥ ਸਿਰਫ ਤੇ ਸਿਰਫ ਮੌਤ ਦੇ ਖੌਫਨਾਕ ਡਰ ਦੇ ਕਾਰਨ ਸੀ। ਪਰ ਇਸ ਨੂੰ ਖਤਮ ਕਰਨ ਸਮੇਂ ਚਾਹੇ ਫੌਜ ਨੇ ਸੰਘਰਸ਼ ਕੀਤਾ ਜਾਂ ਪੰਜਾਬ ਪੁਲਿਸ ਨੇ ਪਰ ਜਿੱਥੇ ਖਾੜਕੂਆਂ ਵਿਚ ਸ਼ਾਮਿਲ ਹੋਏ ਕੱੁਝ ਸਮਾਜ ਵਿਰੋਧੀਆਂ ਨੇ ਰਾਜਨੀਤਿਕ ਸ਼ਹਿ ਤੇ ਪੈਸੇ ਨੂੰ ਪ੍ਰਮੱੁਖ ਰੱਖਿਆ ਉਥੇ ਹੀ ਪੁਲਿਸ ਅਫਸਰਾਂ ਨੇ ਵੀ ਵੱਡੇ ਪੱਧਰ ਤੇ ਤਰੱਕੀਆਂ ਅਤੇ ਪੈਸਾ ਬਣਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਈ । ਮੁੱਕਦੀ ਗੱਲ ਕਿ ਪੰਜਾਬ ਇੱਕ ਬਹੁਤ ਹੀ ਬਲਦੀ ਅੱਗ ਵਿਚ ਝੁਲਸਿਆ ਜਿਸ ਵਿਚ ਇੱਥੋਂ ਦਾ ਸਭ ਕੱੁਝ ਸੜ ਕੇ ਸਵਾਹ ਹੋ ਗਿਆ। ਕਾਰੋਬਾਰ ਤੇ ਜਵਾਨੀ ਤਾਂ ਇਸ ਅੱਗ ਵਿਚ ਕੱੁਝ ਅਜਿਹੀ ਝੁਲਸੀ ਕਿ ਬਹੁਤਿਆਂ ਦੇ ਤਾਂ ਨਾਮੋ-ਨਿਸ਼ਾਨ ਹੀ ਮਿਟ ਗਏ। ਰਾਜਨੀਤਿਕਾਂ ਦੀ ਆਪੇ ਹੀ ਅੱਹ ਲਾਈ ਤੇ ਆਪੇ ਹੀ ਬੁਝਾਈ ਦੇ ਚਲਨ ਨੇ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕੀਤੀ ਪਰ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਸੀ ਕਿ ਇਹ ਰਾਜਨੀਤਿਕ ਸ਼ਾਂਤੀ ਅਸਲ ਵਿੱਚ ਅਸ਼ਾਂਤੀ ਹੈ। ਰਾਜਨੀਤਿਕ ਪਾਰਟੀਆਂ ਆਪਣਿਆਂ ਨੇਤਾਵਾਂ ਦੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਇਸ ਕਦਰ ਹੋਸ਼ ਵਿਚ ਨਹੀਂ ਆਈਆਂ ਕਿ ਇਸ ਸੂਬੇ ਨੂੰ ਕਿਵੇਂ ਨਾ ਕਿਵੇਂ ਸੰਭਾਲ ਲਿਆ ਜਾਵੇ।

ਪਰੰਤੂ ਅੱਜ ਪਿੱਛਲੇ ਪੰਦਰਾ ਸਾਲ ਦਰਮਿਆਨ ਹੀ ਜੋ ਪੰਜਾਬ ਦੀ ਹਿੱਕ ਤੇ ਨਸ਼ਿਆਂ ਤੇ ਜ਼ੁਲਮ ਦੀ ਦਾਸਤਾਨ ਲਿਖੀ ਜਾ ਰਹੀ ਹੈ, ਉਹ ਕਿਸ ਦੀ ਸ਼ਹਿ ਤੇ ਹੈ। ਗੈਂਗਸਟਰਾਂ ਵੱਲੋ ਖੇਡੀ ਜਾ ਰਹੀ ਖੇਡ ਤਾਂ ਕਿਸੇ ਧਰਮ ਦੀ ਲੜਾਈ ਨਹੀਂ ਅਤੇ ਨਾ ਹੀ ਕਿਸੇ ਖਿੱਤੇ ਦੀ। ਇਹਨਾਂ ਕੋਲ ਮਹਿੰਗੇ-ਮਹਿੰਗੇ ਹਥਿਆਰ ਖਰੀਦਣ ਲਈ ਪੈਸਾ ਕਿੱਥੋਂ ਆ ਰਿਹਾ ਹੈ ? ਇਸ ਗੱਲ ਦੀ ਪ੍ਰਤੱਖ ਸਚਾਈ ਸਾਹਮਣੇ ਹੈ ਕਿ ਮੌਜੂਦਾ ਸਮਂੇ ਰਾਜਨੀਤਿਕ ਸ਼ਹਿ ਪ੍ਰਾਪਤ ਇਹ ਗੈਂਗਸਟਰ ਵੱਡੇ ਪੱਧਰ ਤੇ ਨਸ਼ਾ ਵੇਚ ਰਹੇ ਹਨ ਅਤੇ ਨਿੱਤ ਦਿਨ ਕਰੌੜਾਂ ਰੁਪਏ ਇੱਧਰੋਂ ਉੱਧਰ ਹੋ ਰਹੇ ਹਨ। ਨਸ਼ਿਆਂ ਦੀ ਕਮਾਈ ਵਿੱਚੋਂ ਹੀ ਹਥਿਆਰ ਖਰੀਦੇ ਜਾ ਰਹੇ ਹਨ। ਸ਼ੂਕਦੇ ਸੱਪ ਵਾਂਗੂੰ ਵੱਧਦੇ ਇਸ ਵੱਧ ਤੋਂ ਵੱਧ ਮੁਨਾਫੇ ਵਾਲੇ ਕਾਰੋਬਾਰ ਰਾਹੀਂ ਜਿੱਥੇ ਗੈਂਗਸਟਰਾਂ ਨੇ ਜਿੱਥੇ ਪਿਛਲੇ ਪੰਦਰਾਂ ਸਾਲ ਵਿੱਚ ਅਥਾਹ ਤਰੱਕੀ ਕੀਤੀ ਹੈ ਉਥੇ ਹੀ ਉਸ ਨੇ ਇਸ ਵਿਚ ਖਿਡਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਵੱਡੇ ਪੱਧਰ ਤੇ ਸ਼ਾਮਿਲ ਕੀਤਾ ਹੈ। ਜਦਕਿ ਰਾਜਨੀਤਿਕਾਂ ਦੀ ਸ਼ਹਿ ਤੇ ਹੀ ਇਹ ਧੰਦਾ ਵੱਧ ਫੁੱਲ ਰਿਹਾ ਹੈ।ਕਿਸੇ ਵੀ ਰਾਜ ਦੀ ਸੁਰੱਖਿਆ ਦੋ ਜਮਾਤਾਂ ਕੋਲ ਹੁੰਦੀ ਹੈ ਇਕ ਨੇਤਾ ਤੇ ਦੂਜੇ ਪੁਲਿਸ ਬੱਲ ਪਰ ਜਿੱਥੇ ਦੋਵਾਂ ਦੇ ਕਾਰਕੁੰਨ ਪੈਸਾ ਕਮਾਉਣ ਦੀ ਹੋੜ ਵਿੱਚ ਸ਼ਾਮਿਲ ਹੋ ਜਾਣ ਤਾਂ ਉਸ ਸਮੇਂ ਰਾਜ ਦੀ ਸੁਰੱਖਿਆ ਨੂੰ ਗ੍ਰਹਿਣ ਲੱਗਣਾ ਤਾਂ ਸੁਭਾਵਿਕ ਹੀ ਹੈ।

ਜਿਹੋ ਜਿਹੇ ਹਥਿਆਰਾਂ ਨਾਲ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ‘ਤੇ ਤਾਬੜਤੋੜ ਗੋਲੀਆਂ ਚਲਾਈਆਂ। ਇਕ ਸੂਚਨਾ ਅਨੁਸਾਰ 30 ਰਾਊਂਡ ਤੋਂ ਵੱਧ ਫਾਇਰ ਕੀਤੇ ਗਏ, ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਭਾਵੇਂ ਕਿ ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਇਹੀ ਕਿਹਾ ਹੈ ਕਿ ਉਨ੍ਹਾਂ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਕੈਨੇਡਾ ਵਿਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਵਲੋਂ ਲਈ ਗਈ ਹੈ। ਇਸ ਸੰਬੰਧੀ ਫੇਸਬੁੱਕ ‘ਤੇ ਪਾਈ ਗਈ ਪੋਸਟ ਵਿਚ ਉਸ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਮਾਰਿਆ ਗਿਆ ਹੈ। ਆਪਣੇ ਇਸ ਕਾਰੇ ਨੂੰ ਵਾਜਬ ਠਹਿਰਾਉਂਦਿਆਂ ਉਸ ਨੇ ਦੋਸ਼ ਲਾਇਆ ਹੈ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਗੈਂਗ ਨਾਲ ਸੰਬੰਧਿਤ ਵਿੱਕੀ ਮਿੱਡੂਖੇੜਾ ਦਾ ਜੋ ਮੁਹਾਲੀ ਵਿਚ ਕਤਲ ਹੋਇਆ ਸੀ, ਉਸ ਪਿੱਛੇ ਸਿੱਧੂ ਮੂਸੇਵਾਲਾ ਦਾ ਹੱਥ ਸੀ। ਉਸ ਦੇ ਦਾਅਵੇ ਅਨੁਸਾਰ ਦਿੱਲੀ ਪੁਲਿਸ ਦੀ ਜਾਂਚ ਵਿਚ ਵੀ ਸਿੱਧੂ ਮੂਸੇਵਾਲਾ ਦਾ ਨਾਂਅ ਆਇਆ ਸੀ ਪਰ ਉਹ ਆਪਣੇ ਅਸਰ-ਰਸੂਖ਼ ਕਾਰਨ ਇਸ ਕੇਸ ਵਿਚੋਂ ਬਚ ਗਿਆ ਸੀ ਅਤੇ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਸੀ ਹੋਈ। ਉਸ ਦੇ ਅਨੁਸਾਰ ਉਸ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ। ਇਸ ਸਮੇਂ ਪੰਜਾਬ ਦੇ ਅਬੋਹਰ ਇਲਾਕੇ ਵਿਚ 1992 ਵਿਚ ਜਨਮਿਆ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। ਬਿਨਾਂ ਸ਼ੱਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ‘ਤੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦੀ ਸਹਾਇਤਾ ਕਰਨ ਦੇ ਦੋਸ਼ ਲੱਗੇ ਸਨ ਪਰ ਉਹ ਆਸਟ੍ਰੇਲੀਆ ਭੱਜ ਗਿਆ ਸੀ, ਜਿਸ ਕਾਰਨ ਉਸ ਖਿਲਾਫ਼ ਵਿੱਕੀ ਮਿੱਡੂਖੇੜਾ ਦੇ ਕੇਸ ਵਿਚ ਕੋਈ ਅਗਲੀ ਕਾਰਵਾਈ ਨਹੀਂ ਸੀ ਹੋ ਸਕੀ।

ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਖਿਰ ਦੇਸ਼ ਦੇ ਨੇਤਾ ਤੇ ਅਭਿਨੇਤਾ ਹੀ ਅਜਿਹੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਕਿਉਂ ਆਉਂਦੇ ਹਨ। ਬਾਲੀਵੱੁਡ ਤੋਂ ਲੈਕੇ ਪਾਲੀ ਵੁੱਡ ਤੱਕ ਹਰ ਇੱਕ ਗਾਇਕ, ਹਰ ਇੱਕ ਅਭਿਨੇਤਾ ਇਹਨਾਂ ਦੇ ਹੀ ਨਿਸ਼ਾਨੇ ਤੇ ਕਿਉਂ ਰਹਿੰਦੇ ਹਨ ਕੀ ਪੈਸਾ ਤੇ ਸ਼ੋਹਰਤ ਹੀ ਇਹਨਾਂ ਨੂੰ ਜਾਨ ਤੋਂ ਹੱਥ ਧੋਣ ਲਈ ਮਜ਼ਬੂਰ ਕਰਦਾ ਹੈ। ਪੰਜਾਬ ਇੱਕ ਖੁਸ਼ਹਾਲ ਤੇ ਮਿਹਨਤਕਸ਼ ਲੋਕਾਂ ਦੀ ਧਰਤੀ ਸੀ ਜਿਸ ਦਾ ਕਿਸਾਨ ਅੰਨ੍ਹਦਾਤਾ ਹੋਣ ਦਾ ਮਾਨ ਹਾਸਲ ਕਰਦੇ ਹੋਏ ਸਾਰੇ ਦੇਸ਼ ਦਾ ਪੇਟ ਪਾਲਦਾ ਸੀ ।