ਸਾਰੇ ਵੋਟਰਾਂ ਨੂੰ ਚੋਣ ਵਾਲੇ ਦਿਨ (1 ਜੂਨ) ਨੂੰ ਚੋਣਵੇਂ ਹੋਟਲਾਂ/ਰੈਸਟੋਰੈਂਟਾਂ ‘ਚ ਖਾਣੇ ‘ਤੇ 25 ਫੀਸਦ ਛੋਟ

ਲੁਧਿਆਣਾ,  (  ਗੁਰਵਿੰਦਰ ਸਿੱਧੂ ) – ਪੋਲਿੰਗ ਵਾਲੇ ਦਿਨ (1 ਜੂਨ) ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੇ ਤਹਿਤ, ਲੁਧਿਆਣਾ ਦੇ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ਨੇ ਵੋਟ ਪਾਉਣ ਮੌਕੇ ਉਂਗਲ ‘ਤੇ ਲੱਗੀ ਸਿਆਹੀ ਵਾਲੇ ਵੋਟਰਾਂ ਨੂੰ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ‘ਤੇ 25 ਫੀਸਦ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਹੋਟਲ ਅਤੇ ਰੈਸਟੋਰੈਂਟ  ਮਾਲਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਪਹਿਲਕਦਮੀ ਨਾਲ ਵੱਧ ਤੋਂ ਵੱਧ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸ਼ਨ ਦਾ ਟੀਚਾ ਲੋਕ ਸਭਾ ਚੋਣਾਂ-2024 ਵਿੱਚ 70 ਫੀਸਦ ਤੋਂ ਵੱਧ ਵੋਟਿੰਗ ਨੂੰ ਹਾਸਲ ਕਰਨਾ ਹੈ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ ਵੀ ਹਾਜ਼ਰ ਸਨ।
ਜ਼ਿਲ੍ਹੇ ਵਿੱਚ ਕੁੱਲ 2694622 ਵੋਟਰ ਹਨ, ਜਿਨ੍ਹਾਂ ਵਿੱਚ 1435624 ਮਰਦ, 1258847 ਔਰਤਾਂ ਅਤੇ 151 ਟਰਾਂਸਜੈਂਡਰ ਵੋਟਰ ਹਨ। ਹੋਟਲ ਅਤੇ ਰੈਸਟੋਰੈਂਟ ਮਾਲਕਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਚੋਣਾਂ ਵਿੱਚ ਵੋਟਰਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
1 ਜੂਨ, 2024 ਨੂੰ, ਪੋਲਿੰਗ ਵਾਲੇ ਦਿਨ ਵੋਟ ਪਾਉਣ ਤੋਂ ਬਾਅਦ, ਸਾਰੇ ਵੋਟਰ ਆਪਣੀ ਸਿਆਹੀ ਲੱਗੀ ਉਂਗਲ ਦਿਖਾ ਕੇ ਚੋਣਵੇਂ ਹੋਟਲਾਂ, ਰੈਸਟੋਰੈਂਟਾਂ, ਕੈਫੇ ਅਤੇ ਬੇਕਰੀਆਂ ‘ਤੇ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ‘ਤੇ 25 ਫੀਸਦ ਦੀ ਛੋਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਵਿੱਚ ਅੰਡਰਡੌਗਸ, ਬੁਵਿਟ, ਬਲੇਸੀ, ਐਮ.ਬੀ.ਡੀ. ਮਾਲ, ਹੋਟਲ ਫਾਈਵ ਰਿਵਰਜ਼, ਆਇਰਨ ਸ਼ੈੱਫ, ਪਾਈਰੇਟਸ ਆਫ ਗਰਿੱਲ, ਐਨਚੈਂਟਡ ਵੁੱਡਜ਼ ਕਲੱਬ ਲਿਮਟਿਡ, ਮੈਜੇਸਟਿਕ ਹੋਟਲਜ਼ ਪਾਰਕ ਪਲਾਜ਼ਾ, ਗੋਲਾ ਸਿਜ਼ਲਰਜ਼ ਲੁਧਿਆਣਾ, ਸਟੂਡੀਓ ਐਕਸੋ ਬਾਰ, ਕੈਫੇ ਓਲੀਓ, ਸਿਲਵਰ ਆਰਕ ਮਾਲ, ਪੈਰਾਗਨ ਵਾਟਰਫਰੰਟ, ਦ ਬੀਅਰ ਕੈਫੇ, ਹਯਾਤ ਰੀਜੈਂਸੀ, ਪਿਰਾਮਿਡ ਕੈਫੇ, ਹੋਟਲ ਜ਼ੈਡ ਗ੍ਰੈਂਡ, ਮਲਹੋਤਰਾ ਰੀਜੈਂਸੀ, ਰੈਡੀਸਨ ਬਲੂ ਹੋਟਲ, ਲਾਸ ਵੇਗਾਸ, ਪਾਮ ਕੋਰਟ, ਕੈਫੇ ਦਿੱਲੀ ਹਾਈਟਸ, ਏ ਹੋਟਲ, ਯੰਗਰ ਬਾਰ, ਜੀ.ਐਸ.ਬੀ. ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਅਤੇ ਹੋਰ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਸਰੀਨ ਨੇ ਦੱਸਿਆ ਕਿ ਇਹ ਹੋਟਲ, ਰੈਸਟੋਰੈਂਟ ਅਤੇ ਮਾਲ ਪੋਸਟਰਾਂ, ਹੋਰਡਿੰਗਾਂ ਅਤੇ ਬੈਨਰਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਪ੍ਰਸ਼ਾਸਨ ਦੀ ਮਦਦ ਕਰਨਗੇ। ਵੋਟਰ ਜਾਗਰੂਕਤਾ ਲਈ ਪ੍ਰਸ਼ਾਸਨ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

Leave a Reply

Your email address will not be published.


*