ਲੋਕ ਸਭਾ ਚੋਣਾਂ ਲਈ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਅੰਤਿਮ ਰਿਹਰਸਲ ਹੋਈ

ਸੰਗਰੂਰ (ਪੱਤਰ ਪ੍ਰੇਰਕ, )  ਲੋਕ ਸਭਾ ਚੋਣਾਂ ਲਈ ਸੰਗਰੂਰ ਜ਼ਿਲ੍ਹੇ ਦੇ ਪੋਲਿੰਗ ਬੂਥਾਂ ‘ਤੇ 1 ਜੂਨ (ਸ਼ਨੀਵਾਰ) ਨੂੰ ਵੋਟਾਂ ਪੁਆਉਣ ਦੇ ਅਮਲ ਨੂੰ ਸਫ਼ਲਤਾ ਪੂਰਵਕ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੇ ਅੱਜ ਪੋਲਿੰਗ ਪਾਰਟੀਆਂ ਨੂੰ ਵੋਟਾਂ ਪੁਆਉਣ ਦੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਸਿਖਲਾਈ ਦੇਣ ਲਈ ਅੰਤਿਮ ਰਿਹਰਸਲ ਕਰਵਾਈ।
ਜ਼ਿਲ੍ਹਾ ਚੋਣ ਅਫ਼ਸਰ- ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਮੁੱਚੀ ਚੋਣ ਪ੍ਰਕ੍ਰਿਆ ਨੂੰ ਸੁਤੰਤਰ, ਨਿਰਪੱਖ ਤੇ ਨਿਰਵਿਘਨ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪਾਬੰਦ ਹੈ । ਉਨ੍ਹਾਂ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ 31 ਮਈ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ ਅਤੇ ਇਸੇ ਦਿਨ ਇਨ੍ਹਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ ਬੂਥਾਂ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੋਲਿੰਗ ਸਟਾਫ ਦੇ ਨਾਲ ਨਾਲ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਮੁਸਕਲ ਨਾ ਆਵੇ ।
ਡੀ.ਸੀ. ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਰਿਟਰਨਿੰਗ ਅਫਸਰ ਦਿੜਬਾ ਰਾਜੇਸ਼ ਸ਼ਰਮਾ ਨੇ ਸਰਕਾਰੀ ਰਣਬੀਰ ਕਾਲਜ ਵਿਖੇ ਆਯੋਜਿਤ ਰਿਹਰਸਲ ਦੌਰਾਨ ਚੋਣ ਅਮਲੇ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਸਮੁੱਚੇ ਚੋਣ ਅਮਲੇ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਨੂੰ ਕੋਈ ਸ਼ੰਕਾ ਹੈ ਤਾਂ ਉਸਦਾ ਨਿਵਾਰਨ ਜਰੂਰ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ।
ਸਿਖਲਾਈ ਦੌਰਾਨ ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਇਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰ ਵਜੋਂ ਪਾਰਟੀਆਂ ਬਣਾਕੇ ਅੱਜ ਰਿਹਰਸਲ ਮੌਕੇ ਹਰ ਮੈਂਬਰ ਦੀ ਜਿੰਮੇਵਾਰੀ, ਪ੍ਰੀਜਾਈਡਿੰਗ ਅਫ਼ਸਰ ਦੀ ਡਾਇਰੀ ਤੇ ਚੈਕਲਿਸਟ, ਈ.ਵੀ.ਐਮਜ਼ ਤੇ ਵੀ.ਵੀ.ਪੈਟ ਮਸ਼ੀਨਾਂ, 17-ਏ, 17-ਬੀ ਤੇ 17-ਸੀ ਫਾਰਮ, ਸੀਲਾਂ, ਟੈਗ, ਪੋਲਿੰਗ ਏਜੰਟਾਂ ਦੇ ਦਸਤਖ਼ਤ ਤੇ ਹੋਰ ਦਸਤਾਵੇਜਾਂ, ਵੋਟਿੰਗ ਲਈ ਜਰੂਰੀ ਹਦਾਇਤਾਂ ਅਤੇ ਵੋਟਾਂ ਲਈ ਜਰੂਰੀ ਸਮਾਨ ਆਦਿ ਬਾਰੇ ਵੀ ਮੁਕੰਮਲ ਸਿਖਲਾਈ ਦਿੱਤੀ ਗਈ ਹੈ।

Leave a Reply

Your email address will not be published.


*