ਵੱਧ ਰਹੀ ਤਪਸ਼, ਲੂ ਤੋਂ ਬਚੋਂ – ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼ਤਰ ਵੱਲੋਂ ਕੁੱਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਡਾ. ਸੁਮੀਤ ਸਿੰਘ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਵੱਧ ਰਹੀ ਤਪਸ਼ ਵਿੱਚ ਲੂ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋਂ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ।
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜੇਕਰ ਜ਼ਰੂਰਤ ਅਨੂਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋਂ ਕਿ ਬੈਠਣ ਲਈ ਥਾਂ ਠੰਢੀ ਹੋਵੇ। ਉਨਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ, ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਉਨਾਂ ਕਿਹਾ ਕਿ ਪੀਕ ਘੰਟੇ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੂ ਆਪਣੀ ਪੂਰੇ ਜੋਰਾਂ ਤੇ ਹੁੰਦੀ ਹੈ। ਸਿਵਲ ਸਰਜਨ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਲਈ ਠੰਡਾ ਪਾਣੀ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਬੱਸਾਂ ਵਿੱਚ ਯਾਤਰੂਆਂ ਦੀ ਸਹੂਲਤ ਲਈ ਫਸਟ ਏਡ ਬਾਕਸ  ਅਤੇ ਪੀਣ ਵਾਲੇ ਦਾ ਇੰਤਜ਼ਾਮ ਰੱਖਣਾ ਚਾਹੀਦਾ ਹੈ। ਉਨਾਂ ਨੇ ਲੇਬਰ ਵਿਭਾਗ ਅਤੇ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਮਜਦੂਰਾਂ ਅਤੇ ਮਗ-ਨਰੇਗਾ ਦੇ ਕਾਮਿਆਂ ਦੇ ਸਮੇਂ ਵਿੱਚ ਬਦਲਾਅ ਕਰਨ ਅਤੇ 12 ਤੋਂ 3 ਵਜੇ ਤੱਕ ਤਪਸ਼ ਸਮੇਂ ਮਜਦੂਰੀ ਕਰਨ ਤੋਂ ਗੁਰੇਜ ਕੀਤਾ ਜਾਵੇ।
ਡਾ. ਸੁਮੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਰਹੀ ਤਪਸ਼ ਕਾਰਨ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਅਤੇ ਉਨਾਂ ਲਈ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਦੇਣ। ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਲੂ ਦੇ ਲੱਛਣ ਜਿਵੇਂ ਕਿ ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਨ ਹੋਣਾ, ਸਿਰ ਦਰਦ, ਉਲਟੀਆਂ, ਲਾਲ ਗਰਮ ਤੇ ਖੁਸ਼ਕ ਚੱਮਣੀ, ਮਾਂਸਪੇਸ਼ਿਆਂ ਵਿਚ ਕਮਜ਼ੋਰੀ ਹੋਣਾ ਆਦਿ ਹਨ। ਉਨਾਂ ਦੱਸਿਆ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਰਗਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਰੂਰਤ ਪੈਣ ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104 ‘ਤੇ ਕਾਲ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਹੋਰ ਸਾਵਧਾਨੀਆਂ ਵੀ ਅਪਣਾਉਣ ਦੀ ਲੋੜ ਹੈ। ਉਨਾਂ ਦੱਸਿਆ ਕਿ ਵੱਧ ਰਹੇ ਤਾਪਮਾਨ ਦੇ ਕਾਰਨ ਆਪਣੀਆਂ ਕਾਰਾਂ ਅੰਦਰ ਗੈਸ ਸਮੱਗਰੀ, ਲਾਈਟਰ, ਆਮਤੌਰ ਤੇ ਪ੍ਰਫਿਊਮ ਅਤੇ ਡਿਵਾਇਸ ਬੈਟਰੀਆਂ, ਕੋਲਡ ਡ੍ਰਿੰਕ ਨਹੀਂ ਰਖਣੀਆਂ ਚਾਹੀਦੀਆਂ ਅਤੇ ਕਾਰਾਂ ਦੇ ਟਾਇਰਾਂ ਨੂੰ ਜਿਆਦਾ ਨਹੀਂ ਫੁਲਾਉਣਾ ਚਾਹੀਦਾ। ਉਨਾਂ ਕਿਹਾ ਕਿ ਵੱਧ ਰਹੀ ਗਰਮੀ ਦੇ ਕਾਰਨ ਬਿੱਛੂਆਂ ਅਤੇ ਸੱਪਾਂ ਤੋਂ ਸਾਵਧਾਨ ਰਹੋ, ਕਿਉਂਕਿ ਉਹ ਆਪਣੀਆਂ ਖੱਡਾਂ ਵਿੱਚੋਂ ਬਾਹਰ ਨਿਕਲ ਕੇ ਠੰਡੀਆਂ ਥਾਵਾਂ ਦੀ ਭਾਲ ਵਿੱਚ ਘਰਾਂ ਵਿੱਚ ਦਾਖਲ ਹੋ ਸਕਦੇ ਹਨ। ਉਨਾਂ ਕਿਹਾ ਕਿ ਧਿਆਨ ਰੱਖਣ ਦੀ ਗੱਲ ਹੈ ਕਿ ਗੈਸ ਸਲੰਡਰ ਨੂੰ ਧੁੱਪ ਵਿੱਚ ਨਾ ਰੱਖਿਆ ਜਾਵੇ, ਕਿਉਂਕਿ ਵੱਧ ਰਹੀ ਗਰਮੀ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ।

Leave a Reply

Your email address will not be published.


*