ਪਰ ਅੱਜ ਉਹ ਖੁੱਦ ਦਾ ਪੇਟ ਨਾ ਪਾਲ ਸਕਣ ਵਜੋਂ ਜਿੱਥੇ ਆਤਮ-ਹੱਤਿਆਵਾਂ ਕਰ ਰਿਹਾ ਹੈ ਉਥੇ ਹੀ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਇਸ ਧਰਤੀ ਤੋਂ ਹੀ ਉਡਾਰੂ ਕਰ ਰਿਹਾ ਹੈ।

ਕੇਂਦਰੀ ਸਰਕਾਰ ਤੇ ਵਿਰੋਧੀ ਪਾਰਟੀਆਂ ਨੂੰ ਇਹ ਵੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਸਿੱਖਿਆ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਨ ਦੀ ਬੇਹੱਦ ਲੋੜ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਕੱਚੇ ਮਾਲ ਦੀ ਮੰਡੀ ਬਣਾ ਕੇ ਰੱਖਿਆ ਗਿਆ ਹੈ। ਵੱਡੀ ਪੱਧਰ ‘ਤੇ ਖੇਤੀ ਆਧਾਰਿਤ ਅਤੇ ਹੋਰ ਉਦਯੋਗ ਲਾਏ ਜਾਣ ਦੀ ਲੋੜ ਹੈ। ਇਸ ਤਰ੍ਹਾਂ ਦੀ ਠੋਸ ਯੋਜਨਾਬੰਦੀ ਨਾਲ ਹੀ ਨੌਜਵਾਨਾਂ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਿਆ ਜਾ ਸਕੇਗਾ। ਵਧਦੇ ਹੋਏ ਗੈਂਗਵਾਦ ਨੂੰ ਵੀ ਰੋਕਿਆ ਜਾ ਸਕੇਗਾ। ਦੇਸ਼ੀ-ਵਿਦੇਸ਼ੀ ਦੇਸ਼ ਵਿਰੋਧੀ ਅਨਸਰਾਂ ਦੇ ਚੁੰਗਲ ਵਿਚ ਨੌਜਵਾਨਾਂ ਨੂੰ ਫਸਣ ਤੋਂ ਰੋਕਣ ਲਈ ਵੀ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਇਆ ਜਾਣਾ ਚਾਹੀਦਾ ਹੈ।ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹਾਲੇ ਵੀ ਧਿਆਨ ਪੰਜਾਬ ਵੱਲ ਨਹੀਂ ਦੇ ਰਹੇ ਕਿ ਇਸ ਵਿੱਚੋਂ ਨਸ਼ਿਆਂ ਨੂੰ ਕਿਵੇਂ ਖਤਮ ਕਰਨਾ ਹੈ ਅਤੇ ਇਸ ਨੂੰ ਕਿਵੇਂ ਖੁਸ਼ਹਾਲ ਬਣਾਉਣਾ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*