ਵਾਜਬ ਕੇਸਾਂ ਦੀਆਂ ਚੋਣ ਡਿਊਟੀਆਂ ਨਾ ਕੱਟਣ ਦੀ ਸੂਰਤ ਵਿੱਚ ਡੀ.ਟੀ.ਐੱਫ.ਸੰਘਰਸ਼ ਲਈ ਹੋਵੇਗੀ ਮਜ਼ਬੂਰ : ਨਮੋਲ

ਸੰਗਰੂਰ;;;;;- ਵਾਜਬ ਕੇਸਾਂ ਵਿੱਚ ਚੋਣ ਡਿਊਟੀਆਂ ਕੱਟਣ ਸਬੰਧੀ ਅੱਜ ਡੀ.ਟੀ.ਐੱਫ. ਸੰਗਰੂਰ ਦਾ ਵਫ਼ਦ ਏਡੀਸੀ (ਜਨਰਲ) ਸੰਗਰੂਰ ਆਕਾਸ਼ ਬਾਂਸਲ ਨੂੰ ਮਿਲਿਆ ਅਤੇ ਬੀਤੀ 17 ਮਈ ਨੂੰ ਨਾ ਕੱਟੀਆਂ 38 ਡਿਊਟੀਆਂ ਦੀ ਦਿੱਤੀ ਸੂਚੀ ਸਬੰਧੀ ਸਥਿਤੀ ਦਾ ਪਤਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਏਡੀਸੀ ਵੱਲੋਂ ਪਹਿਲਾਂ ਦੀ ਤਰ੍ਹਾਂ ਕਿਹਾ ਗਿਆ ਕਿ ਹੁਣ ਇਹ ਡਿਊਟੀਆਂ ਸਬੰਧਤ ਐੱਸ.ਡੀ.ਐੱਮ. ਹੀ ਕੱਟ ਸਕਦਾ ਹੈ, ਇਸ ਲਈ ਉਹਨਾਂ ਨੂੰ ਮਿਲਿਆ ਜਾਵੇ। ਵਫ਼ਦ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੇਕਰ ਏਡੀਸੀ ਸਿਫਾਰਿਸ਼ ਕਰਕੇ ਭੇਜੇ ਤਾਂ ਕੋਈ ਵੀ ਐੱਸ.ਡੀ.ਐੱਮ. ਡਿਊਟੀ ਕੱਟਣ ਤੋਂ ਕਿਵੇਂ ਜਵਾਬ ਦੇ ਸਕਦਾ ਹੈ। ਵਫ਼ਦ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੀਆਂ ਅਰਜ਼ੀਆਂ ਬਿਲਕੁਲ ਵਾਜਿਬ ਹਨ। ਜਦੋਂ ਰਾਜਨੀਤਕ ਆਗੂਆਂ ਦੀ ਸਿਫਾਰਸ਼ ਉੱਤੇ ਵੱਡੇ ਪੱਧਰ ਉੱਤੇ ਡਿਊਟੀਆਂ ਕੱਟੀਆਂ ਜਾ ਸਕਦੀਆਂ ਹਨ ਤਾਂ ਜਥੇਬੰਦੀ ਦੀਆਂ ਅਰਜ਼ੀਆਂ ‘ਤੇ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਡਿਊਟੀਆਂ ਕੱਟਣ ਸਬੰਧੀ ਬਣਾਏ ਮੈਡੀਕਲ ਬੋਰਡ ਦੀ ਕਾਰਗੁਜਾਰੀ ਬਾਰੇ ਵੀ ਏਡੀਸੀ ਨੂੰ ਕਿਹਾ ਗਿਆ ਕਿ ਇਸ ਬੋਰਡ ਦੀਆਂ ਗਲਤੀਆਂ ਕਾਰਨ ਅੱਜ ਕੈਂਸਰ ਵਰਗੇ ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕ ਆਪਣੀਆਂ ਡਿਊਟੀਆਂ ਕਟਾਉਣ ਲਈ ਦਫਤਰਾਂ ਦੇ ਚੱਕਰ ਮਾਰਨ ਲਈ ਮਜ਼ਬੂਰ ਹਨ। ਏਡੀਸੀ ਦਫ਼ਤਰ ਵੱਲੋਂ ਆਪਣੇ ਪੱਧਰ ਉੱਤੇ ਹੀ ਦੁੱਧ ਪਿਆਉਂਦੀ ਮਾਤਾ ਦੇ ਕੇਸ ਵਿੱਚ ਬੱਚੇ ਦੀ ਇੱਕ ਸਾਲ ਦੀ ਉਮਰ ਦੀ ਸੀਮਾ ਲਗਾ ਦਿੱਤੀ ਗਈ ਹੈ ਜਦੋਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਵਿੱਚ ਅਜਿਹੀ ਕੋਈ ਸੀਮਾ ਨਹੀਂ ਰੱਖੀ ਗਈ। ਕਈ ਕੇਸਾਂ ਵਿੱਚ ਮਨੁੱਖੀ ਅਧਾਰ ਉੱਤੇ  ਜਿਵੇਂ ਅਪਾਹਜ ਬੱਚੇ ਦੀ ਮਾਤਾ ਜਾਂ ਘਰ ਵਿੱਚ ਐਕਸੀਡੈਂਟ ਜਾਂ ਗੰਭੀਰ ਬਿਮਾਰੀ ਨਾਲ ਪੀੜਤ ਮਰੀਜ਼ ਦੀ ਸਾਂਭ ਸੰਭਾਲ ਕਰਨ ਵਾਲਾ ਉਸਦਾ ਰਿਸ਼ਤੇਦਾਰ ਦੀਆਂ ਡਿਊਟੀਆਂ ਕੱਟੀਆਂ ਜਾਣੀਆਂ ਬਣਦੀਆਂ ਹਨ
। ਏਡੀਸੀ ਨੇ ਕਿਹਾ ਕਿ ਉਹ ਜਥੇਬੰਦੀ ਦੁਆਰਾ ਦਿੱਤੀਆਂ 38 ਅਰਜ਼ੀਆਂ ਦੀ ਲਿਸਟ ਨੂੰ ਦੁਬਾਰਾ ਘੋਖਣਗੇ ਅਤੇ ਜੋ ਕੇਸ ਉਹਨਾਂ ਨੂੰ ਵਾਜਬ ਲੱਗਣਗੇ ਉਹਨਾਂ ਦੀ ਡਿਊਟੀ ਕੱਟਣਗੇ ਪ੍ਰੰਤੂ ਜਥੇਬੰਦੀ ਵੱਲੋਂ ਕਿਹਾ ਗਿਆ ਕਿ ਸਾਰੀਆਂ ਡਿਊਟੀਆਂ ਕੱਟੀਆਂ ਜਾਣ ਕਿਉਂਕਿ ਜਥੇਬੰਦੀ ਵੱਲੋਂ ਦਿੱਤੀ ਕੋਈ ਵੀ ਅਰਜ਼ੀ ਗੈਰ ਵਾਜਬ ਅਧਾਰ ‘ਤੇ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਵਫ਼ਦ ਵੱਲੋਂ ਬੀਤੇ ਸ਼ਨੀਵਾਰ ਸ਼ਾਮ ਨੂੰ ਆਈਆਂ ਚੋਣ ਡਿਊਟੀਆਂ ਵਿੱਚ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਦੋ-ਦੋ ਹਲਕਿਆਂ ਵਿੱਚ ਲਾਉਣ ‘ਤੇ ਵੀ ਸਖ਼ਤ ਇਤਰਾਜ਼ ਦਰਜ ਕਰਾਇਆ ਗਿਆ। ਇਸ ‘ਤੇ ਏਡੀਸੀ ਨੇ ਕਿਹਾ ਕਿ ਇਹ ਸਮੱਸਿਆ ਆਈ ਹੈ ਅਤੇ ਅਜਿਹੇ ਕੇਸ ਵਿੱਚ ਮੁਲਾਜ਼ਮ ਨੂੰ ਜਿੱਥੇ ਠੀਕ ਲਗਦਾ ਹੈ ਉਥੇ ਆਪਣੀ ਚੋਣ ਡਿਊਟੀ ਦੇ ਸਕਦਾ ਹੈ। ਵਫ਼ਦ ਨੇ ਚੋਣਾਂ ਦਾ ਸਮਾਨ ਸੰਗਰੂਰ ਤੋਂ ਦੇਣ ਅਤੇ ਚੋਣ ਉਪਰੰਤ ਸਮਾਨ ਧੂਰੀ ਜਮ੍ਹਾਂ ਕਰਵਾਉਣ ‘ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਨਾਲ ਮੁਲਾਜ਼ਮਾਂ ਦੀ ਖੱਜਲ ਖ਼ੁਆਰੀ ਵਧੇਗੀ। ਉਹ ਆਪਣਾ ਵਹੀਕਲ ਕਿੱਥੇ ਖੜ੍ਹਾ ਕਰਨਗੇ ਜਿਸ ‘ਤੇ ਉਹ ਸਮਾਨ ਜਮ੍ਹਾਂ ਕਰਵਾਉਣ ਤੋਂ ਬਾਅਦ ਆਪਣੇ ਘਰ ਜਾਣਗੇ,ਇਸ ਤੇ ਏਡੀਸੀ ਨੇ ਕਿਹਾ ਕਿ ਇਸ ਮੌਕੇ ‘ਤੇ ਇਸ ਮੰਗ ਨੂੰ ਮੰਨਣਾ ਸੰਭਵ ਨਹੀਂ ਹੈ। ਵਫ਼ਦ ਨੇ ਅਧਿਕਾਰੀ ਦੀ ਰਾਇ ਨਾਲ ਅਸਿਹਮਤੀ ਜਤਾਈ। ਇਸ ਤੋਂ ਬਾਅਦ ਜਥੇਬੰਦੀ ਦੀ ਮੀਟਿੰਗ ਕਰਕੇ ਤੈਅ ਕੀਤਾ ਗਿਆ ਕਿ ਏਡੀਸੀ ਤੋਂ ਆਉਂਦੀ 23 ਮਈ ਨੂੰ ਕੱਟੀਆਂ ਡਿਊਟੀਆਂ ਸਬੰਧੀ ਰਿਪੋਰਟ ਲਈ ਜਾਵੇਗੀ ਅਤੇ ਜੇਕਰ ਸਾਰੀਆਂ ਡਿਊਟੀਆਂ ਨਹੀਂ ਕੱਟੀਆਂ ਜਾਂਦੀਆਂ ਤਾਂ ਆਉਂਦੇ ਦਿਨਾਂ ਵਿੱਚ ਇਸ ਵਿਰੁੱਧ ਜਥੇਬੰਦਕ ਐਕਸ਼ਨ ਕਰ ਕੇ ਇਹ ਵਾਜਬ ਮੰਗ ਮੰਨਵਾਈ ਜਾਵੇਗੀ। ਵਫ਼ਦ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਜਥੇਬੰਦਕ ਸਕੱਤਰ ਪਵਨ ਕੁਮਾਰ, ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ,ਪ੍ਰੈਸ ਸਕੱਤਰ ਜਸਬੀਰ ਨਮੋਲ,ਬਲਾਕਾਂ ਦੇ ਆਗੂ ਗਗਨਦੀਪ ਧੂਰੀ,ਸੁਖਪਾਲ ਧੂਰੀ, ਚੰਦਰ ਸ਼ੇਖਰ,ਸੰਜੀਵ ਭੀਖੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਸਨ।

Leave a Reply

Your email address will not be published.


*