ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਨਰਲ ਅਬਜਰਵਰ ਰੂਹੀ ਖਾਨ ਵੱਲੋਂ ਮੋਗਾ ਦਾ ਦੌਰਾ

ਮੋਗਾ(Manpreet singh)
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਪੈਂਦੇ ਜ਼ਿਲ੍ਹਾ ਮੋਗਾ ਵਿੱਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਜਨਰਲ ਅਬਜਰਵਰ ਲੋਕ ਸਭਾ ਹਲਕਾ 09 ਫਰੀਦਕੋਟ ਰੂਹੀ ਖਾਨ ਨੇ ਮੋਗਾ ਦਾ ਦੌਰਾ ਕੀਤਾ। ਉਨ੍ਹਾਂ ਵੱਖ ਵੱਖ ਸੈੱਲਾਂ ਦੇ  ਨੋਡਲ ਅਫ਼ਸਰਾਂ ਅਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਹਰਕੀਰਤ ਕੌਰ ਚਾਨੇ, ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਜ) ਸ਼ੁਭੀ ਆਂਗਰਾ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ  ਔਜਲਾ, ਲਾਇਜਨ ਅਫ਼ਸਰ ਅਮਨ ਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਦੀ ਮੌਜੂਦਗੀ ਵਿੱਚ ਅੱਜ ਪੋਲ ਪਰਸੋਨਲ ਦੀ ਦੂਸਰੀ ਰੈਂਡਮਾਈਜੇਸ਼ਨ ਡਾਈਸ ਸਾਫ਼ਟਵੇਟਰ ਰਾਹੀਂ ਕੀਤੀ ਗਈ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੋਲ ਵਾਲੇ ਦਿਨ ਵੋਟਰਾਂ ਅਤੇ ਪੋਲਿੰਗ ਸਟਾਫ਼ ਨੂੰ ਹਰ ਤਰ੍ਹਾਂ ਦੀ ਸਹੂਲੀਅਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਵੱਖ ਵੱਖ ਸੈੱਲਾਂ ਦੇ ਨੋਡਲ ਅਫ਼ਸਰਾਂ ਆਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਵੋਟਿੰਗ ਵਿੱਚ ਲੱਗਾ ਸਮੂਹ ਅਮਲਾ ਭਾਵੇਂ ਉਹ ਕਿਸੇ ਵੀ ਰੈਂਕ ਦਾ ਹੋਵੇ ਇੱਕ ਟੀਮ ਵਾਂਗ ਕੰਮ ਕਰਨ ਦਾ ਨਿਸ਼ਚਾ ਰੱਖਣ ਤਾਂ ਕਿ ਵੋਟਾਂ ਦੇ ਕੰਮ ਨੂੰ ਪਾਰਦਰਸ਼ੀ ਅਤੇ ਬਿਨ੍ਹਾਂ ਕਿਸੇ ਪ੍ਰੇ਼ਸ਼ਾਨੀ ਤੋਂ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਸਮੂਹ ਐਸ.ਡੀ.ਐਮ.ਜ਼ ਨੂੰ ਹਦਾਇਤ ਵੀ ਜਾਰੀ ਕੀਤੀ ਕਿ ਉਹ ਸੈਕਟਰ ਅਫ਼ਸਰਾਂ  ਨਾਲ ਇੱਕ ਵਟਸਐਪ ਗਰੁੱਪ ਰਾਹੀਂ ਲਗਾਤਾਰ ਰਾਬਤਾ ਰੱਖਣ ਤਾਂ ਕਿ ਉਹ ਆਪਣੀਆਂ ਪ੍ਰੇਸ਼ਾਨੀਆਂ ਸਿੱਧੀਆਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਣ ਅਤੇ ਪ੍ਰਸ਼ਾਸ਼ਨ ਉਨ੍ਹਾਂ ਦਾ ਤਹਿ ਸਮੇਂ ਵਿੱਚ ਹੱਲ ਕਰ ਸਕੇ। ਵੈਬਕਾਸਟਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ  ਜਾਵੇ ਅਤੇ ਹਰੇਕ ਪੋਲਿੰਗ ਬੂਥ ਉੱਪਰ ਵੋਟਰ ਹੈਲਪ ਡੈਸਕ ਜਰੂਰ ਸਥਾਪਿਤ ਕੀਤਾ ਜਾਵੇ ਤਾਂ ਕਿ ਕਿਸੇ ਵੀ ਵੋਟਰ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੂਥਾਂ ਉੱਪਰ ਮੈਡੀਕਲ ਟੀਮਾਂ ਵੀ ਲਗਾਈਆਂ ਜਾਣ ਤਾਂ ਕਿ ਕਿਸੇ ਐਮਰਜੈਂਸੀ ਸਥਿਤੀ ਉੱਪਰ ਤੁਰੰਤ ਪ੍ਰਭਾਵ ਨਾਲ ਕਾਬੂ ਪਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਫ਼ਸਰ ਆਪਣੇ ਅਧੀਨ ਆਉਂਦੇ ਸਾਰੇ ਪੋਲਿੰਗ ਬੂਥਾਂ ਨੂੰ ਚੈੱਕ ਕਰਨਾ ਯਕੀਨੀ ਬਣਾਉਣਗੇ ਤਾਂ ਕਿ ਜਿੱਥੇ ਕਿਤੇ ਮੁੱਢਲੀਆ ਸਹੂਲਤਾਂ ਨਹੀਂ ਹਨ ਉਨ੍ਹਾਂ ਬੂਥਾਂ ਉੱਪਰ ਤੁਰੰਤ ਪ੍ਰਭਾਵ ਨਾਲ ਇਹ ਮੁਹੱਈਆ ਕਰਵਾਈਆਂ ਜਾ ਸਕਣ। ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਉੱਪਰ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਬੂਥਾਂ ਉੱਪਰ ਰੈਂਪ, ਕਮਰੇ ਵਿੱਚ ਲਾਈਟ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਬਾਥਰੂਮ, ਟਾਇਲਟਸ, ਸ਼ਾਮਿਆਨੇ ਆਦਿ ਮੁਹੱਈਆ ਕਰਵਾਈਆਂ ਜਾਣ।
ਇਸ ਤੋਂ ਇਲਾਵਾ ਉਨ੍ਹਾਂ ਸ਼ੋਸਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਉੱਪਰ 24 ਘੰਟੇ ਨਜ਼ਰ ਰੱਖਣ ਲਈ ਬਣਾਈ ਗਈ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਵਿੱਚ ਵੀ ਵਿਜ਼ਟ ਕੀਤਾ ਅਤੇ ਇੱਥੋਂ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਕਮੇਟੀ ਦੇ ਕੰਮ ਤੋਂ ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਸ਼ੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਉੱਪਰ ਰਾਜਨੀਤਿਕ ਇਸ਼ਤਿਹਾਰਬਾਜ਼ੀ ਆਦਿ ਉੱਪਰ ਪੈਨੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਅਤੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਨੂੰ ਰਿਪੋਰਟ ਕਰਨ ਬਾਰੇ ਕਿਹਾ।

Leave a Reply

Your email address will not be published.


*