ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਾਨੂੰ ਬਖਸ਼ੀ ਮੀਰੀ -ਪੀਰੀ ਦੀ ਦਾਤ!

————–
ਜ਼ਬਰ ਤੇ ਜ਼ੁਲਮ ਨੂੰ ਰੋਕਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਦਾ ਭਾਣਾ ਮੰਨ ਕੇ ਧਰਮ ਦੀ ਧਰਤੀ ਤੇ ਸਿੱਖੀ ਦਾ ਬੂਟਾ ਲਾ ਦਿੱਤਾ ਅਤੇ ਨਾਨਕ ਨਾਮਲੇਵਾ ਸਿੱਖ਼ਾਂ ਨੇ ਆਪਣੇ ਸੀਸ ਤਲੀ ਤੇ ਰੱਖ ਕੇ ਜ਼ਾਲਮਾਂ ਦੇ ਨੇਜ਼ਿਆਂ ਅਤੇ ਤਲਵਾਰਾਂ ਦੇ ਕਹਿਰ ਦੀ ਪ੍ਰਵਾਹ ਨਾ ਕਰਦੇ ਹੋਏ,ਆਪਣੇ ਖੂਨ ਨਾਲ ਇਸ ਬੂਟੇ ਨੂੰ ਸਿੰਜ ਕੇ ਵੱਡਾ ਕੀਤਾ। ਜਦੋਂ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਪਤਾਲ  ਅਤੇ ਲਗਰਾਂ ਆਸਮਾਨ ਛੋਹਣ ਲਗੀਆਂ ਤਾਂ ਪੁਰਾਣੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਅਤੇ ਸੀਨਾਜੋਰ ਹਾਕਮਾਂ ਨੇ ਇਸ ਨੂੰ ਬੇਰਹਿਮੀ ਨਾਲ ਛਾਗਣ ਦੀਆਂ ਬੇਸ਼ੁਮਾਰ ਕੋਸ਼ਿਸ਼ਾਂ ਕੀਤੀਆਂ। ਪਰ ਗੁਰੂ ਨਾਨਕ ਵਲੋਂ ਸਿਖਾਂ ਨੂੰ ਸਿਰੜ,ਸਬਰ, ਸੰਤੋਖ ਅਤੇ ਸੱਚ ਤੇ ਪਹਿਰਾ ਦੇਣ ਦੀ ਗੁੜ੍ਹਤੀ ਦੀ ਸ਼ਕਤੀ ਨਾਲ ਸਿੱਖੀ ਦਾ ਬੂਟਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹਿ ਕੇ ਫਲਦਾ ਫੁਲਦਾ ਰਿਹਾ। ਚੌਥੇ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਸਿੱਖ ਧਰਮ ਸੇਵਾ, ਸਿਮਰਨ ਅਤੇ ਪ੍ਰਚਾਰ ਪਖੋਂ ਲਾਮਬੰਦ ਹੋ ਚੁਕਾ ਸੀ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ  ਕਾਰ ਸੇਵਾ ਕਰਵਾਉਣ ਅਤੇ ਗੁਰੂ ਸਹਿਬਾਨਾਂ ਤੇ ਵਿਦਵਾਨ ਫ਼ਕੀਰਾਂ ਦੀ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬੀੜ ਤਿਆਰ ਕਰਵਾਉਣ ਪਿੱਛੋਂ, ਜਹਾਂਗੀਰ ਨੇ ਲੋਹਾ ਲਾਖਾ ਹੋ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।ਬਸ ਫਿਰ ਕੀ ਸੀ ” ਜਬੈ ਬਾਣ ਲਾਗੈ ਤਬੈ ਰੋਸ ਜਾਗੈ ” ਦੇ ਸਿੱਖੀ ਅਸੂਲ ਤੇ ਪਹਿਰਾ ਦਿੰਦੇ ਹੋਏ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿਖ ਧਰਮ ਦੇ ਦੋਖੀਆਂ ਅਤੇ ਪੰਚਮ ਪਾਤਸ਼ਾਹ ਸ੍ਰੀ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ  ਲਈ ਸਿਖਾਂ ਨੂੰ ਮੀਰੀ ਤੇ ਪੀਰੀ ਦੀ ਦਾਤ ਬਖਸ਼ਿਸ਼ ਕਰ ਕੇ ਖੁਦ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਹੱਰ ਸਿੱਖ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਸੁਭਾਗੇ ਦਿਨ 22 ਜੂਨ ਨੂੰ  ਅਸਥਾ ਨਾਲ ਉਡੀਕਦਾ ਹੈ ਅਤੇ ਦਾਸ ਨੇ ਵੀ ਤੁਛ ਬੁਧੀ ਅਨੁਸਾਰ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਰਧਾ ਸੁਮਨ ਭੇਂਟ ਕਰਨ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 5 ਜੁਲਾਈ 1595 ਨੂੰ ਗੁਰੂ ਕੀ ਵਡਾਲੀ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖੋਂ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਨੂੰ  ਬਾਥਾ ਬੁਢਾ ਜੀ ਨੇ ਸ਼ਾਸਤਰ ਵਿਦਿਆ ਦੇ ਕੇ ਮਾਹਾਂਬਲੀ ਯੋਧਾ ਬਣਾ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 1606 ਵਿਚ 11 ਸਾਲ ਦੀ ਬਾਲ ਅਵਸਥਾ ਵਿੱਚ ਸ਼ਹਾਦਤ ਲਈ ਲਹੌਰ ਜਾਣ ਤੋਂ ਪਹਿਲਾਂ ਗੁਰਗੱਦੀ ਸੌਂਪ ਦਿੱਤੀ ਸੀ।‌ ਜ਼ੁਲਮ ਦੇ ਖਾਤਮੇ ਲਈ ਛੇਵੇਂ ਪਾਤਸ਼ਾਹ ਨੇ ਸਿਖਾਂ ਦੀ ਫੌਜ ਤਿਆਰ ਕਰਨ ਦੀ ਯੋਜਨਾ ਬਣਾਈ ਅਤੇ ਸਿਖਾਂ ਨੂੰ ਨਕਦ ਭੇਂਟਾ ਦੀ ਬਜਾਏ ਜੰਗੀ ਸ਼ਾਸਤਰ ਤੇ ਘੋੜੇ ਭੇਂਟ ਕਰਨ ਲਈ ਸੰਦੇਸ਼ ਭੇਜ ਦਿਤੇ। ਥੋੜੇ ਸਮੇਂ ਵਿੱਚ  ਮਾਝੇ, ਮਾਲਵੇ ਤੇ ਦੁਆਬੇ ਦੇ ਕੋਈ ਪੰਜ ਸੌ ਸ਼ਾਸਤਰ ਵਿਦਿਆ ਦੇ ਧਨੀ ਸਿੱਖ,ਹਿੰਦੂ ਅਤੇ ਮੁਸਲਮਾਨ ਨੌਜਵਾਨ ਗੂਰੂ ਜੀ ਦੀ ਸ਼ਰਨ ਵਿੱਚ ਇਕੱਠੇ ਹੋ ਗਏ। ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਲਗਾਤਾਰ 9 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਸਿਖਾਂ ਦੀ ਫੌਜ ਨੂੰ ਯੁਧ ਕਰਨ ਦੇ ਦਾਅ – ਪੇਚ ਸਿਖਾਏ, ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ 1609 ਵਿਚ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਉਸਾਰੀ ਕਰਵਾਈ , ਸਿਰਲੱਥ ਯੋਧਿਆਂ ਵਿਚ ਬੀਰਰਸ ਭਰਨ ਲਈ ਸੂਰਬੀਰਾਂ ਦੀਆਂ ਵਾਰਾਂ ਗਾਉਣ ਦੀ ਪਰੰਪਰਾ ਆਰੰਭ ਕੀਤੀ ਅਤੇ ਝੂਠੇ ਕਰਮਕਾਂਡਾਂ, ਵਹਿਮਾਂ ਤੇ ਭਰਮਾਂ ਨੂੰ ਖ਼ਤਮ ਕਰਨ ਲਈ ਦੂਰ – ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਜਹਾਂਗੀਰ ਨੂੰ ਗੁਰੂ ਜੀ ਦਾ ਛੋਟੀ ਉਮਰ ਵਿੱਚ ਏਨਾ ਹਰਮਨ ਪਿਆਰਾ ਹੋਣਾ ਪਸੰਦ ਨਾ ਆਇਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਹੋਰ ਸਿਆਸੀ ਕੈਦੀਆਂ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰ ਬੰਦ ਕਰ ਦਿੱਤਾ।ਦੋ ਸਾਲ ਬਾਅਦ 1614 ਵਿਚ ਜਹਾਂਗੀਰ ਸਖ਼ਤ ਬੀਮਾਰ ਹੋ ਗਿਆ ਅਤੇ ਉਸ ਨੇ ਸਾਈਂ ਫਕੀਰ ਮੀਆਂ ਮੀਰ ਦੇ ਕਹਿਣ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਰਿਹਾਅ ਕਰ ਦਿੱਤਾ ਅਤੇ ਛੇਵੇਂ ਗੁਰੂ ਜੀ ਦੇ ਜ਼ੋਰ ਪਾਉਣ ਤੇ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ  ਵਿੱਚ ਕੈਦ 52 ਪਹਾੜੀ ਰਾਜਿਆਂ ਨੂੰ ਵੀ ਰਿਹਾ ਕਰ ਦਿੱਤਾ। ਗੁਰੂ ਜੀ ਸ਼੍ਰੀ ਅਮ੍ਰਿਤਸਰ ਸਾਹਿਬ ਪਹੁੰਚ ਗਏ ਅਤੇ ਇਸ ਦਿਨ ਨੂੰ ਸਿੱਖ ਸ਼ਰਧਾਲੂਆਂ ਵਲੋਂ  52 ਪਹਾੜੀ ਰਾਜਿਆਂ ਨੂੰ ਬੰਦੀ ਚੋਂ ਰਿਹਾ ਕਰਵਾਉਣ ਦੀ ਖੁਸ਼ੀ ਵਿੱਚ ਦੀਪਮਾਲਾ ਕਰਕੇ ਖੁਸ਼ੀ ਮਨਾ ਕੇ ਗੁਰੂ ਜੀ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਦਿਨ ਨੂੰ ਹੱਰ ਸਾਲ ਬੰਦੀ ਛੋੜ ਦਿਵਸ ਵਜੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। 1627 ਵਿਚ ਸ੍ਰੀ ਕੀਰਤਪੁਰ ਸਾਹਿਬ ਦੀ ਸਥਾਪਨਾ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗਲਾਂ ਵਿਰੁੱਧ ਕੱਈ ਲੜਾਈਆਂ ਲੜੀਆਂ ਜਿਸ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਬਾਜ਼ ਦੇ ਕਾਰਨ ਸ਼ਾਹਜਹਾਂ ਦੇ ਸੈਨਾਪਤੀ ਰਸੂਲ ਖਾਂ ਅਤੇ ਮੁਖਲਿਸ ਖਾਂ ਨੂੰ ਹਰਾਇਆ ਅਤੇ ਪੈਂਦੇ ਖਾਂ ਨੇ ਸਾਜਸ਼ ਨਾਲ ਜਲੰਧਰ ਦੇ ਸੂਬੇਦਾਰ ਨੂੰ ਗੰਢ ਲਿਆ ਭਾਰੀ ਫੌਜ ਨਾਲ ਕਰਤਾਰਪੁਰ ਤੇ ਹਮਲਾ ਕਰ ਦਿੱਤਾ। ਇਸ ਯੁੱਧ ਵਿਚ ਗੁਰੂ ਜੀ ਨੇ ਪੈਂਦੇ ਖਾਂ ਅਤੇ ਉਸ ਦੇ ਦਾਮਾਦ ਕਾਲੇ ਖਾਂ ਨੂੰ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਕੇ ਜਿੱਤ ਹਾਸਲ ਕੀਤੀ ਅਤੇ ਮੁਗਲ ਫੌਜਾਂ ਨੇ ਭੱਜ ਕੇ ਜਾਨ ਬਚਾਈ। ਧਾਰਮਿਕ ਤੌਰ ਤੇ ਖੁਲ ਦਿਲੀ ਵਾਲਾ ਦਾਰਾ ਸ਼ਿਕੋਹ 1635 ਵਿਚ ਪੰਜਾਬ ਦਾ ਗਵਰਨਰ ਬਣ ਗਿਆ ਅਤੇ ਛੇਵੇਂ ਪਾਤਸ਼ਾਹ ਨੇ ਲਗਾਤਾਰ 9 ਸਾਲ 1644 ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕੀਤਾ ਅਤੇ ਅੰਤ 49 ਸਾਲ ਦੀ ਉਮਰ ਵਿੱਚ 3 ਮਾਰਚ 1644 ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ। ਆਉ ਅੱਜ ਦੇ ਪਵਿੱਤਰ ਦਿਹਾੜੇ ਤੇ ਛੇਵੇਂ ਪਾਤਸ਼ਾਹ ਦੇ ਦੱਸੋ ਰਾਹ ਤੇ ਚਲ ਕੇ ” ਲੋਕ ਸੁਖੀਆ ਤੇ ਪਰਲੋਕ ਸੁਹੇਲਾ ” ਕਰਨ ਦਾ ਪ੍ਰਣ ਕਰੀਏ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*