ਇੰਟੈਲੀਜੈਂਸ ਬਿਊਰੋ (ਆਈ ਬੀ) ਦੀ ਟੀਮ ਵੱਲੋਂ ਕੇਕੇਯੂ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਘਰ ਛਾਪੇਮਾਰੀ ਦੀ ਸਖ਼ਤ ਨਿਖੇਧੀ

ਚੰਡੀਗੜ੍ਹ, ( ਪੱਤਰ ਪ੍ਰੇਰਕ,)ਅੱਜ ਤੜਕਸਾਰ ਇੰਟੈਲੀਜੈਂਸ ਬਿਊਰੋ ਦੀ ਇੱਕ ਵੱਡੀ ਟੀਮ ਜੋ ਕਿ ਦੋ ਵਹੀਕਲਾਂ ਤੇ ਸਵਾਰ ਸੀ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੂੰ ਗ੍ਰਿਫਤਾਰ ਕਰਨ ਲਈ ਛਾਪਾ ਮਾਰਿਆ।ਇਸ ਮੌਕੇ ਕੇਂਦਰੀ ਏਜੰਸੀ ਨਾਲ ਪੰਜਾਬ ਪੁਲਿਸ ਨਦਾਰਦ ਸੀ। ਆਈ ਬੀ ਦੀ ਟੀਮ ਨੇ ਨਿਰਭੈ ਸਿੰਘ ਢੁੱਡੀਕੇ ਦੇ ਘਰ ਲੱਗੇ ਸੀਸੀਟੀਵੀ ਕੈਮਰੇ, ਉਨ੍ਹਾਂ ਦਾ ਮੋਬਾਇਲ ਫੋਨ ਖੰਗਾਲਣ ਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਨੂੰ ਖੱਜਲ-ਖੁਆਰ ਕੀਤਾ।
ਵਰਣਨਯੋਗ ਹੈ ਕਿ ਨਿਰਭੈ ਸਿੰਘ ਢੁੱਡੀਕੇ ਭਾਜਪਾ ਆਗੂਆਂ ਦੀ ਆਮਦ ਮੌਕੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਜਾ ਰਹੇ ਸ਼ਾਂਤਮਈ ਵਿਰੋਧ ਕਾਰਨ ਘਰ ਨਹੀ ਸਨ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਵੱਡੇ ਆਗੂਆਂ ਦੇ ਪੰਜਾਬ ਦੌਰਿਆਂ ਦਾ ਕਾਲੇ ਝੰਡਿਆਂ ਨਾਲ ਸ਼ਾਂਤਮਈ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਅੱਜ ਲੁਧਿਆਣਾ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਮੌਕੇ ਆਈ ਬੀ ਦੀ ਟੀਮ ਵੱਲੋਂ ਕਿਸਾਨ ਆਗੂ ਦੇ ਘਰ ਮਾਰੇ ਛਾਪੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਦੀ ਤਾਨਾਸ਼ਾਹ ਅਤੇ ਭੱਗਵੀ ਵਿਚਾਰਧਾਰਾ ਨੂੰ ਪ੍ਰਣਾਏ ਵੱਡੇ ਆਗੂਆਂ ਨੂੰ ਕਿਸਾਨਾਂ ਮਜ਼ਦੂਰਾਂ ਵਲੋਂ ਉਠਾਈ ਜਾ ਰਹੀ ਹੱਕੀ ਆਵਾਜ਼ ਬਿਲਕੁਲ ਬਰਦਾਸ਼ਤ ਨਹੀਂ ਹੈ। ਉਹ ਇਸ ਨੂੰ ਕਿਸੇ ਵੀ ਕੀਮਤ ਤੇ ਦਰੜ ਦੇਣ ਦੇ ਇਰਾਦੇ ਬਣਾਈ ਬੈਠੇ ਹਨ। ਇਨ੍ਹਾਂ ਇਰਾਦਿਆਂ ਦੌਰਾਨ ਸੰਵਿਧਾਨਕ ਫੈਡਰਲ ਅਧਿਕਾਰਾਂ ਨੂੰ ਵੀ ਪੈਰਾਂ ਹੇਠ ਮਿੱਧਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਅਮਨ ਅਤੇ ਕਾਨੂੰਨ ਦਾ ਮਾਮਲਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਹੈ ਪਰ ਕੇਂਦਰੀ ਏਜੰਸੀਆਂ ਦੀ ਪੰਜਾਬ ਵਿੱਚ ਸ਼ਰੇਆਮ ਹੋ ਰਹੀ ਦੁਰਵਰਤੋਂ ਦੇ ਮਾਮਲੇ ਤੇ ਪੰਜਾਬ ਸਰਕਾਰ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਸਾਹਮਣੇ ਗੋਡੇ ਟੇਕ ਦਿੱਤੇ ਗਏ ਹਨ। ਇਸੇ ਕਾਰਨ ਪੰਜਾਬ ਸਰਕਾਰ ਵੀ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਫੜੋਫੜੀ ਲਈ ਪੱਬਾਂ ਭਾਰ ਹੋਈ ਪਈ ਹੈ।

Leave a Reply

Your email address will not be published.


*