ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,
ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸਮੂੰਹ ਪੱਤਰਕਾਰਾਂ ਵੱਲੋਂ ਬੀਤੇ ਕੱਲ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਪੰਜਾਬ ਸਰਕਾਰ ਦੀ ਸ਼ਹਿ ‘ਤੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਫਰਜੀ ਕੇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ,ਇਸ ਨੂੰ ਲੋਕਤੰਤਰ ‘ਤੇ ਸਿੱਧਾ ਹਮਲਾ ਆਖਿਆ ਹੈ।ਇਸ ਸਬੰਧ ਵਿੱਚ ਇੱਕ ਇਕੱਤਰਤਾ ਪ੍ਰੈੱਸ ਕਲੱਬ ਚੋਹਲਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮਨਜੀਤ ਸਿੰਘ ਸੰਧੂ ਅਤੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੀ ਇਹ ਕਾਰਵਾਈ ਅਤਿ ਨਿੰਦਨਯੋਗ ਹੈ ਜੋ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਝੀ ਸਾਜਿਸ਼ ਹੈ।ਇਕਾਈ ਚੋਹਲਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿੱਜੀ ਬਦਲੇ ਦੀ ਭਾਵਨਾ ਨਾਲ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ ਗਿਆ ਹੈ,ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਜੀਤ ਅਖਬਾਰ ਨੂੰ ਆਪਣੀ ਸੌੜੀ ਸਿਆਸਤ ਲਈ ਝੁਕਾਉਣਾ ਚਾਹੁੰਦੀ ਹੈ ਪਰ ਡਾ.ਹਮਦਰਦ ਨੇ ਸੱਚਾਈ ਲਿਖਣ ਅਤੇ ਹੱਕਾਂ ਨੂੰ ਪਹਿਲ ਦਿੰਦੇ ਹੋਏ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਸਾਹਮਣਾ ਕੀਤਾ,ਜਿਸ ਦੇ ਫਲਸਰੂਪ ਪਹਿਲਾਂ ਇਸ ਅਖਬਾਰ ਵਿੱਚ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਅਤੇ ਬਾਅਦ ਵਿੱਚ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਇਸ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ।ਪਰ ਹੁਣ ਸਰਕਾਰ ਵੱਲੋਂ ਜਿਸ ਤਰ੍ਹਾਂ ਡਾਕਟਰ ਹਮਦਰਦ ਨੂੰ ਫਰਜੀ ਕੇਸ ਵਿੱਚ ਫਸਾਉਣ ਦੀ ਕੋਝੀ ਸਾਜਿਸ਼ ਕੀਤੀ ਗਈ ਹੈ ਉਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਹਾਜ਼ਰ ਸਮੂਹ ਪੱਤਰਕਾਰਾਂ ਨੇ ਇੱਕਜੁੱਟ ਹੋ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਡਟਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਲੋਕਤੰਤਰ ਨੂੰ ਦਬਾਉਣ ਵਾਲੀ ਹਰ ਤਾਕਤ ਦਾ ਸਮੂਹ ਪੱਤਰਕਾਰ ਭਾਈਚਾਰਾ ਡੱਟ ਕੇ ਵਿਰੋਧ ਕਰੇਗਾ ਤੇ ਹਰ ਸੰਘਰਸ਼ ਲਈ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਅਜੇ ਸਿੰਘ ਹੁੰਦਲ,ਰਾਕੇਸ਼ ਨਈਅਰ ਚੋਹਲਾ ਸਾਹਿਬ,ਭਗਤ ਸਿੰਘ ਸੰਧੂ,ਪਰਮਿੰਦਰ ਸਿੰਘ, ਤੇਜਿੰਦਰ ਸਿੰਘ ਖਾਲਸਾ,ਹਰਪ੍ਰੀਤ ਸਿੰਘ ਸੰਧੂ,ਰਮਨ ਚੱਡਾ,ਬਲਜਿੰਦਰ ਸਿੰਘ ਘੜਕਾ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published.


*