ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮਜ਼ ਦੀ ਕਾਰਜਸ਼ੀਲਤਾ ਦਾ ਮੁਆਇਨਾ

ਲੁਧਿਆਣਾ,  (ਜਸਟਿਸ ਨਿਊਜ਼ ) –  ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਰਤੋਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ.ਵੀ. ਪੈਟ) ਮਸ਼ੀਨਾਂ ਦੇ ਕੰਮ ਦੀ ਸਮੀਖਿਆ ਕੀਤੀ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਅੱਠ ਥਾਵਾਂ ‘ਤੇ ਨਿਰੀਖਣ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪੋਲਿੰਗ ਵਾਲੇ ਦਿਨ 7974 ਬੈਲਟ ਯੂਨਿਟ, 3498 ਕੰਟਰੋਲ ਯੂਨਿਟ ਅਤੇ 3795 ਵੀ.ਵੀ. ਪੈਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਿੰਗ ਪ੍ਰਕਿਰਿਆ 24×7 ਦਿਨ ਸੀ.ਸੀ.ਟੀ.ਵੀ. ਨਿਗਰਾਨੀ ਅਧੀਨ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਰੀਖਣ ਦਾ ਮੁਢਲਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਮ ਚੋਣਾਂ ਲਈ ਪੋਲਿੰਗ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ। ਉਨ੍ਹਾਂ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ.ਈ.ਐਲ.) ਦੇ ਇੰਜੀਨੀਅਰਾਂ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ, ਜਿਨ੍ਹਾਂ ਨੂੰ ਇਹ ਮਸ਼ੀਨਾਂ ਤਿਆਰ ਕਰਨ ਦੀ ਡਿਊਟੀ ਸੌਂਪੀ ਗਈ ਸੀ। ਇੰਜੀਨੀਅਰਾਂ ਨੇ ਪੁਸ਼ਟੀ ਕੀਤੀ ਕਿ ਸਾਰੀਆਂ ਈ.ਵੀ.ਐਮ. ਅਤੇ ਵੀ.ਵੀ.ਪੈਟ ਰੀਫਾਰਮੈਟਿੰਗ ਤੋਂ ਬਾਅਦ ਵਰਤੋਂ ਲਈ ਤਿਆਰ ਹੋਣਗੇ, ਜੋ ਸੁਚਾਰੂ, ਨਿਰਵਿਘਨ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਕੁੱਲ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਵੋਟਾਂ ਵਾਲੇ ਦਿਨ ਲਈ 2921 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਵੋਟਾਂ ਵਾਲੇ ਦਿਨ ਵਾਧੂ ਈ.ਵੀ.ਐਮ. ਅਤੇ ਵੀ.ਵੀ.ਪੈਟ ਰੱਖੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਚੋਣਾਂ ਬਿਨਾਂ ਕਿਸੇ ਡਰ ਦੇ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ।
ਨਿਰੀਖਣ ਕਰਨ ਵਾਲਿਆਂ ਵਿੱਚ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ, ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰ ਪਾਲ ਸਿੰਘ, ਗਲਾਡਾ ਦੇ ਅਸਟੇਟ ਅਫ਼ਸਰ ਅੰਕੁਰ ਮੋਹਿੰਦਰੂ, ਵਧੀਕ ਨਗਰ ਨਿਗਮ ਕਮਿਸ਼ਨਰ ਪਰਮਦੀਪ ਸਿੰਘ, ਐਸ.ਡੀ.ਐਮ. ਦੀਪਕ ਭਾਟੀਆ, ਸੰਯੁਕਤ ਨਗਰ ਨਿਗਮ ਕਮਿਸ਼ਨਰ ਇੰਦਰ ਪਾਲ ਅਤੇ ਚੇਤਨ ਬੰਗੜ, ਆਰ.ਟੀ.ਏ. ਰਣਦੀਪ ਸਿੰਘ ਹੀਰ ਅਤੇ ਸਹਾਇਕ ਕਮਿਸ਼ਨਰ (ਯੂ.ਟੀ) ਕ੍ਰਿਤਿਕਾ ਗੋਇਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

——-

Leave a Reply

Your email address will not be published.


*