ਕਿਸਾਨ ਜਥੇਬੰਦੀਆਂ ਵੱਲੋਂ ਅਮਿਤਸ਼ਾਹ ਦੀ ਲੁਧਿਆਣਾ ਫੇਰੀ ਖ਼ਿਲਾਫ਼ ਵਿਸ਼ਾਲ ਧਰਨਾ 

ਚੰਡੀਗੜ੍ਹ/ਲੁਧਿਆਣਾ ( ਪੱਤਰ ਪ੍ਰੇਰਕ,)ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਭਾਜਪਾ ਆਗੂਆਂ ਦੀ ਪੰਜਾਬ ਫੇਰੀ ਦੇ ਵਿਰੋਧ ਚ ਅੱਜ ਲੁਧਿਆਣਾ ਵਿਖੇ ਪੰਹੁਚੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੁਧਿਆਣਾ ਆਮਦ ਤੇ ਕਿਸਾਨਾਂ ਨੇ ਅਪਣੇ ਰੋਹ ਦਾ ਜ਼ਬਰਦਸਤ ਵਿਖਾਵਾ ਕੀਤਾ। ਵੱਡੀ ਗਿਣਤੀ ਚ ਲੁਧਿਆਣਾ ਜਾ ਰਹੇ ਕਿਸਾਨਾਂ ਨੂੰ ਭਾਰੀ ਪੁਲਸ ਫੋਰਸ ਨੇ ਚੋਂਕੀਮਾਨ ਟੋਲ ਪਲਾਜੇ ਤੇ ਬੈਰੀਕੇਡ ਲਾ ਕੇ ਅੱਗੇ ਵੱਧਣ ਤੋਂ ਰੋਕ ਦਿੱਤਾ। ਇੱਥੇ ਚੋਕੀਮਾਨ ਟੋਲ ਪਲਾਜੇ ਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਅਮਿਤ ਸ਼ਾਹ ਵਾਪਸ ਜਾਓ ਦੇ ਜ਼ੋਰਦਾਰ ਨਾਰੇ ਗੁੰਜਾਏ।
ਇਸ ਸਮੇਂ ਅਪਣੇ ਸੰਬੋਧਨ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ  ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਬੋਲਦਿਆਂ ਕਿਹਾ ਕਿ ਦੇਸ਼ ਦੀਆਂ ਕਿਸਾਨਾਂ ਅਤੇ ਘੱਟਗਿਣਤੀਆ ਦੇ ਕਾਤਲ, ਕਾਰਪੋਰੇਟ ਦੇ ਏਜੰਟ ਮੋਦੀ ਤੇ ਅਮਿਤਸ਼ਾਹ ਦੀ ਪੰਜਾਬ ਚ ਕੋਈ ਥਾਂ ਨਹੀ ਹੈ। ਪੰਜਾਬ ਦੇ ਲੋਕ ਪਿੰਡਾਂ ਚ ਭਾਜਪਾ ਨੂੰ ਮੁੰਹ ਨਹੀ ਲਾਉਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ (1936 ) ਦੇ ਵਰਕਰਾਂ ਨੇ ਤਪਦੀ ਗਰਮੀਂ ‘ਚ ਲਗਾਤਾਰ ਚਾਰ ਘੰਟੇ ਧਰਨਾਕਾਰੀਆ ਨੇ ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ  ਦੇ ਨਾਰੇ ਗੁੰਜਾਏ। ਬੁਲਾਰਿਆਂ ਨੇ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਤੇ ਬੋਲਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਚ ਭਾਜਪਾ ਸਮੇਤ ਕਿਸੇ ਵੀ ਸਿਆਸੀ ਪਾਰਟੀ ਦੇ ਮੈਨੀਫੈਸਟੋ ‘ਚ ਗਰੀਬੀ, ਬੇਰੁਜਗਾਰੀ ਦਾ ਕੋਈ ਹੱਲ ਨਹੀ ਦਿੱਤਾ ਗਿਆ, ਕਿਓਂਕਿ ਸਾਰੀਆਂ ਵੋਟ ਪਾਰਟੀਆਂ ਕਾਰਪੋਰੇਟ ਦਾ ਜਕੜਪੰਜਾ ਖਤਮ ਕਰਨ ਦੇ ਹੱਕ ‘ਚ ਨਹੀ ਹਨ। ਮੋਦੀ ਤੇ ਅਮਿਤਸ਼ਾਹ ਦੇਸ਼ ‘ਚ ਇੱਕ ਧਰਮ ਦਾ ਰਾਜ ਬਨਾਉੱਣਾ ਚਾਹੁੰਦੇ ਹਨ। ਦੇਸ਼ ਨੂੰ ਫਾਸ਼ੀਵਾਦੀ ਲੀਹਾਂ ਤੇ ਚਲਾਉਣ ਲਈ ਇੱਕ ਦੇਸ਼, ਇੱਕ ਬੋਲੀ, ਇੱਕ ਪੁਲਸ, ਇੱਕ ਪੜਾਈ, ਇੱਕ ਕਨੂੰਨ ਲਾਗੂ ਕਰਕੇ ਵੱਖ-ਵੱਖ ਕੌਮਾਂ,  ਧਰਮਾਂ ਦੀਆਂ ਮਾਨਤਾਵਾਂ, ਮਰਦਿਆਵਾਂ ਨੂੰ ਪੈਰਾਂ ਹੇਠ ਰੋਲਣਾ ਚਾਹੁੰਦਾ ਹੈ। ਇਸ ਸਮੇਂ ਵਿਸ਼ਾਲ ਇੱਕਤਰਤਾ ਨੇ ਦੋਹੇ ਹੱਥ ਖੜੇ ਕਰਕੇ ਅੱਜ ਸਵੇਰੇ ਕਿਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਕੇਂਦਰੀ ਏਜੰਸੀ ਆਈ ਬੀ ਵੱਲੋਂ ਛਾਪਾ ਮਾਰ ਕੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੀ ਸਖ਼ਤ ਨਿੰਦਾ ਦਾ ਮਤਾ ਪਾਸ ਕੀਤਾ। ਇੱਕ ਹੋਰ ਮਤੇ ਰਾਹੀਂ ਲੁਧਿਆਣਾ ਜਿਲੇ ਚ ਪੰਜ ਥਾਵਾਂ ਤੇ ਲੱਗ ਰਹੀਆਂ ਗੈਸ ਫ਼ੈਕਟਰੀਆਂ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਮੰਗ ਕਰਦਿਆਂ ਚੱਲ ਰਹੇ ਮੋਰਚਿਆਂ ਦੀ ਡੱਟਵੀ ਹਿਮਾਇਤ ਦਾ ਐਲਾਨ ਵੀ ਕੀਤਾ।
ਇਸ ਸਮੇਂ ਬੁਲਾਰਿਆਂ ‘ਚ ਜਗਤਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਕੰਵਲਜੀਤ ਖੰਨਾ, ਤਰਲੋਚਨ ਸਿੰਘ ਝੋਰੜਾਂ, ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਜੋਗਿੰਦਰ ਸਿੰਘ ਮਲਸੀਹਾਂ, ਜਗਸੀਰ ਸਿੰਘ ਗਿੱਲ, ਰਣਬੀਰ ਸਿੰਘ ਰਾਜੇਵਾਲ, ਡਾ. ਰਜਿੰਦਰਪਾਲ ਸਿੰਘ ਬਰਾੜ , ਹਰਨੇਕ ਸਿੰਘ ਗੁੱਜਰਵਾਲ, ਰਘਬੀਰ ਸਿੰਘ ਬੈਨੀਪਾਲ, ਅਵਤਾਰ ਸਿੰਘ ਰਸੂਲਪੁਰ, ਸੁਰਜੀਤ ਦੋਧਰ, ਗੁਰਤੇਜ ਸਿੰਘ ਤੇਜ ਨੇ ਆਪਣੇ ਵਿਚਾਰ ਪਰਗਟ ਕੀਤੇ।

Leave a Reply

Your email address will not be published.


*